ਟਕਰਾਅ ਟਾਲ਼ਣ ਲਈ ਭਾਰਤ ਤੇ ਚੀਨ ਲੱਭ ਰਹੇ ਨੇ ਢੰਗ-ਤਰੀਕੇ : ਐਂਟਨੀ


ਨਵੀਂ ਦਿੱਲੀ, 27 ਜੁਲਾਈ (ਏਜੰਸੀ) : ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਕਿਹਾ ਹੈ ਕਿ ਭਾਰਤ ਤੇ ਚੀਨ ਕੋਈ ਅਜਿਹਾ ਪ੍ਰਭਾਵਸ਼ਾਲੀ ਢੰਗ-ਤਰੀਕਾ ਤਿਆਰ ਕਰਨ ਦੇ ਯਤਨ ’ਚ ਹਨ, ਜਿਸ ਨਾਲ ਅਸਲ ਕੰਟਰੋਲ ਰੇਖਾ ਦੇ ਵਿਵਾਦਗ੍ਰਸਤ ਟਿਕਾਣਿਆਂ ’ਤੇ ਦੋਵੇਂ ਮੁਲਕਾਂ ਦੀਆਂ ਫ਼ੌਜਾਂ ’ਚ ਵਾਰ-ਵਾਰ ਟਕਰਾਅ ਪੈਦਾ ਨਾ ਹੋਵੇ ਤੇ ਦੋਵੇਂ ਮੁਲਕ ਇਸ ਨਿੱਤ ਦੀ ਨਮੋਸ਼ੀ ਤੋਂ ਬਚ ਸਕਣ। ਦੌਲਤ ਬੇਗ ਓਲਡੀ ਇਲਾਕੇ ਦੀ ਦੇਪਸਾਂਗ ਵਾਦੀ ’ਚ ਦੋਵੇਂ ਧਿਰਾਂ ਵਿਚਾਲੇ 21 ਦਿਨ ਲੰਮੀ ਖੜ੍ਹੋਤ ਨੂੰ ‘ਗ਼ੈਰਮਾਮੂਲੀ ਘਟਨਾ’ ਕਰਾਰ ਦਿੰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਦੋਵੇਂ ਮੁਲਕ ਜਲਦੀ ਹੀ ਅਜਿਹੇ ਮੁੱਦਿਆਂ ’ਤੇ ਗੱਲਬਾਤ ਲਈ ਪੇਇਚਿੰਗ ’ਚ ਮਿਲਣਗੇ ਤੇ ਅਜਿਹੀਆਂ ਬੇਸੁਆਦੀ ਪੈਦਾ ਕਰਨ ਵਾਲੀਆਂ ਘਟਨਾਵਾਂ ਦੇ ਹੱਲ ਲੱਭਣ ਲਈ ਯਤਨ ਕਰਨਗੇ।

ਕਾਰਗਿਲ ਵਿਜੇ ਦਿਵਸ ਦੀ 14ਵੀਂ ਵਰ੍ਹੇਗੰਢ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਸਰਹੱਦੀ ਵਿਵਾਦ ਦੇ ਅੰਤਿਮ ਨਿਬੇੜੇ ਤੱਕ ਦੋਵੇਂ ਮੁਲਕ ਅਜਿਹੀਆਂ ਮੌਕੇ-ਬੇਮੌਕੇ ਹੁੰਦੀਆਂ ਘਟਨਾਵਾਂ ਨੂੰ ਟਾਲ਼ਣ ਲਈ ਕੋਈ ਪ੍ਰਭਾਵਸ਼ਾਲੀ ਢੰਗ-ਤਰੀਕਾ ਲੱਭਣ ਦਾ ਯਤਨ ਕਰ ਰਹੇ ਹਨ। ਅਸਲ ਕੰਟਰੋਲ ਰੇਖਾ ਦੇ ਨਾਲ ਬਹੁਤ ਸਾਰੇ ਸਥਾਨ ਅਜਿਹੇ ਹਨ, ਜੋ ਵਿਵਾਦਗ੍ਰਸਤ ਹਨ ਤੇ ਦੋਵੇਂ ਧਿਰਾਂ ਦੀ ਫ਼ੌਜ ਇਨ੍ਹਾਂ ਥਾਵਾਂ ’ਤੇ ਗਸ਼ਤ ਕਰਦੀ ਹੈ। ਇਸ ਕਰਕੇ ਕਈ ਵਾਰ ਦੋਵੇਂ ਧਿਰਾਂ ’ਚ ਟਕਰਾਅ ਹੋ ਜਾਂਦਾ ਹੈ। ਮੰਤਰੀ ਨੂੰ ਪੁੱਛਿਆ ਗਿਆ ਸੀ ਕਿ ਲੱਦਾਖ ਤੇ ਉੱਤਰ-ਪੂਰਬੀ ਸੈਕਟਰਾਂ ’ਚ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤੀ ਖਿੱਤੇ ’ਚ ਚੀਨ ਦੀ ਫ਼ੌਜ ਦੀ ਦਖ਼ਲਅੰਦਾਜ਼ੀ ਨਿਰੰਤਰ ਵਧ ਰਹੀ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ ਸਰਹੱਦ ’ਤੇ ਕਈ ਵਿਵਾਦਗ੍ਰਸਤ ਖੇਤਰ ਹਨ, ਜਿੱਥੇ ਦੋਵਾਂ ਮੁਲਕਾਂ ਦੀ ਫ਼ੌਜ ਗਸ਼ਤ ਕਰਦੀ ਹੈ ਤੇ ਇਸ ਦੌਰਾਨ ਕਈ ਵਾਰ ਨਮੋਸ਼ੀ ਭਰੀ ਸਥਿਤੀ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਪਰੈਲ ’ਚ ਦੇਪਸਾਂਗ ਵਾਦੀ ਦੀ ਘਟਨਾ ਮਗਰੋਂ ਭਾਰਤ ਤੇ ਚੀਨ ਵਿਚਾਲੇ ਖੁੱਲ੍ਹ ਕੇ ਗੱਲਬਾਤ ਹੋਈ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਟਾਲ਼ਣ ਲਈ ਕੋਈ ਢੰਗ-ਤਰੀਕਾ ਲੱਭਿਆ ਜਾ ਰਿਹਾ ਹੈ। ਇਸ ਦਿਸ਼ਾ ’ਚ ਦੋਵੇਂ ਧਿਰਾਂ ਕੰਮ ਕਰ ਰਹੀਆਂ ਹਨ।


Like it? Share with your friends!

0

ਟਕਰਾਅ ਟਾਲ਼ਣ ਲਈ ਭਾਰਤ ਤੇ ਚੀਨ ਲੱਭ ਰਹੇ ਨੇ ਢੰਗ-ਤਰੀਕੇ : ਐਂਟਨੀ