ਕਾਹਨ ਸਿੰਘ ਪੰਨੂ 'ਤੇ ਹੋਏ ਹਮਲੇ ਦੀ ਸੰਤ ਸੀਚੇਵਾਲ ਵੱਲੋਂ ਨਿੰਦਾ


ਸੁਲਤਾਨਪੁਰ ਲੋਧੀ 26 ਜੂਨ (ਪਪ) : ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਤਰਾਖੰਡ ‘ਚ ਡਾਇਰੈਕਟਰ ਜਨਰਲ (ਡੀ.ਜੀ.ਐਸ.ਈ) ‘ਤੇ ਹੋਏ ਹਮਲੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਿਆ ਕੀਤੀ ਹੈ। ਉਨ੍ਹਾਂ ਇੱਥੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ ‘ਚ ਕਿਹਾ ਹੈ ਕਿ ਕਾਹਨ ਸਿੰਘ ਪੰਨੂੰ ‘ਤੇ ਹਮਲਾ ਕਰਨ ‘ਤੇ ਉਸ ਦੀ ਪੱਗੜੀ ਉਤਾਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਕਿੰਨ੍ਹੀ ਸ਼ਰਮਵਾਲੀ ਗੱਲ ਹੈ ਕਿ ਕੁਦਰਤੀ ਆਫਤ ‘ਚ ਫਸੇ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੇ ਗਏ ਸੀਨੀਅਰ ਅਫਸਰ ‘ਤੇ ਇਸ ਤਰ੍ਹਾਂ ਹਮਲਾ ਕਰਨਾ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਇਸ ਹਮਲੇ ‘ਚ ਇੱਕ ਸਿੱਖ ਅਫਸਰ ਦੀ ਪੱਗੜੀ ਉਤਾਰਨੀ ਹੋਰ ਵੀ ਸ਼ਰਮਨਾਕ ਕਾਰਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਿੱਖ ਜੱਥੇਬੰਦੀਆਂ ਫਰਾਂਸ ‘ਚ ਸਿੱਖਾਂ ਲਈ ਪੱਗੜੀ ਦੀ ਲੜਾਈ ਲੜ ਰਹੀਆਂ ਹਨ ਤੇ ਆਪਣੇ ਹੀ ਘਰ ‘ਚ ਸਿੱਖ ਅਫਸਰ ਦੀ ਗੱਲ ਸੁਣੇ ਬਿਨ੍ਹਾਂ ਹੀ ਉਸ ਦੀ ਪੱਗੜੀ ਉਤਾਰੀ ਗਈ। ਸੰਤ ਸੀਚੇਵਾਲ ਨੇ ਅੱਗੇ ਕਿਹਾ ਕਿ ਇਸ ਘਟੀਆ ਕਿਸਮ ਦੇ ਵਰਤਾਰੇ ਦੀ ਫਿਲਮ ਬਣਾਕੇ ਯੂ ਟਿਊਬ ‘ਤੇ ਚਾੜ੍ਹ ਕੇ ਦੁਨੀਆਂ ਨੂੰ ਕੀ ਦੱਸਣਾ ਚਹੁੰਦੇ ਹਾਂ ? ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀ ਫਿਲਮ ਨੂੰ ਯੂ ਟਿਉਬ ਤੇ ਫੇਸ ਬੁਕ ਤੋਂ ਤਰੁੰਤ ਉਤਾਰਨ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਦੁਨੀਆਂ ਭਰ ‘ਚ ਸਿੱਖਾਂ ਦੀ ਪੱਗੜੀ ਕਾਰਨ ਹੀ ਵੱਖਰੀ ‘ਤੇ ਨਿਵੇਕਲੀ ਪਛਾਣ ਹੈ। ਉਨ੍ਹਾਂ ਕਿਹਾ ਕਿ ਮਸੀਬਤ ‘ਚ ਫਸੇ ਯਾਤਰੂਆਂ ਬਾਰੇ ਦੇਸ਼ ਭਰ ਦੇ ਲੋਕ ਚਿੰਤਤ ਹਨ ਤੇ ਉਨ੍ਹਾਂ ਦੀ ਸਹੀ ਸਲਾਮਤ ਵਾਪਸੀ ਦੀ ਅਰਦਾਸ ਕਰਦੇ ਹਨ। ਅਜਿਹੇ ਮੌਕਿਆਂ ‘ਤੇ ਸਬਰ ਸੰਤੋਖ ਰੱਖਣਾ ਤੇ ਸੰਜਮ ਤੋਂ ਕੰਮ ਲੈਣ ਨਾਲ ਹੀ ਸੰਕਟ ‘ਚੋਂ ਨਿਕਲਿਆ ਜਾ ਸਕਦਾ ਹੈ। ਉਨ੍ਹਾਂ ਕਾਹਨ ਸਿੰਘ ਪੰਨੂੰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਊਟੀ ਬੜੀ ਹੀ ਦਲੇਰੀ ਨਾਲ ਨਿਭਾਈ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਮੁੜ ਅਪੀਲ ਕਰਦਿਆ ਕਿਹਾ ਕਿ ਸ਼੍ਰੀ ਕਾਹਨ ਸਿੰਘ ਪਨੂੰ ‘ਤੇ ਹਮਲਾ ਕਰਨ ਵਾਲਿਆਂ ਵਿਰੁੱਦ ਤਰੁੰਤ ਸਖਤ ਕਾਰਵਾਈ ਕਰੇ। ਇਸ ਮੌਕੇ ਸਮਾਜ ਭਲਾਈ ਸੰਸਥਾ, ਐਸ ਬੀ ਕੰਸਟਰਕਸ਼ਨ ਐਂਡ ਇਨਵਾਇਰਨਮੈਟਲ ਵਰਕਸ ਸੋਸਾਇਟੀ, ਨਿਰਮਲ ਨੂਰ ਸੇਵਾ ਕੇਂਦਰ ਆਦਿ ਦੇ ਪ੍ਰਮੁਖ ਆਗੂਆਂ ਵੱਲੋਂ ਵੀ ਇਸ ਘਟਨਾਂ ਨੂੰ ਦੁਖਦਾਈ ਕਰਾਰ ਦਿੱਤਾ ਗਿਆ।


Like it? Share with your friends!

0

ਕਾਹਨ ਸਿੰਘ ਪੰਨੂ 'ਤੇ ਹੋਏ ਹਮਲੇ ਦੀ ਸੰਤ ਸੀਚੇਵਾਲ ਵੱਲੋਂ ਨਿੰਦਾ