ਦੋ ਦਰਜਨ ਕੰਪਨੀਆਂ ਵੱਲੋਂ ਭਾਰਤ ਲਈ ਲੌਬੀਇੰਗ ਜਾਰੀ


ਵਾਸ਼ਿੰਗਟਨ, 29 ਜੁਲਾਈ (ਏਜੰਸੀ) : ਘੱਟੋ-ਘੱਟ ਦੋ ਦਰਜਨ ਅਮਰੀਕੀ ਕੰਪਨੀਆਂ ਤੇ ਸਨਅਤੀ ਗਰੁੱਪ ਭਾਰਤ ’ਚ ਆਪਣੇ ਕਾਰੋਬਾਰੀ ਹਿੱਤਾਂ ਤੇ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਕਾਰੋਬਾਰੀ ਮੁੱਦਿਆਂ ਨੂੰ ਲੈ ਕੇ ਅਮਰੀਕੀ ਕਾਂਗਰਸ ਮੈਂਬਰਾਂ ’ਚ ਜ਼ੋਰਦਾਰ ਢੰਗ ਨਾਲ ਲੌਬੀਇੰਗ ਕਰ ਰਹੀਆਂ ਹਨ, ਹਾਲਾਂਕਿ ਰਿਟੇਲ ਕੰਪਨੀ ਵਾਲਮਾਰਟ ਨੇ ਅਜਿਹੀਆਂ ਸਰਗਰਮੀਆਂ ਬੰਦ ਕਰ ਦਿੱਤੀਆਂ ਹਨ। ਅਮਰੀਕੀ ਸੈਨੇਟ ਤੇ ਪ੍ਰਤੀਨਿਧ ਸਦਨ ਕੋਲ ਲੌਬੀਇੰਗ ਬਾਰੇ ਸੱਜਰੇ ਖੁਲਾਸਿਆਂ ਦੀਆਂ ਰਿਪੋਰਟਾਂ ਅਨੁਸਾਰ ਫਾਈਜ਼ਰ, ਬੋਇੰਗ, ਆਈਬੀਐਮ, ਡੌ ਕੈਮੀਕਲਜ਼, ਯਮ ਬਰਾਂਡਜ਼ ਤੇ ਕੋਲਗੇਟ ਪਾਮੋਲਿਵ ਉਨ੍ਹਾਂ ਪ੍ਰਮੁੱਖ ਕੰਪਨੀਆਂ ’ਚ ਸ਼ਾਮਲ ਹਨ, ਜੋ ਭਾਰਤ ਨਾਲ ਸਬੰਧਤ ਮੁੱਦਿਆਂ ’ਤੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਨਾਲ ਲੌਬੀਇੰਗ ਕਰ ਰਹੀਆਂ ਹਨ।

ਇਸ ਤੋਂ ਇਲਾਵਾ ਬਿਜ਼ਨਸ ਚੈਂਬਰਜ਼ ਤੇ ਸਨਅਤੀ ਬਾਡੀਆਂ, ਜੋ ਫਾਰਮਾ, ਟੈਲੀਕਾਮ, ਇਨਫਰਮੇਸ਼ਨ ਟੈਕਨਾਲੋਜੀ ਤੇ ਡੇਅਰੀ ਜਿਹੇ ਸੈਕਟਰਾਂ ਵਿਚ ਅਮਰੀਕੀ ਕੰਪਨੀਆਂ ਦੀ ਪ੍ਰਤੀਨਿਧਤਾ ਕਰਦੀਆਂ ਹਨ, ਉਨ੍ਹਾਂ ਨੇ ਵੀ ਭਾਰਤ ਨਾਲ ਸਬੰਧਤ ਮੁੱਦਿਆਂ ’ਤੇ ਲੌਬੀਇੰਗ ਕਰਨ ਦੇ ਖੁਲਾਸੇ ਕੀਤੇ ਹਨ। ਇਹ ਮੁੱਦੇ ਬੌਧਿਕ ਸੰਪਤੀ, ਪੇਟੈਂਟ, ਮੰਡੀ ਤਕ ਪਹੁੰਚ, ਵਪਾਰ ਤੇ ਨਿਵੇਸ਼ ਜਿਹੇ ਖੇਤਰਾਂ ’ਚ ਹਨ, ਜੋ ਉਨ੍ਹਾਂ ਦੇ ਵਿਅਕਤੀਗਤ ਕਾਰੋਬਾਰਾਂ ’ਤੇ ਅਸਰ ਪਾਉਂਦੇ ਹਨ। ਇਸ ਤੋਂ ਇਲਾਵਾ ਭਾਰਤ-ਅਮਰੀਕਾ ਵਿਚਾਲੇ ਦੁਵੱਲੀਆਂ ਸੰਧੀਆਂ ਤੇ ਵਪਾਰਕ ਮੁੱਦੇ ਵੀ ਇਨ੍ਹਾਂ ’ਚ ਸ਼ਾਮਲ ਹਨ। ਵਾਲਮਾਰਟ ਨੇ ਹਾਲ ਹੀ ’ਚ ਅਚਾਨਕ ਲੌਬੀਇੰਗ ਬੰਦ ਕਰ ਦਿੱਤੀ ਸੀ।

ਭਾਰਤ ਸਰਕਾਰ ਨੇ ਵਾਲਮਾਰਟ ਦੇ ਭਾਰਤ ’ਚ ਦਾਖਲੇ ਲਈ ਇਸ ਵੱਲੋਂ ਅਮਰੀਕਾ ’ਚ ਕੀਤੀ ਗਈ ਲੌਬੀਇੰਗ ਦੀ ਜਾਂਚ ਦੇ ਵੀ ਹੁਕਮ ਦਿੱਤੇ ਸਨ ਤੇ ਇਹ ਜਾਂਚ ਰਿਪੋਰਟ ਅਗਲੇ ਮਹੀਨੇ ਸੰਸਦ ’ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਅਮਰੀਕਾ ’ਚ ਲੌਬੀਇੰਗ ਕਾਨੂੰਨੀ ਹੈ ਪਰ ਕੰਪਨੀਆਂ ਤੇ ਉਨ੍ਹਾਂ ਦੇ ਰਜਿਸਟਰਡ ਲਾਬੀਕਾਰਾਂ ਨੂੰ ਅਜਿਹੀਆਂ ਸਰਗਰਮੀਆਂ ਦਾ ਹਰੇਕ ਤਿਮਾਹੀ ਦੇ ਖਾਤਮੇ ਮਗਰੋਂ ਮਹੀਨੇ ਦੇ ਅੰਦਰ ਬਿਉਰਾ ਦੇਣਾ ਹੁੰਦਾ ਹੈ।


Like it? Share with your friends!

0

ਦੋ ਦਰਜਨ ਕੰਪਨੀਆਂ ਵੱਲੋਂ ਭਾਰਤ ਲਈ ਲੌਬੀਇੰਗ ਜਾਰੀ