ਘੱਗਰ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬਾਦਲ ਵੱਲੋਂ ਹਰਿਆਣਾ ਤੇ ਹਿਮਾਚਲ ਦੇ ਸਹਿਯੋਗ ਦੀ ਮੰਗ


ਚੰਡੀਗੜ੍ਹ, 1 ਜੁਲਾਈ (ਏਜੰਸੀ) : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਵੀਰਭੱਦਰ ਸਿੰਘ ਪਾਸੋਂ ਉਨ੍ਹਾਂ ਦੇ ਨਿੱਜੀ ਦਖ਼ਲ ਤੇ ਸਹਿਯੋਗ ਦੀ ਮੰਗ ਕਰਦਿਆਂ ਆਖਿਆ ਕਿ ਸੇਮ ਨਾਲਿਆਂ ਵਿੱਚ ਪੈਂਦੇ ਉਦਯੋਗਾਂ ਅਤੇ ਸ਼ਹਿਰਾਂ ਦੇ ਦੂਸ਼ਿਤ ਪਾਣੀ ਦਾ ਵਹਿਣ ਰੋਕਣ ਲਈ ਫੌਰੀ ਤੌਰ ‘ਤੇ ਢੁਕਵੇਂ ਕਦਮ ਚੁੱਕੇ ਜਾਣ ਕਿਉਂ ਜੋ ਇਹ ਪਾਣੀ ਆਖ਼ਰ ਵਿੱਚ ਪੰਜਾਬ ਵਿੱਚ ਵਗਦੇ ਘੱਗਰ ਦਰਿਆ ‘ਚ ਮਿਲ ਜਾਂਦਾ ਹੈ। ਅੱਜ ਸਵੇਰੇ ਇੱਥੇ ਮੁੱਖ ਮੰਤਰੀ ਰਿਹਾਇਸ਼ ‘ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ) ਦੇ ਉੱਚ ਅਧਿਕਾਰੀਆਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਇਸ ਅੰਤਰਰਾਜੀ ਵਾਤਾਵਰਣ ਨਾਲ ਜੁੜੇ ਮਾਮਲੇ ਨੂੰ ਵਿਸ਼ਾਲ ਨਜ਼ਰੀਏ ਤੋਂ ਹੱਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਮੀਟਿੰਗ ਦੌਰਾਨ ਸ. ਬਾਦਲ ਨੇ ਜਾਣੂ ਕਰਵਾਇਆ ਕਿ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਘੱਗਰ ਦੇ ਨਾਲ ਲਗਦੇ ਖੇਤਰ ਦਾ ਸਰਵੇ ਕੀਤਾ ਹੈ। ਘੱਗਰ ਦਰਿਆ ਹਰਿਆਣਾ ਦੇ ਜ਼ਿਲ੍ਹਾ ਪੰਚਕੁਲਾ ‘ਚ ਪੈਂਦੇ ਗੁਰਦੁਆਰਾ ਸ਼੍ਰੀ ਨਾਢਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਮੁਬਾਰਕਬਾਦ ਦੇ ਨੇੜਿਓ ਪੰਜਾਬ ਦੀ ਹੱਦ ‘ਚ ਸ਼ਾਮਲ ਹੋ ਜਾਂਦਾ ਹੈ। ਸੁਖਨਾ ਚੋਅ ਦੇ ਸੰਗਮ ‘ਤੇ ਆ ਕੇ ਦਰਿਆ ਦੇ ਪਾਣੀ ਦਾ ਰੰਗ ਬਦਲ ਜਾਂਦਾ ਹੈ। ਇਸ ਵਿੱਚ ਪੰਚਕੁਲਾ ਖੇਤਰ ਦੇ ਫੋਕਲ ਪੁਆਇੰਟ ਤੋਂ ਉਦਯੋਗਾਂ ਦਾ ਅਣਸੋਧਿਆ ਪਾਣੀ ਅਤੇ ਸੀਵਰੇਜ ਦਾ ਦੂਸ਼ਿਤ ਪਾਣੀ ਦਾ ਰਲਾ ਹੋ ਕੇ ਅੱਗੇ ਪਿੰਡ ਭਾਂਖਰਪੁਰ ਨੇੜੇ ਘੱਗਰ ਦਰਿਆ ਨਾਲ ਮਿਲ ਜਾਂਦਾ ਹੈ। ਇਸ ਤੋਂ ਅੱਗੇ ਅੰਬਾਲਾ, ਸ਼ਾਹਬਾਦ ਮਾਰਕੰਡਾ ਅਤੇ ਘੱਗਰ ਦਰਿਆ ਨੇੜੇ ਵਸਦੇ ਹਰਿਆਣਾ ਦੇ ਕਈ ਪਿੰਡਾਂ ਦਾ ਖ਼ਰਾਬ ਅਤੇ ਉਦਯੋਗਾਂ ਦਾ ਅਣਸੋਧਿਆ ਪਾਣੀ ਸਿੱਧੇ ਤੌਰ ‘ਤੇ ਜਾਂ ਸੇਮ ਨਾਲਿਆਂ ਦੀ ਬਰਸਾਤੀ ਪਾਣੀ ਰਾਹੀਂ ਘੱਗਰ ਵਿੱਚ ਮਿਲ ਜਾਂਦਾ ਹੈ।

