ਚੰਡੀਗੜ੍ਹ ਪੰਜਾਬ ਦਾ ਹੈ ਤੇ ਰਹੇਗਾ : ਸੁਖਬੀਰ ਬਾਦਲ

ਚੰਡੀਗੜ੍ਹ, 24 ਜੁਲਾਈ (ਏਜੰਸੀ) : ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਚੰਡੀਗੜ੍ਹ ਉਪਰ ਜਤਾਏ ਦਾਅਵੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਸੀ, ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੇਗਾ। ਇੱਥੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘‘ਚੰਡੀਗੜ੍ਹ ਪੰਜਾਬ ਦਾ ਹੈ ਤੇ ਕਿਸੇ ਹੋਰ ਨੂੰ ਇਸ ’ਤੇ ਦਾਅਵਾ ਜਤਾਉਣ ਦਾ ਹੱਕ ਨਹੀਂ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਕਦੇ ਕਿਸੇ ਵੱਡੇ ਰਾਜ ਵਿੱਚੋਂ ਕੋਈ ਨਵਾਂ ਸੂਬਾ ਬਣਿਆ ਹੈ ਤਾਂ ਰਾਜਧਾਨੀ ਹਮੇਸ਼ਾ ਮੂਲ ਰਾਜ ਕੋਲ ਰਹੀ। ਨਵੇਂ ਰਾਜ ਨੇ ਆਪਣੇ ਲਈ ਨਵੀਂ ਬਣਾਈ ਹੈ।’’

ਸ੍ਰੀ ਹੁੱਡਾ ਨੇ ਪੰਜਾਬ ਵੱਲੋਂ ‘ਨਵਾਂ ਚੰਡੀਗੜ੍ਹ’ ਵਸਾਉਣ ਬਾਰੇ ਟਿੱਪਣੀ ਕੀਤੀ ਸੀ ਤੇ ਉਸ ਦੇ ਜੁਆਬ ਵਿਚ ਸ੍ਰੀ ਬਾਦਲ ਨੇ ਅੱਜ ਕਿਹਾ, ‘‘ਚੰਡੀਗੜ੍ਹ ਪੰਜਾਬ ਦਾ ਹੈ ਤੇ ਕਿਸੇ ਹੋਰ ਨੂੰ ਇਸ ਬਾਰੇ ਫਿਕਰ ਕਰਨ ਦੀ ਲੋੜ ਨਹੀਂ। ਇਸ ਦੀ ਸੁੰਦਰਤਾ, ਮੌਲਿਕਤਾ ਤੇ ਵਿਰਾਸਤੀ ਦਿੱਖ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ। ਇਸ ਲਈ ਮੁੱਲਾਂਪੁਰ ਵਿਚ ਨਵਾਂ ਚੰਡੀਗੜ੍ਹ ਵਸਾਉਣ ’ਤੇ ਕੋਈ ਉਂਗਲ ਕਿਉਂ ਉਠਾਏ? ਅਸੀਂ ਆਪਣੇ ਰਾਜ ਵਿਚਲੇ ਕਈ ਵੱਡੇ ਸ਼ਹਿਰਾਂ ਦੇ ਨਾਲ ਅਜਿਹੇ ਪ੍ਰਾਜੈਕਟ ਚਲਾਉਣ ਬਾਰੇ ਯੋਜਨਾ ਬਣਾ ਰਹੇ ਹਾਂ।’’

ਉਨ੍ਹਾਂ ਕਿਹਾ ਕਿ ਰਾਜੀਵ-ਲੌਂਗੋਵਾਲ ਸਮਝੌਤੇ ਅਨੁਸਾਰ ਚੰਡੀਗੜ੍ਹ ਪੰਜਾਬ ਦਾ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਚੰਡੀਗੜ੍ਹ ਵਿਚ ਉਸ ਦੀ ਸਮਰੱਥਾ ਤੋਂ ਕਿਤੇ ਵੱਧ ਅਬਾਦੀ ਹੈ। ਇਸ ਕਾਰਨ ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਨਾਂਹ ਹੋਈ ਪਈ ਹੈ। ਇਸ ਕਾਰਨ ਉਸ ਦੀ ਵਿਰਾਸਤੀ ਦਿਖ ਖਤਮ ਨਾ ਹੋ ਜਾਵੇ, ਜਿਸ ਲਈ ਨਵੇਂ ਚੰਡੀਗੜ੍ਹ ਦੀ ਲੋੜ ਹੈ। ਚੰਡੀਗੜ੍ਹ ਪੰਜਾਬ ਦਾ ਹੈ ਤੇ ਇਸ ਦੇ ਭਲੇ ਬਾਰੇ ਜਿੰਨਾ ਸੱਚਾ ਤੇ ਸੁੱਚਾ ਪੰਜਾਬ ਸੋਚ ਸਕਦਾ ਹੈ, ਹੋਰ ਕੋਈ ਨਹੀਂ। ਨਵਾਂ ਚੰਡੀਗੜ੍ਹ ਪੂਰੇ ਯੋਜਨਾਬੱਧ ਢੰਗ ਨਾਲ ਵਸਾਇਆ ਜਾਵੇਗਾ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਜ਼ੀਰਕਪੁਰ ਤੇ ਨਵਾ ਗਾਓਂ ਦਾ ਹਾਲ ਦੇਖ ਲਵੋ।

ਨਵੇਂ ਚੰਡੀਗੜ੍ਹ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਦੇ ਸਟੈਂਡ ਵਿਚ ਆਈ ਤਬਦੀਲੀ ਬਾਰੇ ਉਨ੍ਹਾਂ ਕਿਹਾ, ਇਹ ਸਮੇਂ ਦੀ ਮੰਗ ਹੈ। ਸਮਾਂ ਸਭ ਤੋਂ ਬਲਵਾਨ ਹੁੰਦਾ ਹੈ। ਸਾਡੀ ਪਾਰਟੀ ਨੇ ਨਵੇਂ ਚੰਡੀਗੜ੍ਹ ਦਾ ਵਿਰੋਧ 1995 ਵਿਚ ਕੀਤਾ ਸੀ, ਕਿਉਂਕਿ ਉਦੋਂ ਚੰਡੀਗੜ੍ਹ ਦੀ ਅਬਾਦੀ ਵੀ ਘੱਟ ਸੀ ਤੇ ਬੁਨਿਆਦੀ ਢਾਂਚੇ ’ਤੇ ਅਬਾਦੀ ਭਾਰ ਨਹੀਂ ਸੀ। ਹੁਣ ਹਾਲਾਤ ਬਦਲ ਗਏ ਹਨ। ਸਮਾਂ ਨਵੇਂ ਚੰਡੀਗ਼ੜ੍ਹ ਦੀ ਮੰਗ ਕਰ ਰਿਹਾ ਹੈ।