ਅਮਰੀਕੀ ਮੈਡੀਕਲ ਰਿਸ਼ਵਤ ਕਾਂਡ ਵਿੱਚ 7 ਭਾਰਤੀਆਂ ਸਣੇ 8 ਸ਼ਾਮਲ

ਨਿਊਯਾਰਕ, 27 ਜੁਲਾਈ (ਏਜੰਸੀ) : ਅਮਰੀਕਾ ਵਿਚ 7 ਭਾਰਤੀ ਅਮਰੀਕੀਆਂ ਸਣੇ 8 ਵਿਅਕਤੀਆਂ ਉਪਰ 23 ਲੱਖ ਡਾਲਰ ਦੀ ਰਿਸ਼ਵਤ ਦੇਣ ਦੇ ਦੋਸ਼ ਲੱਗੇ ਹਨ। ਇਹ ਰਿਸ਼ਵਤ ਮੈਡੀਕਲ ਪ੍ਰਬੰਧਨ ਕੰਪਨੀ ਨੂੰ ਕਾਰੋਬਾਰ ਯਕੀਨੀ ਬਣਾਉਣ ਲਈ ਦਿੱਤੀ ਗਈ। ਜਿਨ੍ਹਾਂ ਉਪਰ ਰਿਸ਼ਵਤ ਦੇਣ ਦੇ ਦੋਸ਼ ਲੱਗੇ ਹਨ, ਉਨ੍ਹਾਂ ਵਿਚ ਸਰਵੇਸ਼ ਧਰਾਇਨ, ਸੰਜੇ ਗੁਪਤਾ, ਵੈਂਕਟਾ ਅਤੁਲਰੀ, ਰੰਗਰਾਜਨ ਕੁਮਾਰ, ਵੰਦਨ ਕੁਮਾਰ ਕੋਪਾਲੇ ਤੇ ਦਾਰੀਨ ਸਿਰੀਆਨੀ ਸ਼ਾਮਲ ਹਨ। ਰਿਸ਼ਵਤ ਲੈਣ ਵਾਲੇ ਲੋਕਾਂ ਵਿਚ ਮਨਿਲ ਸਿੰਘ ਤੇ ਕੀਥ ਬੁਸ਼ ਸ਼ਾਮਲ ਹਨ। ਨਿਊਯਾਰਕ ਦੇ ਦੱਖਣੀ ਜ਼ਿਲ੍ਹਾ ਅਟਾਰਨੀ ਪ੍ਰੀਤ ਭਰਾੜਾ ਨੇ ਦੋ ਲਾਉਣ ਮਗਰੋਂ ਕਿਹਾ, ‘‘ਅੱਜ ਦੀ ਸਾਡੀ ਕਾਰਵਾਈ ਲਾਲਚ ਕਾਰਨ ਕਾਨੂੰਨ ਤੋੜਨ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰਨ ਦੀ ਸਾਡੀ ਪ੍ਰਤੀਬਧਤਾ ਨੂੰ ਦਰਸਾਉਂਦੀ ਹੈ।

ਅਨਿਲ ਸਿੰਘ ਨਿਊਯਾਰਕ ਕੰਪਨੀ ਵਿਚ ਸੀਨੀਅਰ ਉਪ ਪ੍ਰਧਾਨ ਅਤੇ ਮੁੱਖ ਸੂਚਨਾ ਅਧਿਕਾਰੀ ਸੀ। ਇਹੀ ਕੰਪਨੀ ਪੂਰੇ ਮੁਲਕ ਵਿਚ ਮੈਡੀਕਲ ਲਾਗਤ ਪ੍ਰਬੰਧਨ ਸੇਵਾਵਾਂ ਮੁਹੱਈਆ ਕਰਾਉਂਦੀ ਹੈ। ਕੰਪਨੀ ਵਿਚ ਬੁਸ਼ ਕੰਪਨੀ ਵਿਚ ਡਾਟਾਬੇਸ ਪ੍ਰਸ਼ਾਸਨ ਵਿਚ ਡਾਇਰੈਕਟਰ ਸੀ। ਇਨ੍ਹਾਂ ਦੋਵਾਂ ਦਾ ਨਿਊਯਾਰਕ ਕੰਪਨੀ ਵੱਲੋਂ ਰੱਖੇ ਜਾਣ ਵਾਲੇ ਡੀਲਰਾਂ ਖਾਸ ਤੌਰ ’ਤੇ ਡਾਟਾਬੇਸ ਪ੍ਰਸ਼ਾਸਨ ਸੇਵਾਵਾਂ ਦੇਣ ਵਾਲਿਆਂ ਦੀ ਚੋਣ ’ਚ ਕਾਫੀ ਅਸਰ ਸੀ। ਇਨ੍ਹਾਂ ’ਤੇ ਦੋਸ਼ ਲਗਾਇਆ ਗਿਆ ਹੈ ਕਿ ਸਾਲ 2008 ਤੋਂ ਸਤੰਬਰ 2012 ਦਰਮਿਆਨ ਨਿਊਯਾਰਕ ਕੰਪਨੀ ਦਾ ਕਰੋੜਾਂ ਡਾਲਰ ਡੀ ਬੀ ਏ ਕਾਰੋਬਾਰ ਹਾਸਲ ਕਰਨ ਲਈ ਵੱਖ-ਵੱਖ ਵਿਅਕਤੀਆਂ ਨੇ ਸਮੂਹਿਕ ਰੂਪ ਨਾਲ ਅਨਿਲ ਤੇ ਬੁਸ਼ ਨੂੰ ਨਕਦ ਤੇ ਹੋਰ ਲਾਭ ਪਹੁੰਚਾਏ। ਸ਼ਿਕਾਇਤ ਅਨੁਸਾਰ ਧਰਾਇਨ, ਗੁਪਤਾ, ਅਤਲੁਰੀ ਕੁਮਾਰ ਤੇ ਕੋਪਾਲੇ ਨੇ ਰਿਸ਼ਵਤ ਦਿੱਤੀ। ਧਰਾਇਨ, ਗੁਪਤਾ ਕੋਪਾਲੇ ਤੇ ਸਿਰੀਆਨੀ ਨੂੰ ਬੀਤੇ ਦਿਨ ਉਨ੍ਹਾਂ ਦੇ ਘਰਾਂ ਤੋਂ ਗ੍ਰਿਫਤਾਰ ਕੀਤਾ ਗਿਆ। ਜੇਕਰ ਮੁਲਜ਼ਮਾਂ ’ਤੇ ਦੋਸ਼ ਸਾਬਤ ਹੋ ਗਏ ਤਾਂ ਇਨ੍ਹਾਂ ਨੂੰ 20 ਸਾਲਾਂ ਤਕ ਜੇਲ੍ਹ ਜਾਣਾ ਪੈ ਸਕਦਾ ਹੈ।