ਇਸੇ ਤਰ੍ਹਾਂ ਪਿਹੋਵਾ ਅਤੇ ਕੁਰਕਸ਼ੇਤਰ ਤੋਂ ਇਲਾਵਾ ਜ਼ਿਲ੍ਹਾ ਕੈਥਲ ਦੀਆਂ ਕੁਝ ਪੇਪਰ ਤੇ ਗੱਤਾ ਬਨਾਉਣ ਵਾਲੀਆਂ ਮਿਲਾਂ ਦਾ ਪਾਣੀ ਦਾ ਵਹਾਅ ਪੰਜਾਬ ਦੀ ਹੱਦ ‘ਚ ਸ਼ਾਮਲ ਹੋ ਕੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਪਾਤੜਾਂ ਦੇ ਪਿੰਡ ਰਸੌਲੀ ਨੇੜੇ ਘੱਗਰ ਦਰਿਆ ‘ਚ ਮਿਲ ਜਾਂਦਾ ਹੈ। ਜ਼ਿਲ੍ਹਾ ਸੰਗਰੂਰ ਵਿੱਚ ਖਨੌਰੀ ਨੇੜੇ ਸਾਗਰਪੁਰਾ ਸੇਮ ਦੇ ਸੰਗਮ ‘ਤੇ ਵਹਿੰਦੇ ਪਾਣੀ ਦਾ ਰੰਗ ਬਿਲਕੁਲ ਕਾਲਾ ਹੋ ਜਾਂਦਾ ਹੈ। ਕੈਥਲ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਸੀਵਰੇਜ ਦਾ ਪਾਣੀ ਅਤੇ ਕੈਥਲ ਦੀਆਂ ਹੀ ਗੱਤਾ ਮਿਲਾਂ ਤੇ ਹੋਰਨਾਂ ਉਦਯੋਗਿਕ ਇਕਾਈਆਂ ਦਾ ਦੂਸ਼ਿਤ ਪਾਣੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨੌਰੀ ਕੋਲ ਆ ਕੇ ਘੱਗਰ ‘ਚ ਆ ਕੇ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਜਾਖ਼ਲ ਤੇ ਰਤੀਆ ਦਾ ਵਾਧੂ ਪਾਣੀ ਵੀ ਘੱਗਰ ਵਿਚ ਹੀ ਮਿਲ ਜਾਂਦਾ ਹੈ।

ਇਸੇ ਤਰ੍ਹਾਂ ਚੰਡੀਗੜ੍ਹ ਤੇ ਪੰਚਕੁਲਾ ਦੀਆਂ ਨਗਰ ਨਿਗਮਾਂ ਦਾ ਅਣਸੋਧਿਆ ਤੇ ਕੁਝ ਹੱਦ ਤੱਕ ਸੋਧਿਆ ਪਾਣੀ ਵੀ ਸਿੱਧੇ ਤੌਰ ‘ਤੇ ਜਾਂ ਸਾਰੰਗਪੁਰਾ ਸੇਮ ਰਾਹੀਂ ਜਾਂ ਅਸਿੱਧੇ ਤੌਰ ‘ਤੇ ਜ਼ਿਲ੍ਹਾ ਮੋਹਾਲੀ ਦੀ ਤਹਿਸੀਲ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਨਜ਼ਦੀਕ ਘੱਗਰ ਵਿੱਚ ਪੈ ਜਾਂਦਾ ਹੈ। ਸੁਖਨਾ ਚੋਅ ਤੋਂ ਘੱਗਰ ‘ਚ ਮਿਲਦੇ ਪਾਣੀ ਦੇ ਲਏ ਨਮੂਨਿਆਂ ਦੇ ਨਤੀਜਿਆਂ ਦੇ ਅਧਿਐਨ ਮੁਤਾਬਿਕ ਇਸ ਪਾਣੀ ਦਾ ਬੀ.ਓ.ਡੀ. ਤੇ ਸੀ.ਓ.ਡੀ. ਕ੍ਰਮਵਾਰ 57 ਐਮ.ਜੀ ਪ੍ਰਤੀ ਲੀਟਰ ਅਤੇ 192 ਐਮ.ਜੀ. ਪ੍ਰਤੀ ਲੀਟਰ ਹੈ ਜਦਕਿ ਇਸ ਦੀ ਪ੍ਰਮਾਣਤ ਹੱਦ 30 ਐਮ.ਜੀ. ਪ੍ਰਤੀ ਲੀਟਰ ਅਤੇ 250 ਐਮ.ਜੀ. ਪ੍ਰਤੀ ਲੀਟਰ ਹੋਣੀ ਚਾਹੀਦੀ ਹੈ।

ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਹਿਮਾਚਲ ਪ੍ਰਦੇਸ਼ ਦੇ ਕਸਬੇ ਨਾਹਣ, ਪ੍ਰਵਾਣੂ ਅਤੇ ਕਾਲਾ ਅੰਬ ਦਾ ਸੀਵਰੇਜ ਵੀ ਘੱਗਰ ਦਰਿਆ ‘ਚ ਪੈਂਦਾ ਹੈ। ਵਿਚਾਰ ਚਰਚਾ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਆਖਿਆ ਕਿ ਉਹ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹਿਮਾਚਲ ਪ੍ਰਦੇਸ਼ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਆਪਣੇ ਹਮਰੁਤਬਿਆਂ ਨਾਲ ਤਾਲਮੇਲ ਕਰਕੇ ਅੰਤਰਰਾਜੀ ਸੰਗਮ ਵਾਲੇ ਸਥਾਨਾਂ ਤੋਂ ਸਾਂਝੇ ਤੌਰ ‘ਤੇ ਨਮੂਨੇ ਭਰ ਕੇ ਪਤਾ ਲਗਾਉਣ ਕਿ ਇਹਨਾਂ ਥਾਵਾਂ ‘ਤੇ ਅਸਲ ਵਿੱਚ ਪ੍ਰਦੂਸ਼ਣ ਕਿੰਨੀ ਮਾਤਰਾ ‘ਚ ਹੈ ਤਾਂ ਕਿ ਇਸ ਸਮੱਸਿਆ ਨੂੰ ਨਜਿੱਠਣ ਲਈ ਛੇਤੀ ਤੋਂ ਛੇਤੀ ਢੁਕਵੇਂ ਕਦਮ ਚੁੱਕੇ ਜਾ ਸਕਣ।

ਸ. ਬਾਦਲ ਨੇ ਆਖਿਆ ਕਿ ਉਹ ਇਹ ਮਾਮਲਾ ਪੰਜਾਬ ਦੇ ਰਾਜਪਾਲ ਸ਼੍ਰੀ ਸ਼ਿਵਰਾਜ.ਵੀ. ਪਾਟਿਲ ਜੋ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਪ੍ਰਸ਼ਾਸ਼ਕ ਵੀ ਹਨ, ਕੋਲ ਵੀ ਉਠਾਉਣਗੇ ਤਾਂ ਕਿ ਚੰਡੀਗੜ੍ਹ ਸ਼ਹਿਰ ਦੇ ਵਾਧੂ ਪਾਣੀ ਦੇ ਵਹਿਣ ਨਾਲ ਪੈਦਾ ਹੋ ਰਹੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਰੋਕਣ ਲਈ ਬਣਦੇ ਕਦਮ ਸਮੇਂ ਸਿਰ ਚੁੱਕੇ ਜਾ ਸਕਣ ਤਾਂ ਕਿ ਉਨ੍ਹਾਂ ਵੱਲੋਂ ਇਸ ਪੇਚਿਦਾ ਮਾਮਲੇ ਦੇ ਛੇਤੀ ਹੱਲ ਲਈ ਇੱਕ ਸਮਾਂਬੱਧ ਯੋਜਨਾ ਤਿਆਰ ਕੀਤੀ ਜਾ ਸਕੇ ਕਿਉਂ ਜੋ ਘੱਗਰ ਦਰਿਆ ਨੇੜੇ ਵਸਦੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ।

