ਹਿਲੇਰੀ ਨੂੰ ਅਗਲੀ ਰਾਸ਼ਟਰਪਤੀ ਬਣਾਉਣ ਲਈ ਛਿੜੀ ਮੁਹਿੰਮ


ਵਾਸ਼ਿੰਗਟਨ, 3 ਅਪਰੈਲ (ਏਜੰਸੀ) : ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਸਮਰਥਕਾਂ ਦੇ ਇੱਕ ਗਰੁੱਪ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ’ਚ ਉਸ ਦੇ ਸੰਭਾਵੀ ਉਮੀਦਵਾਰ ਹੋਣ ਦੇ ਸਮਰਥਨ ’ਚ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਹ ਗਰੁੱਪ ‘ਰੈਡੀ ਫਾਰ ਹਿਲੇਰੀ’ ਇੱਕ ਖਾਸ ‘ਪੋਲੀਟੀਕਲ ਐਕਸ਼ਨ ਕਮੇਟੀ’ (ਪੀ.ਏ.ਸੀ.) ਹੈ, ਜੋ ਉਨ੍ਹਾਂ ਸੰਗਠਨਾਂ ਵਰਗੀ ਹੈ, ਜੋ ਉਮੀਦਵਾਰਾਂ, ਵੋਟਾਂ ਜਾਂ ਬਿੱਲਾਂ ਦੇ ਹੱਕ ਜਾਂ ਵਿਰੋਧ ’ਚ ਮੁਹਿੰਮਾਂ ਚਲਾਉਂਦੀਆਂ ਹਨ। ਇਸ ਵਰ੍ਹੇ ਫਰਵਰੀ ’ਚ ਇਹ ਅਹੁਦਾ ਛੱਡਣ ਵਾਲੀ ਹਿਲੇਰੀ ਨਿੱਜੀ ਤੌਰ ’ਤੇ ਇਸ ਸੁਪਰ ਪੀ.ਏ.ਸੀ. ’ਚ ਸ਼ਾਮਲ ਨਹੀਂ ਤੇ ਨਾ ਹੀ ਉਸ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਇਸ ਮਹੀਨੇ ਦੇ ਅਖੀਰ ’ਚ ਕਲਿੰਟਨ ਨੇ ਟੈਕਸਾਸ ’ਚ ਆਪਣਾ ਪਹਿਲਾ ਪੈਸੇ ਲੈ ਕੇ ਦਿੱਤਾ ਜਾਣ ਵਾਲਾ ਭਾਸ਼ਣ ਦੇਣਾ ਹੈ। ਉਹ ਇਸ ਮੁੱਦੇ ’ਤੇ ਚੁੱਪ ਹੈ। ਪੀ.ਏ.ਸੀ. ਦੀ ਚੇਅਰਪਰਸਨ ਆਲਿਦਾ ਬਲੈਕ ਨੇ ਇੱਕ ਬਿਆਨ ’ਚ ਕਿਹਾ ਕਿ ਉਹ ਹਿਲੇਰੀ ਦੇ ਸੰਭਾਵੀ ਰੂਪ ਵਿੱਚ ਉਮੀਦਵਾਰ ਹੋਣ ਬਾਰੇ ਊਰਜਾ ਤੇ ਜੋਸ਼ ਬਣਾਈ ਰੱਖ ਰਹੇ ਹਨ। ਇਸ ਦਿਸ਼ਾ ’ਚ ਸਫਲ ਹੋਣ ਲਈ ਉਨ੍ਹਾਂ ਨੂੰ ਵਿਸਥਾਰਪੂਰਵਕ ਫੀਲਡ ਪ੍ਰੋਗਰਾਮ ਸ਼ੁਰੂ ਕਰਨ ਦੀ ਲੋੜ ਹੈ, ਜਿਨ੍ਹਾਂ ’ਚ ਗੁਆਂਢੀਆਂ ਨੂੰ ਗੁਆਂਢੀਆਂ ਨਾਲ ਗੱਲਬਾਤ ਕਰਨ ਲਾਉਣਾ, ਕਾਲਜ ਕੈਂਪਸਾਂ ’ਚ ਸਮਾਗਮ ਕਰਨੇ ਤੇ ਸਮਰਥਕਾਂ ਦੀ ਇੱਕ ਟੀਮ ਜੋੜਨਾ ਸ਼ਾਮਲ ਹੈ। ਉਸ ਨੇ ਕਿਹਾ ਕਿ ਉਹ ਇਹੋ ਜ਼ੋਰਦਾਰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਅਮਰੀਕਾ ਹਿਲੇਰੀ ਲਈ ਤਿਆਰ ਹੈ ਤੇ ਅੱਜ ਉਨ੍ਹਾਂ ਨਾਲ ਖੜ੍ਹੇ ਹੋਇਆ ਜਾਵੇ।

ਗਰੁੱਪ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਹਰ ਰੋਜ਼ ਹਜ਼ਾਰ ਦੇ ਕਰੀਬ ਸਮਰਥਕ ਜੁੜ ਰਹੇ ਹਨ ਅਤੇ ਹੁਣ ਇਸ ’ਚ 1,00,000 ਤੋਂ ਵੱਧ ਸਮਰਥਕ ਸ਼ਾਮਲ ਹਨ। ਜਨਵਰੀ ’ਚ ਬਲੈਕ ਨੇ ਕਲਿੰਟਨ ਦੇ ਸਿਆਸੀ ਸਟਾਫ ਮੈਂਬਰ ਰਹੇ ਐਡਰਾ ਪੀ. ਨਾਲ ਰਲ ਕੇ ਪੀ.ਏ.ਸੀ. ਦੀ ਸਥਾਪਨਾ ਕੀਤੀ ਸੀ। ਬਲੈਕ ਖ਼ੁਦ ਮਾਨਵੀ ਹੱਕਾਂ ਬਾਰੇ ਵਕੀਲ, ਇਤਿਹਾਸਕਾਰ ਤੇ ਲੰਮੇ ਸਮੇਂ ਤੋਂ ਹਿਲੇਰੀ ਦੀ ਸਮਰਥਕ ਰਹੀ ਹੈ।


Like it? Share with your friends!

0

ਹਿਲੇਰੀ ਨੂੰ ਅਗਲੀ ਰਾਸ਼ਟਰਪਤੀ ਬਣਾਉਣ ਲਈ ਛਿੜੀ ਮੁਹਿੰਮ