ਯਾਦਗਾਰ ਬਣਾਉਣ ਲਈ ਦ੍ਰਿੜ ਹੈ ਦਿੱਲੀ ਗੁਰਦੁਆਰਾ ਕਮੇਟੀ


ਨਵੀਂ ਦਿੱਲੀ,9 ਜੂਨ (ਏਜੰਸੀ) : ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਾਇਆ ਕਿ ਨਵੀਂ ਦਿੱਲੀ ਨਗਰ ਪਾਲਿਕਾ (ਐਨ.ਡੀ.ਐਮ.ਸੀ.) ਵੱਲੋਂ ਕੱਲ੍ਹ ਕਮੇਟੀ ਨੂੰ ਗੁਰਦੁਆਰਾ ਰਕਾਬ ਗੰਜ ਵਿਖੇ ਕੀਤੇ ਜਾ ਰਹੇ ਇਕ ਨਿਰਮਾਣ ਨੂੰ ਰੋਕਣ ਦਾ ਆਦੇਸ਼ ਸਿਆਸਤ ਨਾਲ ਪ੍ਰੇਰਿਤ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ 1984 ਦੇ ਸ਼ਹੀਦਾਂ ਅਤੇ ਉਨ੍ਹਾਂ ਦੀ ਮੱਦਦ ਕਰਨ ਵਾਲੇ ਲੋਕਾਂ ਦੀ ਯਾਦ ਵਿੱਚ ਬਣਾਏ ਜਾਣ ਵਾਲੇ ਮਨੁੱਖਤਾ ਨੂੰ ਸਮਰਪਿਤ ਇਸ ਸਮਾਰਕ ਦੀ ਉਸਾਰੀ ਦੀ ਦੇਖ-ਰੇਖ ਕਰਨ ਵਾਲੀ11 ਮੈਂਬਰੀ ਕਮੇਟੀ ਦੀ ਅੱਜ ਇਕ ਵਿਸ਼ੇਸ਼ ਮੀਟਿੰਗ ਹੋਈ ਸੀ।

ਮੀਟਿੰਗ ਵਿਚ ਇਹ ਨਿਰਣਾ ਲਿਆ ਗਿਆ ਕਿ ਗੁਰਦੁਆਰਾ ਕਮੇਟੀ ਸਮਾਰਕ ਨਾਲ ਸਬੰਧਤ ਉਸਾਰੀ ਕਰਨ ਲਈ ਐਨ.ਡੀ.ਐਮ.ਸੀ. ਕੋਲ ਕੋਈ ਦਰਖਾਸਤ ਨਹੀਂ ਦੇਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਧਾਰਮਿਕ ਸਥਾਨਾਂ ਵਿੱਚ ਹੋਣ ਵਾਲੀਆਂ ‘ਛੋਟੇ ਪੱਧਰ’ ਦੀ ਉਸਾਰੀਆਂ ਲਈ ਨਗਰ ਪਾਲਿਕਾ ਤੋਂ ਇਜਾਜ਼ਤ ਲੈਣਾ ਜ਼ਰੂਰੀ ਨਹੀਂ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਹਾਲਾਂ ਗੁਰਦੁਆਰਾ ਕਮੇਟੀ ਵੱਲੋਂ ਸਮਾਰਕ ਦੀ ਉਸਾਰੀ ਨਹੀਂ ਕੀਤੀ ਜਾ ਰਹੀ ਬਲਕਿ ਨੀਂਹ-ਪੱਥਰ ਦੇ ਉਦਘਾਟਨ ਨਾਲ ਸਬੰਧਿਤ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦ ਪਿਛਲੇ ਸਮੇਂ ਵਿਚ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਵੱਲੋਂ ਗੁਰਦੁਆਰਾ ਰਕਾਬਗੰਜ ਵਿਖੇ ਹੀ ਹੋਣ ਵਾਲੀ ਉਸਾਰੀਆਂ ਦੇ ਨੀਂਹ-ਪੱਥਰ ਦਾ ਉਦਘਾਟਨ ਕੀਤਾ ਗਿਆ ਸੀ, ਤਾਂ ਉਸ ਸਮੇਂ ਨਗਰਪਾਲਿਕਾ ਨੇ ਉਸਾਰੀਆਂ ਨੂੰ ਰੋਕਣ ਦਾ ਆਦੇਸ਼ ਜਾਰੀ ਕਿਉਂ ਨਹੀਂ ਕੀਤਾ ਸੀ।

ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਉਨ੍ਹਾਂ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰੇ ਪਰ ਕਮੇਟੀ ਵੱਲੋਂ ਨੀਂਹ-ਪੱਥਰ 12 ਜੂਨ 2013 ਨੂੰ ਪਹਿਲਾਂ ਤੋਂ ਤੈਅਸ਼ੁਦਾ ਪ੍ਰੋਗਰਾਮ ਮੁਤਾਬਿਕ ਹੀ ਰੱਖਿਆ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਨਗਰ ਪਾਲਿਕਾ ਵੱਲੋਂ ਕੋਈ ਕਾਰਵਾਈ ਕੀਤੇ ਜਾਣ ਉਪਰੰਤ ਹੀ ਗੁਰਦੁਆਰਾ ਕਮੇਟੀ ਆਪਣੇ ਅਗਲੇ ਕਦਮ ਬਾਰੇ ਵਿਚਾਰ ਕਰੇਗੀ। ਇਕ ਹੋਰ ਸਵਾਲ ਦੇ ਜਵਾਬ ਵਿਚ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਉਨ੍ਹਾਂ ਨੇ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਦੌਰਾਨ ਗੁਰਦੁਆਰਾ ਰਕਾਬਗੰਜ ਵਿੱਚ ਹੋਣ ਵਾਲੀ ਕਾਰ ਪਾਰਕਿੰਗ ਦੀ ਉਸਾਰੀ ਦਾ ਵਿਰੋਧ ਨਹੀਂ ਕੀਤਾ ਸੀ ਬਲਕਿ ਇਹ ਮੰਗ ਕੀਤੀ ਸੀ ਕਿ ਗੁਰਦੁਆਰੇ ਦੀ ਦਰਸ਼ਨੀ ਡਿਓਢੀ ਨੂੰ ਬੰਦ ਨਾ ਕੀਤਾ ਜਾਵੇ ਅਤੇ ਉਸਾਰੀ ਦੀ ਯੋਜਨਾ ਬਾਰੇ ਕਮੇਟੀ ਦੇ ਜਨਰਲ ਹਾਊਸ ਵਿੱਚ ਵਿਚਾਰ-ਵਟਾਂਦਰਾ ਕੀਤਾ ਜਾਵੇ।

ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਅਸੀਂ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਕਾਤਲਾਂ ਕੋਲੋਂ ਇਜਾਜ਼ਤ ਨਹੀਂ ਲੈਣੀ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਨਗਰ ਪਾਲਿਕਾ ਮਾਤਰ 4 ਫੁੱਟ ਦੀ ਉਸਾਰੀ ਲਈ ਦਿੱਲੀ ਦੇ ਸਿੱਖਾਂ ਵੱਲੋਂ ਚੁਣੇ ਗਏ ਅਹੁਦੇਦਾਰਾਂ ਨੂੰ ਜੇਲ੍ਹ ਭੇਜਣ ਦੀ ਧਮਕੀ ਦੇ ਰਹੀ ਹੈ ਜਦਕਿ ਨਗਰ ਪਾਲਿਕਾ ਦੇ ਕਾਰਜ ਖੇਤਰ ਥਾਂ-ਥਾਂ ਤੇ ਨਜਾਇਜ ਕਬਜੇ ਅਤੇ ਉਸਾਰੀਆਂ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਓਂਕਾਰ ਸਿੰਘ ਥਾਪਰ ਨੇ ਕਿਹਾ ਕਿ ਜੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਯਾਦ ਵਿਚ ਤਿੰਨ-ਤਿੰਨ ਸਮਾਰਕ ਬਣਾਏ ਜਾ ਸਕਦੇ ਹਨ ਤਾਂ ਕਤਲ ਕੀਤੇ ਹਜ਼ਾਰਾਂ ਸਿੱਖਾਂ ਦੀ ਯਾਦ ਵਿੱਚ ਇਕ ਸਮਾਰਕ ਕਿਉਂ ਨਹੀਂ ਬਣਾਇਆ ਜਾ ਸਕਦਾ।


Like it? Share with your friends!

0

ਯਾਦਗਾਰ ਬਣਾਉਣ ਲਈ ਦ੍ਰਿੜ ਹੈ ਦਿੱਲੀ ਗੁਰਦੁਆਰਾ ਕਮੇਟੀ