ਸ. ਬਾਦਲ ਨੇ ਵਾਤਾਵਰਣ ਵਿਗਿਆਨ ਤੇ ਤਕਨਾਲੋਜੀ ਦੇ ਸਕੱਤਰ ਨੂੰ ਆਖਿਆ ਕਿ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਵੱਖ-ਵੱਖ ਮੀਟਿੰਗਾਂ ਕਰਨ ਲਈ ਉਹ ਇਹਨਾਂ ਦੋਵਾਂ ਰਾਜਾਂ ਦੇ ਆਪਣੇ ਹਮਰੁਤਬਿਆਂ ਕੋਲ ਇਸ ਮਸਲੇ ਨੂੰ ਉਠਾਉਣ ਤਾਂ ਜੋ ਦਰਿਆਵਾਂ ਖਾਸ ਤੌਰ ‘ਤੇ ਘੱਗਰ ਦੇ ਪ੍ਰਦੂਸ਼ਣ ਦੇ ਸਬੰਧ ਵਿੱਚ ਸਾਰੇ ਬਕਾਇਆ ਅੰਤਰਰਾਜੀ ਮਾਮਲਿਆਂ ਦਾ ਸਥਾਈ ਤੌਰ ‘ਤੇ ਹੱਲ ਕੱਢਿਆ ਜਾ ਸਕੇ। ਮੁੱਖ ਮੰਤਰੀ ਨੇ ਸਪਸ਼ਟ ਸ਼ਬਦਾਂ ‘ਚ ਆਖਿਆ ਕਿ ਸੂਬਾ ਸਰਕਾਰ ਵੱਲੋਂ ਸਤਲੁਜ, ਵਿਆਸ ਤੇ ਘੱਗਰ ਦਰਿਆਵਾਂ ਦੀ ਸਫਾਈ ਲਈ 2332 ਕਰੋੜ ਰੁਪਏ ਦਾ ਪ੍ਰੋਜੈਕਟ ਜੋਰ-ਸ਼ੋਰ ਨਾਲ ਵਿਢਿਆ ਹੋਇਆ ਹੈ ਪਰ ਜੇਕਰ ਸਾਡੇ ਗੁਆਂਢੀ ਸੂਬਿਆ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਸ਼ਹਿਰਾਂ ਦਾ ਸੀਵਰੇਜ ਤੇ ਉਦਯੋਗਾਂ ਦਾ ਦੂਸ਼ਿਤ ਪਾਣੀ ਇਸੇ ਤਰ੍ਹਾਂ ਵਹਿੰਦਾ ਰਿਹਾ ਤਾਂ ਸਮੁੱਚ ਪ੍ਰੋਜੈਕਟ ਨਿਰਾਰਥਕ ਸਿੱਧ ਹੋਵੇਗਾ।

ਇਸੇ ਦੌਰਾਨ ਮੁੱਖ ਮੰਤਰੀ ਨੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਤੇ ਸਹਿਯੋਗ ਦੇਣ ਦੀ ਪੇਸ਼ਕਸ਼ ਕਰਦਿਆਂ ਆਖਿਆ ਕਿ ਜੇਕਰ ਪੰਜਾਬ ਵਾਲੇ ਪਾਸਿਓ ਦਰਿਆਵਾਂ ਦੇ ਪ੍ਰਦੂਸ਼ਣ ਦੇ ਸਬੰਧ ‘ਚ ਕੋਈ ਵੀ ਮਸਲਾ ਹੈ ਤਾਂ ਉਹ ਤੁਰੰਤ ਉਹਨਾਂ ਦੇ ਧਿਆਨ ‘ਚ ਲਿਆਂਦਾ ਜਾਵੇ ਤਾਂ ਕਿ ਇਸ ਦਾ ਸੁਖਾਵਾਂ ਹੱਲ ਕੱਢਿਆ ਜਾ ਸਕੇ। ਸ. ਬਾਦਲ ਨੇ ਮੁੱਖ ਸਕੱਤਰ ਨੂੰ ਆਖਿਆ ਕਿ ਭਵਿੱਖ ਵਿੱਚ ਦਰਿਆਵਾਂ ਦੇ ਪ੍ਰਦੂਸ਼ਣ ਸਬੰਧੀ ਅੰਤਰਰਾਜੀ ਮਾਮਲਿਆਂ ‘ਤੇ ਨੇੜਿਓ ਨਜ਼ਰ ਰੱਖੀ ਜਾਵੇ ਤਾਂ ਕਿ ਇਹਨਾਂ ਮਸਲਿਆਂ ਨੂੰ ਸੁਖਾਵੇਂ ਮਾਹੌਲ ਵਿੱਚ ਆਪਸੀ ਗੱਲਬਾਤ ਨਾਲ ਸਥਾਈ ਤੌਰ ‘ਤੇ ਸੁਲਝਾਇਆ ਜਾ ਸਕੇ ਕਿਉਂ ਜੋ ਪ੍ਰਦੂਸ਼ਣ ਮਾਨਵਤਾ ਨੂੰ ਸਿੱਧੇ ਤੌਰ ‘ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ।


Like it? Share with your friends!

0

ਘੱਗਰ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬਾਦਲ ਵੱਲੋਂ ਹਰਿਆਣਾ ਤੇ ਹਿਮਾਚਲ ਦੇ ਸਹਿਯੋਗ ਦੀ ਮੰਗ