ਦਿੱਲੀ ਗੁਰਦਵਾਰਾ ਕਮੇਟੀ ਵਲੋਂ ਸ਼ਹੀਦਾਂ ਦੀ ਯਾਦਗਾਰ ਬਾਰੇ ਸਰਕਾਰੀ ਹੁਕਮ ਮੰਨਣ ਤੋਂ ਇਨਕਾਰ


ਨਵੀਂ ਦਿੱਲੀ, 8 ਜੂਨ (ਏਜੰਸੀ) : ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਐਲਾਨ ਕੀਤਾ ਕਿ 1984 ਦੇ ਸ਼ਹੀਦਾਂ ਦੀ ਯਾਦਗਾਰ ਦਾ ਨੀਂਹ ਪੱਥਰ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਮੁਤਾਬਕ 12 ਜੂਨ ਨੂੰ ਪੰਜਾਂ ਤਖ਼ਤਾਂ ਦੇ ਸਿੰਘ ਸਾਹਿਬਾਨ ਦੁਆਰਾ ਰਖਿਆ ਜਾਵੇਗਾ। ਨਵੀਂ ਦਿੱਲੀ ਨਗਰ ਨਿਗਮ ਨੇ ਗੁਰਦਵਾਰਾ ਰਕਾਬਗੰਜ ਸਾਹਿਬ ਵਿਖੇ ਸਿੱਖ ਸ਼ਹੀਦਾਂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਵਾਸਤੇ ਚੁਣੇ ਗਏ ਸਥਾਨ ‘ਤੇ ਇਕ ਕਾਰਨ ਦੱਸੋ ਨੋਟਿਸ ਚਿਪਕਾਉਂਦਿਆਂ ਕੰਮ ਰੋਕਣ ਦੇ ਹੁਕਮ ਦਿਤੇ ਸਨ। ਨੋਟਿਸ ਵਿਚ ਕਿਹਾ ਗਿਆ ਸੀ ਕਿ ਹੁਕਮ ਨਾ ਮੰਨਣ ਵਾਲਿਆਂ ਨੂੰ ਛੇ ਮਹੀਨੇ ਦੀ ਕੈਦ ਅਤੇ 5000 ਰੁਪਏ ਜੁਰਮਾਨਾ ਹੋ ਸਕਦਾ ਹੈ।

ਨਵੀਂ ਦਿੱਲੀ ਨਗਰ ਨਿਗਮ ਵਲੋਂ ਕੀਤੇ ਗਏ ਇਤਰਾਜ਼ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਇਹ ਕੋਈ ਨਾਜਾਇਜ਼ ਉਸਾਰੀ ਨਹੀਂ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦਵਾਰਾ ਕਮੇਟੀ ਕੋਈ ਗ਼ਲਤ ਕੰਮ ਨਹੀਂ ਕਰ ਰਹੀ ਜੋ ਦਿੱਲੀ ਸਰਕਾਰ ਜਾਂ ਕਿਸੇ ਹੋਰ ਅਥਾਰਟੀ ਦੇ ਇਤਰਾਜ਼ ਦਾ ਕਾਰਨ ਬਣੇ। ਉਨ੍ਹਾਂ ਐਲਾਨ ਕੀਤਾ ਕਿ ਸ਼ਹੀਦਾਂ ਦੀ ਯਾਦਗਾਰ ਉਸਾਰਨ ਦਾ ਫ਼ੈਸਲਾ 11 ਮੈਂਬਰੀ ਕਮੇਟੀ ਵਲੋਂ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ। ਕਮੇਟੀ ਵਿਚ ਉਨ੍ਹਾਂ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ, ਅਵਤਾਰ ਸਿੰਘ ਹਿੱਤ, ਓਂਕਾਰ ਸਿੰਘ ਥਾਪਰ, ਐਡਵੋਕੇਟ ਐਚ.ਐਸ. ਫੂਲਕਾ, ਵਿਕਰਮਜੀਤ ਸਿੰਘ ਸਾਹਨੀ, ਜਤਿੰਦਰ ਸਿੰਘ ਸਾਹਨੀ, ਮਹਿੰਦਰ ਸਿੰਘ ਮਠਾੜੂ, ਹਰਚਰਨ ਸਿੰਘ, ਕੁਲਦੀਪ ਸਿੰਘ ਘੋਗੜ ਅਤੇ ਬਰਿੰਦਰ ਸਿੰਘ ਸ਼ਾਮਲ ਹਨ। ਕਮੇਟੀ ਨੇ ਦਿੱਲੀ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਉਹ ਸਿੱਖਾਂ ਨਾਲ ਟਕਰਾਅ ਦੇ ਰਾਹ ਨਾ ਪਵੇ ਅਤੇ ਉਨ੍ਹਾਂ ਨੂੰ ਅਪਣੇ ਹੱਕ ਦਿਤੇ ਜਾਣ।

ਮਨਜੀਤ ਸਿੰਘ ਜੀ.ਕੇ. ਨੇ ਅੱਗੇ ਕਿਹਾ ਕਿ ਅਕਾਲੀ ਦਲ ਬਾਦਲ ਦੀ ਹਾਈ ਕਮਾਨ ਨੂੰ ਮੌਜੂਦਾ ਹਾਲਾਤ ਬਾਰੇ ਜਾਣੂ ਕਰਵਾ ਦਿਤਾ ਗਿਆ ਹੈ ਅਤੇ ਕਮੇਟੀ ਅਪਣੀ ਯੋਜਨਾ ਅਨੁਸਾਰ ਅੱਗੇ ਵਧੇਗੀ। ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਸ਼ਹੀਦਾਂ ਦੀ ਯਾਦਗਾਰ ਉਸਾਰਨਾ ਕਿਸੇ ਵੀ ਤਰੀਕੇ ਨਾਲ ਕਾਨੂੰਨ ਦੀ ਉਲੰਘਣਾ ਨਹੀਂ। ਉਨ੍ਹਾਂ ਕਿਹਾ, ”ਅਸੀਂ ਪਹਿਲਾਂ ਹੀ ਐਲਾਨ ਕਰ ਚੁਕੇ ਹਾਂ ਕਿ ਯਾਦਗਾਰ ਦੀ ਉਚਾਈ ਸੁਰੱਖਿਆ ਕਾਰਨਾਂ ਕਰ ਕੇ 22 ਫ਼ੁਟ ਤੋਂ ਵੱਧ ਨਹੀਂ ਰੱਖੀ ਜਾਵੇਗੀ।”


Like it? Share with your friends!

0

ਦਿੱਲੀ ਗੁਰਦਵਾਰਾ ਕਮੇਟੀ ਵਲੋਂ ਸ਼ਹੀਦਾਂ ਦੀ ਯਾਦਗਾਰ ਬਾਰੇ ਸਰਕਾਰੀ ਹੁਕਮ ਮੰਨਣ ਤੋਂ ਇਨਕਾਰ