ਹਿੰਦ-ਪਾਕਿ ਗੱਲਬਾਤ ਤੋਂ ਪਹਿਲਾਂ ਭਾਰਤੀ ਚਿੰਤਾਵਾਂ ਦਾ ਨਿਪਟਾਰਾ ਜ਼ਰੂਰੀ : ਖੁਰਸ਼ੀਦ

ਨਵੀਂ ਦਿੱਲੀ, 28 ਮਈ (ਏਜੰਸੀ) : ਭਾਰਤ ਨੇ ਅੱਜ ਕਿਹਾ ਹੈ ਕਿ ਭਾਰਤ- ਪਾਕਿਸਤਾਨ ਗੱਲਬਾਤ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਪਾਕਿਸਤਾਨ ਨੂੰ ਪਾਕਿਸਤਾਨ ਦੀ ਜੇਲ੍ਹ ਵਿੱਚ ਇੱਕ ਭਾਰਤੀ ਕੈਦੀ ਦੀ ਮੌਤ ਸਣੇ ਹੋਰ ਅਨੇਕਾਂ ਮਾਮਲੇ ਨਜਿੱਠਣੇ ਪੈਣਗੇ ਜਿਨ੍ਹਾਂ ਕਰਕੇ ਭਾਰਤ-ਪਾਕਿ ਸਬੰਧਾਂ ਪ੍ਰਤੀ ਭਾਰਤ ਦੀ ਚਿੰਤਾ ਵਧ ਗਈ ਹੈ। ਪਾਕਿਸਤਾਨ ਨੂੰ ਭਾਰਤ ਦੀਆਂ ਚਿੰਤਾਵਾਂ ਦੂਰ ਕਰਨੀਆਂ ਪੈਣਗੀਆਂ। ਭਾਰਤ ਦੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਵੱਖ-ਵੱਖ ਪੱਧਰ ਦੀ ਹੋਣ ਵਾਲੀ ਗੱਲਬਾਤ ਸਣੇ ਪਾਣੀ ਸਬੰਧੀ ਸਕੱਤਰ ਪੱਧਰ ਦੀ ਗੱਲਬਾਤ, ਸਰਹੱਦ ’ਤੇ ਇੱਕ ਭਾਰਤੀ ਜਵਾਨ ਦਾ ਸਿਰ ਧੜ ਤੋਂ ਵੱਖ ਕਰਨ ਦੀ ਘਟਨਾ ਤੋਂ ਬਾਅਦ ਰੱਦ ਹੋ ਗਈ ਸੀ।

ਉਨ੍ਹਾਂ ਕਿਹਾ, ‘ਦੋਵਾਂ ਦੇਸ਼ਾਂ ਦਰਮਿਆਨ ਬਹੁ-ਪਰਤੀ ਗੱਲਬਾਤ ਚੱਲ ਰਹੀ ਸੀ, ਜੋ ਮੁੜ ਤੋਂ ਸ਼ੁਰੂ ਹੋਣੀ ਚਾਹੀਦੀ ਹੈ।’ ਜਦੋਂ ਸ੍ਰੀ ਖੁਰਸ਼ੀਦ ਨੂੰ ਪਾਕਿਸਤਾਨ ਵਿੱਚ ਬਣਨ ਵਾਲੀ ਨਵੀਂ ਸਰਕਾਰ ਤੋਂ ਉਨ੍ਹਾਂ ਦੀਆਂ ਉਮੀਦਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਰਤ ਦੀਆਂ ਕੁਝ ਗੰਭੀਰ ਕਿਸਮ ਦੀਆਂ ਚਿੰਤਾਵਾਂ ਹਨ, ਜਿਨ੍ਹਾਂ ਦਾ ਪਿਛਲੇ ਕੁਝ ਮਹੀਨੇ ਤੋਂ ਨਿਵਾਰਣ ਨਹੀਂ ਹੋਇਆ। ਸਾਨੂੰ ਦੇਸ਼ ਦੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਤੇ ਕੁਝ ਚਿੰਤਾਵਾਂ ਦਾ ਨਿਬੇੜਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ, ‘ਭਵਿੱਖ ਵਿੱਚ ਕੀਤੀ ਜਾਣ ਵਾਲੀ ਕਿਸੇ ਵੀ ਪਹਿਲਕਦਮੀ ਲਈ ਲੋਕਾਂ ਦੀ ਹਮਾਇਤ ਜ਼ਰੂਰੀ ਹੈ।’ ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਦੋਵੇਂ ਦੇਸ਼ ਇਹ ਫੈਸਲਾ ਕਰ ਚੁੱਕੇ ਹਨ ਕਿ ਦੋਵਾਂ ਦੇਸ਼ਾਂ ਵਿੱਚ ਗੱਲਬਾਤ ਅੱਗੇ ਵਧਣੀ ਚਾਹੀਦੀ ਹੈ।

ਸ੍ਰੀ ਖੁਰਸ਼ੀਦ ਨੇ ਕਿਹਾ ਕਿ ਬਹੁਪਰਤੀ ਗੱਲਬਾਤ ਲਾਜ਼ਮੀ ਤੌਰ ’ਤੇ ਵਿਸ਼ਵਾਸ ਬਹਾਲੀ ਤੇ ਸੰਭਾਵੀ ਤੌਰ ਉੱਤੇ ਨਿਪਟਾਏ ਜਾਣ ਵਾਲੇ ਮਾਮਲਿਆਂ ਦੇ ਨਿਪਟਾਰੇ ਤੋਂ ਬਿਨਾਂ ਅੱਗੇ ਨਹੀਂ ਵਧ ਸਕਦੀ ਤੇ ਲੰਬੇ ਸਮੇਂ ਤੋਂ ਪਏ ਅਣਸੁਲਝੇ ਮਸਲੇ ਗੱਲਬਾਤ ਬਿਨਾਂ ਨਹੀਂ ਨਿਬੇੜੇ ਜਾ ਸਕਦੇ। ਉਨ੍ਹਾਂ ਭਰੋਸੇ ਨਾਲ ਕਿਹਾ ਕਿ ਅਸੀਂ ਗੱਲਬਾਤ ਮੁੜ ਤੋਂ ਸ਼ੁਰੂ ਕਰਾਂਗੇ।