ਸੱਚ ਬੋਲਣ 'ਤੇ ਰਾਮਦੇਵ 'ਤੇ ਜ਼ੁਲਮ ਹੋਇਆ : ਮੋਦੀ


ਹਰਿਦੁਆਰ, 26 ਅਪ੍ਰੈਲ (ਏਜੰਸੀ) : ਹਰਿਦੁਆਰ ‘ਚ ਬਾਬਾ ਰਾਮਦੇਵ ਦੇ ਯੋਗ ਪੀਠ ‘ਚ ਪਹੁੰਚ ਕੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸ਼ਬਦਾਂ ਦੇ ਤੀਰਾਂ ਨਾਲ ਜਿੱਥੇ ਇਕ ਪਾਸੇ ਸੰਤਾਂ ਦੀਆਂ ਤਾਰੀਫਾਂ ਕੀਤੀਆਂ ਪਰ ਨਾਲ ਹੀ ਕੇਂਦਰ ‘ਤੇ ਜੰਮ ਕੇ ਹਮਲੇ ਵੀ ਕੀਤੇ। ਉਨ੍ਹਾਂ ਨੇ ਕਿਹਾ ਕਿ ਕੁੰਭ ਮੇਲੇ ‘ਚ ਸੰਤਾਂ ਵਿਚਾਲੇ ਪਹੁੰਚ ਨਾ ਪਾਉਣ ਦਾ ਦੁਖ ਉਨ੍ਹਾਂ ਨੂੰ ਅੱਜ ਵੀ ਹੈ। ਸੰਤਾਂ ਵਿਚਾਲੇ ਬੈਠਣਾ ਸਨਮਾਨ ਵਾਲੀ ਗੱਲ ਹੈ। ਅੱਜਤੱਕ ਕਿਸੇ ਵੀ ਸੰਤ ਨੇ ਮੇਰੇ ਕੋਲੋਂ ਕੁਝ ਨਹੀਂ ਮੰਗਿਆ ਹੈ। ਸਰਕਾਰ ਤੋਂ ਕੁਝ ਨਹੀਂ ਮੰਗਿਆ ਹੈ। ਸੰਤਾਂ ਦੇ ਅਸ਼ੀਰਵਾਦ ਨਾਲ ਹੀ ਕੇਰਸ ਸਭ ਤੋਂ ਜ਼ਿਆਦਾ ਸਿੱਖਿਅਤ ਸੂਬਾ ਹੈ। ਉਨ੍ਹਾਂ ਯੋਗ ਗੁਰੂ ਬਾਬਾ ਰਾਮਦੇਵ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਬਾਬਾ ਰਾਮਦੇਵ ਦਾ ਮੈਨੇਜਮੈਂਟ ਗਜਬ ਦਾ ਹੈ। ਉਨ੍ਹਾਂ ਨੇ ਵਰਲਡ ਰਿਕਾਰਡ ਬਣਾਇਆ ਹੈ। ਬਾਬਾ ਰਾਮਦੇਵ ਨੂੰ ਅਸੀਂ ਉਸ ਸਮੇਂ ਤੋਂ ਜਾਣਦੇ ਹਾਂ ਜਦੋਂ ਉਹ ਸਾਇਕਲ ਚਲਾਉਂਦੇ ਸਨ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਾਬਾ ਰਾਮਦੇਵ ‘ਤੇ ਬਹੁਤ ਜੁਲਮ ਕੀਤੇ ਹਨ। ਵਿਰੋਧੀਆਂ ਦੀ ਗੱਲ ਨੂੰ ਇਹ ਸਰਕਾਰ ਪਚਾ ਨਹੀਂ ਪਾਉਂਦੀ। ਬਾਬਾ ਰਾਮਦੇਵ ਦੇਸ਼ ਦੀ ਸਿਹਤ ਨੂੰ ਠੀਕ ਕਰ ਰਹੇ ਹਨ। ਮੋਦੀ ਨੇ ਕਿਹਾ ਕਿ ਦੇਸ਼ ਸਰਕਾਰਾਂ ਜਾਂ ਮੰਤਰੀਆਂ ਨਾਲ ਨਹੀਂ ਬਣਿਆ ਸਗੋਂ ਇਸ ਨੂੰ ਰਿਸ਼ੀਆਂ ਮੁਨੀਆਂ ਅਤੇ ਸੰਤਾਂ ਨੇ ਬਣਾਇਆ ਹੈ। ਮੋਦੀ ਨੇ ਕਿਹਾ ਕਿ 2002 ਤੋਂ ਬਾਅਦ ਗੁਜਰਾਤ ‘ਚ ਕੋਈ ਦੰਗੇ ਨਹੀਂ ਹੋਏ ਹਨ। ਇਹੀ ਨਹੀਂ 2002 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਮੈਂ ਕਿਹਾ ਸੀ ਕਿ ਹੁਣ ਚੋਣਾਂ ਦੀ ਰਾਜਨੀਤੀ ਖਤਮ ਹੋ ਗਈ ਹੈ। ਦੋਸ਼-ਆਰੋਪਾਂ ਦਾ ਦੌਰ ਵੀ ਖਤਮ ਹੋ ਗਿਆ ਹੈ ਪਰ ਸੰਤਾਂ ਦੇ ਅਸ਼ੀਰਵਾਦ ਨਾਲ ਅਸੀਂ ਇਕ ਗੱਲ ਕਹੀ ਸੀ ਕਿ ਜਿਸ ਨੇ ਮੈਨੂੰ ਵੋਟ ਨਹੀਂ ਦਿੱਤਾ ਹੈ ਉਹ ਵੀ ਮੇਰਾ ਹੈ, ਜਿਸ ਨੇ ਕਿਸੇ ਨੂੰ ਵੋਟ ਨਹੀਂ ਦਿੱਤਾ ਉਹ ਵੀ ਮੇਰਾ ਹੈ। ਅਤੇ ਅੱਜ ਤੱਕ ਅਸੀਂ ਉਸੇ ਰਸਤੇ ‘ਤੇ ਹਾਂ ਅਤੇ ਸਾਰਿਆਂ ਨੂੰ ਖੁਸ਼ ਕਰਨਾ ਮੇਰਾ ਟੀਚਾ ਹੈ।

