ਲਿਬਰਲ ਪਾਰਟੀ ਹੋਈ ਮਜ਼ਬੂਤ


ਕੈਲਗਰੀ, (ਪਪ) ਲਿਬਰਲਾਂ ਦੇ ਨਵੇਂ ਆਗੂ ਜਸਟਿਨ ਟਰੂਡੋ ਖਿਲਾਫ ਨਕਾਰਾਤਮਕ ਇਸ਼ਤਿਹਾਰੀ ਮੁਹਿੰਮ ਨਾਲ ਵੀ ਉਸਦੀ ਹਰਮਨ ਪਿਆਰਤਾ ਵਿੱਚ ਕੋਈ ਕਮੀ ਨਹੀਂ ਆਈ, ਸਗੋਂ ਲਿਬਰਲਾਂ ਨੂੰ ਮਜ਼ਬੂਤੀ ਹੀ ਮਿਲੀ ਹੈ। ਕੈਨੇਡੀਅਨ ਪ੍ਰੈੱਸ ਹੈਰਿਸ ਡੈਸਿਮਾ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਲਿਬਰਲ ਪਾਰਟੀ ਨੇ ਕੰਜ਼ਰਵੇਟਿਵਾਂ ਨਾਲੋਂ ਅੱਗੇ ਪੁਲਾਂਘ ਪੁੱਟਦਿਆਂ ਸੱਤ ਅੰਕਾਂ ਦੀ ਲੀਡ ਹਾਸਲ ਕਰ ਲਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਟਰੂਡੋ ਨੇ ਲਿਬਰਲਾਂ ਦੀ ਲੀਡਰਸ਼ਿਪ ਲਈ ਹੋਈ ਚੋਣ ਵੱਡੇ ਫਰਕ ਨਾਲ ਜਿੱਤੀ ਸੀ। ਇਸ ਸਮੇਂ ਲਿਬਰਲਾਂ ਨੂੰ ਮਿਲਣ ਵਾਲਾ ਸਮਰਥਨ 35 ਫੀਸਦੀ ਤੱਕ ਪਹੁੰਚ ਗਿਆ ਹੈ ਜਦਕਿ ਕੰਜ਼ਰਵੇਟਿਵਾਂ ਨੂੰ ਮਿਲਣ ਵਾਲਾ ਸਮਰਥਨ ਘੱਟ ਕੇ 28 ਫੀ ਸਦੀ ਤੇ ਐਨਡੀਪੀ ਨੂੰ ਮਿਲਣ ਵਾਲਾ ਸਮਰਥਨ 22 ਫੀਸਦੀ ਰਹਿ ਗਿਆ ਹੈ।

ਗ੍ਰੀਨ ਪਾਰਟੀ ਨੂੰ ਸੱਤ ਫੀ ਸਦੀ ਲੋਕਾਂ ਦਾ ਸਾਥ ਮਿਲ ਰਿਹਾ ਹੈ। ਮਾਰਚ 2009 ਤੋਂ ਬਾਅਦ ਲਿਬਰਲਾਂ ਨੂੰ ਹਾਸਲ ਹੋਇਆ ਇਹ ਸੱਭ ਤੋਂ ਵੱਧ ਸਮਰਥਨ ਹੈ। ਉਸ ਸਮੇਂ ਮਾਈਕਲ ਇਗਨੇਟਿਫ ਨੂੰ ਪਾਰਟੀ ਆਗੂ ਚੁਣਨ ਤੋਂ ਬਾਅਦ ਲਿਬਰਲਾਂ ਲਈ ਕਾਲਾ ਦੌਰ ਸ਼ੁਰੂ ਹੋ ਗਿਆ ਸੀ। ਇਗਨੇਟਿਫ ਦੀ ਅਗਵਾਈ ਵਿੱਚ ਹੀ ਲਿਬਰਲਾਂ ਨੇ ਇਤਿਹਾਸ ਵਿੱਚ ਪਹਿਲੀ ਵਾਰੀ 2011 ਵਿੱਚ ਹੋਈਆਂ ਕੈਨੇਡੀਅਨ ਚੋਣਾਂ ਵਿੱਚ ਸੱਭ ਤੋਂ ਵੱਡੀ ਹਾਰ ਦਾ ਸਵਾਦ ਵੇਖਿਆ ਤੇ ਇਹ ਪਾਰਟੀ ਦੇਸ਼ ਦੇ ਸਿਆਸੀ ਦ੍ਰਿਸ਼ ਵਿੱਚ ਤੀਜੀ ਧਿਰ ਬਣ ਕੇ ਰਹਿ ਗਈ। ਇਸ ਸਮੇਂ ਲਿਬਰਲਾਂ ਨੂੰ ਮਿਲ ਰਿਹਾ ਸਮਰਥਨ ਅਜੇ ਓਨਾ ਵੀ ਵੱਧ ਨਹੀਂ ਗਿਣਿਆ ਜਾ ਸਕਦਾ ਜਿੰਨਾਂ ਕਿ ਇੱਕ ਸਾਲ ਪਹਿਲਾਂ ਟੌਮ ਮਲਕੇਅਰ ਨੂੰ ਆਪਣਾ ਨਵਾਂ ਆਗੂ ਚੁਣਨ ਸਮੇਂ ਐਨਡੀਪੀ ਵੱਲੋਂ 36 ਫੀਸਦੀ ਦੇ ਰੂਪ ਵਿੱਚ ਹਾਸਲ ਕੀਤਾ ਗਿਆ ਸੀ।


Like it? Share with your friends!

0

ਲਿਬਰਲ ਪਾਰਟੀ ਹੋਈ ਮਜ਼ਬੂਤ