ਸੰਤ ਸੀਚੇਵਾਲ ਦੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਹੋਈ ