ਪੰਚਾਇਤੀ ਚੋਣਾਂ ਦੇ ਚਲਦਿਆਂ ਗੋਲੀਬਾਰੀ ਦੌਰਾਨ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਰਣੀਆ ਗੰਭੀਰ ਜ਼ਖਮੀਂ


ਮੋਗਾ, 27 ਜੂਨ (ਊਸ਼ਾ ਕੌਰ ਜਸ਼ਨ) : ਪੰਚਾਇਤੀ ਚੋਣਾਂ ਦੇ ਚਲਦਿਆਂ ਬੀਤੀ ਰਾਤ ਮੋਗਾ ਦੇ ਪਿੰਡ ਰਣੀਆ ਵਿਖੇ ਹੋਈ ਗੋਲੀਬਾਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਉੱਤਰੀ ਅਮਰੀਕਾ ਦੇ ਜਨਰਲ ਸਕੱਤਰ ਅਤੇ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਰਣੀਆ ਅਤੇ ਉਨ੍ਹਾਂ ਦੇ ਦੋ ਸਾਥੀ ਗੰਭੀਰ ਰੂਪ ਵਿਚ ਜਖਮੀਂ ਹੋ ਗਏ । ਸ਼੍ਰੋਮਣੀ ਅਕਾਲੀ ਦਲ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਸਮਰਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਰਣੀਆ ਬੀਤੀ ਰਾਤ 10 ਵਜੇ ਦੇ ਕਰੀਬ ਪਿੰਡ ਰਣੀਆਂ ਤੋਂ ਆਪਣੇ ਭਰਾ ਦੇ ਘਰੋਂ ਮੋਗਾ ਲਈ ਰਵਾਨਾ ਹੋ ਰਹੇ ਸਨ ਕਿ ਕੁਝ ਵਿਅਕਤੀਆਂ ਨੇ ਜਾਣ ਬੁਝ ਕੇ ਉਨ੍ਹਾਂ ਨੂੰ ਜੀਪ ਨਾਲ ਦਰੜਨ ਦੀ ਕੋਸ਼ਿਸ਼ ਕੀਤੀ ਪਰ ਭੱਜ ਕੇ ਇਕ ਪਾਸੇ ਹੋ ਜਾਣ ਕਰਕੇ ਉਨ੍ਹਾਂ ਦਾ ਬਚਾਅ ਹੋ ਗਿਆ ਪਰ ਇਸੇ ਦੌਰਾਨ ਇਕ ਹੋਰ ਗੱਡੀ ਵਿਚ ਸਵਾਰ ਕੁਝ ਵਿਅਕਤੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ।

