'ਜੇ ਮੈਂ ਮੁੱਖ ਮੰਤਰੀ ਹੁੰਦਾ ਤਾਂ 15 ਦਿਨਾਂ 'ਚ ਅਮਨ-ਕਾਨੂੰਨ ਦੀ ਹਾਲਤ ਠੀਕ ਕਰ ਦਿੰਦਾ'

ਲਖਨਊ, 4 ਜੂਨ (ਏਜੰਸੀ) : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਉਤਰ ਪ੍ਰਦੇਸ਼ ਵਿਚ ਅਮਨ-ਕਾਨੂੰਨ ਦੀ ਹਾਲਤ ਵਿਚ ਕੋਈ ਸੁਧਾਰ ਨਾ ਹੋਣ ਨੂੰ ਗੰਭੀਰਤਾ ਨਾਲ ਲੈਂਦਿਆਂ ਅਪਣੇ ਪੁੱਤਰ ਅਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਹਦਾਇਤ ਦਿਤੀ ਕਿ ਜੇ ਲੋੜ ਪਵੇ ਤਾਂ ਕਾਨੂੰਨ ਤੋੜਨ ‘ਚ ਸਹਿਯੋਗ ਦੇਣ ਵਾਲੇ ਅਫ਼ਸਰਾਂ ਨੂੰ ਵੀ ਜੇਲ ਵਿਚ ਡੱਕ ਦਿਤਾ ਜਾਵੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦਾ ਕੋਈ ਵੀ ਨਾਗਰਿਕ ਕਾਨੂੰਨ ਤੋਂ ਉਪਰ ਨਹੀਂ ਹੈ ਭਾਵੇਂ ਉਹ ਨੌਕਰਸ਼ਾਹ ਹੋਵੇ ਜਾਂ ਆਮ ਆਦਮੀ।

ਮੁਲਾਇਮ ਸਿੰਘ ਨੇ ਅਖਿਲੇਸ਼ ਯਾਦਵ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਹੋਣ ਜਾਂ ਅਮਨ-ਕਾਨੂੰਨ ਦੀ ਹਾਲਤ ਦਾ ਮੁੱਦਾ, ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਸਖ਼ਤ ਰਵਈਆ ਅਪਣਾਏ। ਉਨ੍ਹਾਂ ਕਿਹਾ, ”ਜੇ ਮੈਂ ਮੁੱਖ ਮੰਤਰੀ ਹੁੰਦਾ ਤਾਂ 15 ਦਿਨਾਂ ਵਿਚ ਅਮਨ-ਕਾਨੂੰਨ ਦੀ ਹਾਲਤ ਸੁਧਾਰ ਦਿੰਦਾ।” ਇਹ ਪੁੱਛੇ ਜਾਣ ਕਿ ਕੀ ਕਈ ਤਰ੍ਹਾਂ ਦੇ ਦਬਾਅ ਕਾਰਨ ਮੁੱਖ ਮੰਤਰੀ ਨੂੰ ਪ੍ਰਸ਼ਾਸਨ ਚਲਾਉਣ ਵਿਚ ਦਿੱਕਤ ਆ ਰਹੀ ਹੈ, ਮੁਲਾਇਮ ਸਿੰਘ ਨੇ ਆਖਿਆ, ”ਮੁੱਖ ਮੰਤਰੀ ਉਪਰ ਕਿਸੇ ਦਾ ਕੋਈ ਦਬਾਅ ਨਹੀਂ, ਪਾਰਟੀ ਦਾ ਕੌਮੀ ਪ੍ਰਧਾਨ ਹੋਣ ਦੇ ਨਾਤੇ ਮੈਂ ਅਪਣੀ ਰਾਏ ਜ਼ਰੂਰ ਦਿੰਦਾ ਹਾਂ ਪਰ ਕੋਈ ਦਬਾਅ ਨਹੀਂ ਪਾਉਂਦਾ।”

ਉਨ੍ਹਾਂ ਕਿਹਾ ਕਿ ਜੇ ਅਮਨ-ਕਾਨੂੰਨ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਆਉੁਂਦਾ ਤਾਂ ਇਸ ਲਈ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਸਮੁੱਚੀ ਨੌਕਰਸ਼ਾਹੀ ਗ਼ੈਰ-ਜ਼ਿੰਮੇਵਾਰ ਰਹੀ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ 15 ਅਫ਼ਸਰ ਅਜਿਹੇ ਹਨ ਜਿਨ੍ਹਾਂ ਨੂੰ ਅਪਣੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਨਹੀਂ ਮਿਲਿਆ। ਚੋਣ ਮਨੋਰਥ ਪੱਤਰ ਵਿਚ ਕੀਤੇ ਗਏ ਵਾਅਦਿਆਂ ਦਾ ਜ਼ਿਕਰ ਕਰਦਿਆਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਨੇ ਆਖਿਆ ਕਿ ਇਨ੍ਹਾਂ ਨੂੰ ਇਕ-ਇਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ।

ਚਾਹੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਹੋਵੇ ਜਾਂ ਮੁਸਲਮਾਨ ਸਮਾਜ ਦੇ ਹਿਤਾਂ ਲਈ ਕੀਤੇ ਜਾਣ ਵਾਲੇ ਕੰਮ, ਸਭਨਾਂ ਨੂੰ ਤਰਜੀਹੀ ਆਧਾਰ ‘ਤੇ ਮੁਕੰਮਲ ਕੀਤਾ ਜਾ ਰਿਹਾ ਹੈ ਪਰ ਪਤਾ ਨਹੀਂ ਮੀਡੀਆ ਕਿਸ ਗੱਲ ਤੋਂ ਨਾਰਾਜ਼ ਹੈ ਜੋ ਵਿਕਾਸ ਕਾਰਜਾਂ ਨੂੰ ਤਰਜੀਹ ਨਹੀਂ ਦੇ ਰਿਹਾ। ਗੁਜਰਾਤ ‘ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਉਨ੍ਹਾਂ ਆਖਿਆ ਕਿ ਉਥੇ ਅਜਿਹਾ ਕੀ ਹੋ ਰਿਹਾ ਹੈ, ਜਿਸ ਮੀਡੀਆ ਇਸ ਨੂੰ ਐਨੀ ਅਹਿਮੀਅਤ ਦੇ ਰਿਹਾ ਹੈ। ਇਸ ਤੋਂ ਚੰਗਾ ਤਾਂ ਬਿਹਾਰ ਵਿਚ ਨਿਤੀਸ਼ ਕੁਮਾਰ ਦੀ ਸਰਕਾਰ ਨੇ ਕੰਮ ਕੀਤਾ ਹੈ।