ਮਿਗ-21 ਜਹਾਜ਼ ਦੁਰਘਟਨਾਗ੍ਰਸਤ, ਪਾਇਲਟ ਸੁਰੱਖਿਅਤ

ਜੈਪੁਰ, 7 ਜੂਨ (ਏਜੰਸੀ) : ਰਾਜਸਥਾਨ ਦੇ ਬਾਡਮੇਰ ਜ਼ਿਲ੍ਹੇ ਵਿਚ ਅੱਜ ਭਾਰਤੀ ਹਵਾਈ ਸੈਨਾ ਦਾ ਇਕ ਮਿਗ-21 ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਹਾਲਾਂਕਿ ਇਸ ਦਾ ਪਾਇਲਟ ਸੁਰੱਖਿਅਤ ਬਚ ਗਿਆ। ਰੱਖਿਆ ਬੁਲਾਰੇ ਐਸ.ਡੀ ਗੋਸਵਾਮੀ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਸੋਡੀਯਾਪੁਰ ਪਿੰਡ ਦੇ ਨੇੜੇ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਨੇ ਪੱਛਮੀ ਸੈਕਟਰ ਦੇ ਉਤਰਲਾਈ ਹਾਵਾਈ ਸੈਨਾ ਟਿਕਾਣੇ ਤੋਂ ਉਡਾਨ ਭਰੀ ਸੀ ਅਤੇ ਇਹ ਨਿਯਮਿਤ ਉਡਾਨ ‘ਤੇ ਸੀ। ਬੁਲਾਰੇ ਨੇ ਕਿਹਾ ਕਿ ਹਾਦਸਾ ਬਾਡਮੇਰ ਤੋਂ 40 ਕਿਲੋਮੀਟਰ ਦੀ ਦੂਰੀ ‘ਤੇ ਹੋਇਆ। ਉਨ੍ਹਾਂ ਨੇ ਦੱਸਿਆ ਕਿ ਜੋਧਪੁਰ ਦੇ ਹਵਾਈ ਸੈਨਾ ਸਟੇਸ਼ਨ ਤੋਂ ਤੁਰੰਤ ਰਾਹਤ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਹਵਾਈ ਸੈਨਾ ਨੇ ਹਾਦਸੇ ਦਾ ਕਾਰਨ ਜਾਣਨ ਲਈ ਕੋਰਟ ਆਫ਼ ਇਨਕੁਆਰੀ ਦੇ ਆਦੇਸ਼ ਦਿੱਤੇ ਹਨ।