ਇਸ ਗੋਲੀਬਾਰੀ ਦੌਰਾਨ ਦਵਿੰਦਰ ਸਿੰਘ ਰਣੀਆ ਦੇ ਦੋਨਾਂ ਪੱਟਾਂ ਵਿਚ ਗੋਲੀਆਂ ਲੱਗੀਆਂ ਜਦਕਿ ਉਨ੍ਹਾਂ ਦੇ ਦੂਸਰੇ ਸਾਥੀ ਸੁਰਜੀਤ ਸਿੰਘ ਮੀਤਾ ਦੇ ਪੇਟ ਵਿਚ ਗੋਲੀ ਲੱਗੀ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਤੋਂ ਇਲਾਵਾ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ ਗਿਆ ਜਿਸ ਕਰਕੇ ਸ: ਰਣੀਆ ਦੇ ਪੀ. ਏ ਦੇ ਹੱਥ ਬੁਰੀ ਤਰਾਂ ਜਖਮੀਂ ਹੋ ਗਏ। ਦਵਿੰਦਰ ਸਿੰਘ ਰਣੀਆ ਨੂੰ ਡਾਕਟਰੀ ਸਹਾਇਤਾ ਦੇਣ ਲਈ ਮੋਗਾ ਲਿਜਾਇਆ ਗਿਆ ਜਿੱਥੇ ਰਸਤੇ ਵਿਚ ਉਨ੍ਹਾਂ ਦੀ ਗੱਡੀ ਉਲਟ ਜਾਣ ਕਰਕੇ ਇਕ ਹੋਰ ਨਿੱਜੀ ਕਾਰ ਵਿਚ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਰਕੇ ਐਂਬੂਲੈਂਸ ਰਾਹੀਂ ਲੁਧਿਆਣਾ ਦੇ ਡੀ ਐੱਮ ਸੀ. ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਬੱਧਣੀ ਕਲਾਂ ਦੇ ਐੱਸ.ਐੱਚ. ਓ ਦਰਸ਼ਨ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਰਣੀਆਂ ਦੀ ਸ਼ਿਕਾਇਤ ‘ਤੇ ਸਾਬਕਾ ਬਲਾਕ ਸੰਮਤੀ ਮੈਂਬਰ ਅਜੀਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਜਦਕਿ ਦੂਜੇ ਅਕਾਲੀ ਧੜੇ ਵੱਲੋਂ ਮੰਗਤ ਸਿੰਘ ਦੀ ਸ਼ਿਕਾਇਤ ‘ਤੇ ਦਵਿੰਦਰ ਸਿੰਘ ਰਣੀਆ ਅਤੇ ਉਨ੍ਹਾਂ ਦੇ ਭਰਾ ਤੇ ਕੁਝ ਹੋਰ ਵਿਅਕਤੀਆਂ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਦਵਿੰਦਰ ਸਿੰਘ ਰਣੀਆ ਦੀ ਭਰਜਾਈ ਨਰਿੰਦਰ ਕੌਰ ਸਰਪੰਚੀ ਦੀ ਉਮੀਦਵਾਰ ਹੈ ਅਤੇ ਹਮਲਾਵਰ ਉਨ੍ਹਾਂ ਦੇ ਰਵਾਇਤੀ ਵਿਰੋਧੀ ਹਨ। ਦੋਨੋਂ ਧਿਰਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੋਣ ਕਰਕੇ ਪਿੰਡ ਵਿਚ ਸਹਿਮ ਦਾ ਮਾਹੌਲ ਹੈ। ਦਵਿੰਦਰ ਸਿੰਘ ਰਣੀਆ ਨੇ ਫੋਨ ‘ਤੇ ਦੱਸਿਆ ਕਿ ਉਨ੍ਹਾਂ ਦੇ ਵਿਰੋਧੀਆਂ ਨੇ ਮੰਗਤ ਸਿੰਘ ਦੇ ਰਾਤ 11 ਵਜੇ ਮੋਢੇ ਵਿਚ ਗੋਲੀ ਮਾਰ ਕੇ ਜਖਮੀਂ ਕੀਤਾ ਗਿਆ ਹੈ ਤਾਂ ਕਿ ਬਰਾਬਰ ‘ਤੇ ਪਰਚਾ ਦਰਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਖੁਦ ਮੰਗਤ ਸਿੰਘ ਨੂੰ ਸਾਬਕਾ ਪ੍ਰਧਾਨ ਨਿਰਮਲ ਸਿੰਘ ਦੇ ਦੁਕਾਨ ਸਿੰਘ 11 ਵਜੇ ਤੱਕ ਸ਼ਰਾਬ ਪੀਂਦਿਆਂ ਦੇਖਿਆ । ਉਨ੍ਹਾਂ ਕਿਹਾ ਕਿ ਨਿਰਪੱਖ ਜਾਂਚ ਉਪਰੰਤ ਸਚਾਈ ਸਾਹਮਣੇ ਆ ਜਾਵੇਗੀ ।


Like it? Share with your friends!

0

ਪੰਚਾਇਤੀ ਚੋਣਾਂ ਦੇ ਚਲਦਿਆਂ ਗੋਲੀਬਾਰੀ ਦੌਰਾਨ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਰਣੀਆ ਗੰਭੀਰ ਜ਼ਖਮੀਂ