ਪੰਜਾਬ ਸਰਕਾਰ ਵਲੋਂ ਆਟਾ-ਦਾਲ ਯੋਜਨਾ ਲਈ 180 ਕਰੋੜ ਰੁਪਏ ਜਾਰੀ


ਚੰਡੀਗੜ੍ਹ, 5 ਜੁਲਾਈ (ਏਜੰਸੀ) : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿਚ ਨੀਲੇ ਕਾਰਡ ਧਾਰਕਾਂ (ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ) ਬਾਰੇ ਤਾਜ਼ਾ ਸਰਵੇ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਇਸ ਸਕੀਮ ਤਹਿਤ ਮਿਲਣ ਵਾਲੇ ਲਾਭ ਤੋਂ ਵਾਂਝੇ ਸਾਰੇ ਪਰਿਵਾਰਾਂ ਨੂੰ ਇਸ ਯੋਜਨਾ ਤਹਿਤ ਲਿਆਂਦਾ ਜਾ ਸਕੇ। ਸਮਾਜਿਕ ਭਲਾਈ ਸਬੰਧੀ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦੇ ਨਿਰੀਖਣ ਸਬੰਧੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਹਨਾਂ ਨੂੰ ਇਹ ਰਿਪੋਰਟਾਂ ਮਿਲੀਆਂ ਹਨ ਕਿ ਪੁਰਾਣੇ ਸਰਵੇ ਤਹਿਤ ਕਈ ਯੋਗ ਪਰਿਵਾਰ ਰਹਿ ਗਏ ਸਨ, ਜੋ ਕਿ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਹਨ।

ਉਨ੍ਹਾਂ ਨੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਭਰ ਵਿਚ ਨਵਾਂ ਸਰਵੇ ਕਰਨ ਲਈ ਨਿਰਦੇਸ਼ ਜਾਰੀ ਕਰਨ ਤਾਂ ਜੋ ਸਾਰੇ ਯੋਗ ਗਰੀਬ ਪਰਿਵਾਰਾਂ ਨੂੰ ਇਸ ਸਕੀਮ ਤਹਿਤ ਬਣਦੇ ਲਾਭ ਮਿਲ ਸਕਣ। ਉਨ੍ਹਾਂ ਕਿਹਾ ਕਿ ਸਾਰੇ ਸੂਬੇ ਵਿਚ ਇਹ ਸਰਵੇ ਘਰ-ਘਰ ਜਾ ਕੇ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਪਰਿਵਾਰ ਇਸ ਸਕੀਮ ਦੇ ਲਾਭਾਂ ਤੋਂ ਵਿਰਵਾ ਨਾ ਰਹੇ।

ਆਟਾ-ਦਾਲ ਯੋਜਨਾ ਲਈ 180 ਕਰੋੜ ਰੁਪਏ ਜਾਰੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦੇਸ਼ ਭਰ ਵਿਚ ਸਿਰਫ ਇਹੋ ਅਜਿਹੀ ਸਕੀਮ ਹੈ ਜਿਸ ਤਹਿਤ 16 ਲੱਖ ਤੋਂ ਵੱਧ ਪਰਿਵਾਰਾਂ ਨੂੰ 35 ਕਿਲੋ ਕਣਕ ਅਤੇ 4 ਕਿਲੋ ਦਾਲ ਪ੍ਰਤੀ ਮਹੀਨਾ ਬਹੁਤ ਹੀ ਸਸਤੇ ਭਾਅ ‘ਤੇ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹੁਕਮ ਦਿੱਤਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਹਰ ਲਾਭ ਪਾਤਰੀ ਪਰਿਵਾਰ ਨੂੰ ਮਹੀਨੇ ਦੀ 7ਵੀਂ ਤਰੀਕ ਤੱਕ ਰਾਸ਼ਨ ਮੁਹੱਈਆ ਕਰਵਾ ਦਿੱਤਾ ਜਾਵੇ। ਮੀਟਿੰਗ ਦੌਰਾਨ ਮੁੱਖ ਤੌਰ ‘ਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗਗਨਦੀਪ ਸਿੰਘ ਬਰਾੜ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਸ਼੍ਰੀ ਡੀ.ਐਸ. ਗਰੇਵਾਲ, ਸ਼੍ਰੀ ਮਨਵੇਸ਼ ਸਿੰਘ ਸਿੱਧੂ ਅਤੇ ਸ਼੍ਰੀ ਅਜੈ ਮਹਾਜਨ, ਦੋਵੇਂ ਵਿਸ਼ੇਸ਼ ਪ੍ਰਮੁੱਖ ਸਕੱਤਰ/ਉਪ ਮੁੱਖ ਮੰਤਰੀ ਹਾਜ਼ਰ ਸਨ।


Like it? Share with your friends!

0

ਪੰਜਾਬ ਸਰਕਾਰ ਵਲੋਂ ਆਟਾ-ਦਾਲ ਯੋਜਨਾ ਲਈ 180 ਕਰੋੜ ਰੁਪਏ ਜਾਰੀ