ਅਦਾਲਤ ਨੇ ਮੁਲਜ਼ਮ ਰਾਮ ਸਿੰਘ ਦੀ ਮੌਤ ਬਾਰੇ ਰਿਪੋਰਟ ਮੰਗੀ

ਨਵੀਂ ਦਿੱਲੀ, 7 ਮਈ (ਏਜੰਸੀ) : 16 ਦਸੰਬਰ ਨੂੰ ਦਿੱਲੀ ‘ਚ ਹੋਏ ਸਮੂਹਿਕ ਬਲਾਤਕਾਰ ਦੇ ਕੇਸ ਦੀ ਸੁਣਵਾਈ ਕਰ ਰਹੀ ਫਾਸਟ ਟਰੈਕ ਕੋਰਟ ਨੇ ਅੱਜ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਮੁਲਜ਼ਮ ਰਾਮ ਸਿੰਘ ਦੀ ਮੌਤ ਬਾਰੇ ਵਿਸਥਾਰ ‘ਚ ਰਿਪੋਰਟ ਦੇਣ ਲਈ ਕਿਹਾ ਹੈ। ਐਡੀਸ਼ਨਲ ਸੈਸ਼ਨ ਜੱਜ ਯੋਗੇਸ਼ ਖੰਨਾ ਨੇ ਇਹ ਹੁਕਮ ਉਦੋਂ ਦਿੱਤਾ ਜਦੋਂ ਮੁਲਜ਼ਮਾਂ ਮੁਕੇਸ਼ ਤੇ ਅਕਸ਼ੈ ਸਿੰਘ ਵੱਲੋਂ ਪੇਸ਼ ਹੋਏ ਵਕੀਲ ਵੀ.ਕੇ. ਆਨੰਦ ਨੇ ਅਦਾਲਤ ‘ਚ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਹਾਲੇ ਤੱਕ ਅਦਾਲਤ ਦੇ 11 ਮਾਰਚ ਦੇ ਹੁਕਮਾਂ ਦੀ ਵੀ ਪਾਲਣਾ ਨਹੀਂ ਕੀਤੀ, ਜਿਸ ‘ਚ ਉਸ ਦੀ ਮੌਤ ਬਾਰੇ ਜਾਂਚ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਸੀ। ਜੇਲ੍ਹ ਪ੍ਰਸ਼ਾਸਨ ਅਨੁਸਾਰ 33 ਸਾਲਾ ਰਾਮ ਸਿੰਘ ਨੇ 11 ਮਾਰਚ ਨੂੰ ਸਵੇਰੇ 5 ਵਜੇ ਗਰਿੱਲ ਨਾਲ ਕਥਿਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਇਹ ਹੁਕਮ ਵੀ ਦਿੱਤੇ ਕਿ ਦੋਵੇਂ ਮੁਲਜ਼ਮਾਂ ਵਿਨੈ ਸ਼ਰਮਾ ਤੇ ਅਕਸ਼ੈ ਨੂੰ ਡਾਕਟਰੀ ਜਾਂਚ ਲਈ ਜੇਲ੍ਹ ਦੀ ਡਿਸਪੈਂਸਰੀ ‘ਚ ਲਿਜਾਣਾ ਯਕੀਨੀ ਬਣਾਇਆ ਜਾਵੇ ਤੇ ਉਨ੍ਹਾਂ ਨੂੰ ਬਣਦੀ ਦਵਾਈ ਆਦਿ ਮੁਹੱਈਆ ਕਰਵਾਈ ਜਾਵੇ।