ਆਪਣੇ ਬਾਰੇ ਬੋਲਦੇ ਹੋਏ ਮੋਦੀ ਨੇ ਕਿਹਾ ਕਿ ਮੇਰੇ ਵਿਰੋਧੀ ਕਹਿੰਦੇ ਹਨ ਕਿ ਮੋਦੀ ਖਾਸ ਪਲਾਨਿੰਗ ਤਹਿਤ ਅੱਗੇ ਵਧਦੇ ਹਨ ਪਰ ਇਹ ਗਲਤ ਹੈ। ਮੇਰੀ ਕੋਈ ਪਲਾਨਿੰਗ ਨਹੀਂ ਹੈ। ਮੈਂ ਵੀ ਇਕ ਆਮ ਇਨਸਾਨ ਹਾਂ ਅਤੇ ਆਮ ਆਦਮੀ ਦਾ ਦਰਦ ਸਮਝਦਾ ਹਾਂ। ਮੈਂ ਵੀ ਛੋਟੇ ਪਿੰਡ ‘ਚ ਪੈਦਾ ਹੋਇਆ ਹਾਂ। ਮੋਦੀ ਨੇ ਕਿਹਾ ਕਿ ਗੁਜਰਾਤ ਦੀ ਚਰਚਾ ਅੱਜ ਪੂਰੇ ਵਿਸ਼ਵ ‘ਚ ਹੁੰਦੀ ਹੈ। ਗੁਜਰਾਤ ਦਾ ਵਿਕਾਸ ਦੇਖ ਕੇ ਹਰ ਕੋਈ ਦੰਗ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਧਰਤੀ ਨੇ ਕਈ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ। ਤਿੰਨ ਸਾਲ ਪਹਿਲਾਂ ਜਦੋਂ ਭੂਚਾਲ ਆਇਆ ਸੀ ਤਾਂ ਸਾਰੇ ਕਹਿੰਦੇ ਸਨ ਕਿ ਗੁਜਰਾਤ ਕਦੇ ਖੜ੍ਹਾ ਨਹੀਂ ਹੋ ਪਾਏਗਾ ਪਰ ਗੁਜਰਾਤ ਦੇ ਲੋਕਾਂ ਦੀ ਮਿਹਨਤ ਅਤੇ ਭਾਈਚਾਰੇ ਨੇ ਗੁਜਰਾਤ ਨੂੰ ਉਸ ਹਾਦਸੇ ਤੋਂ ਬਹੁਤ ਛੇਤੀ ਉਭਾਰਿਆ ਅਤੇ ਗੁਜਰਾਤ ਵਿਕਾਸ ਦੀਆਂ ਬੁਲੰਦੀਆਂ ਨੂੰ ਛੁਹਣ ਲੱਗਾ।

ਮੋਦੀ ਨੇ ਕਿਹਾ ਕਿ ਗੁਜਰਾਤ ਦੇ ਵਿਕਾਸ ਦਾ ਕਾਰਨ ਮੋਦੀ ਨਹੀਂ ਹੈ ਸਗੋਂ ਉਹ 6 ਕਰੋੜ ਗੁਜਰਾਤੀ ਹਨ ਜਿਨ੍ਹਾਂ ਨੇ ਹਰ ਮੁਸ਼ਕਿਲ ਦਾ ਡਟ ਕੇ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ 6 ਕਰੋੜ ਗੁਜਰਾਤੀ ਮਿਲ ਕੇ ਇਕ ਸੂਬੇ ਨੂੰ ਵਿਕਾਸ ਦਾ ਮਾਡਲ ਬਣਾ ਸਕਦੇ ਹਨ ਤਾਂ ਸਵਾ ਸੌ ਕਰੋੜ ਹਿੰਦੋਸਤਾਨੀ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਰਾਸ਼ਟਰ ਕਿਉਂ ਨਹੀਂ ਬਣਾ ਸਕਦੇ। ਮੋਦੀ ਨੇ ਕਿਹਾ ਕਿ ਮੈਨੂੰ ਸੰਤਾਂ ਤੋਂ ਇਕ ਮੰਤਰ ਮਿਲਿਆ ਸੀ ਅਤੇ ਉਹ ਮੰਤਰ ਇਹ ਹੈ ਕਿ ਸਾਰਿਆਂ ਦਾ ਭਲਾ। ਮੇਰਾ ਉਦੇਸ਼ ਸਾਰਿਆਂ ਦਾ ਭਲਾ ਕਰਨਾ ਹੈ ਅਤੇ ਇਸ ਵਿਚ ਹੀ ਮੈਨੂੰ ਸੁਖ ਦਾ ਅਹਿਸਾਸ ਹੁੰਦਾ ਹੈ।


Like it? Share with your friends!

0

ਸੱਚ ਬੋਲਣ 'ਤੇ ਰਾਮਦੇਵ 'ਤੇ ਜ਼ੁਲਮ ਹੋਇਆ : ਮੋਦੀ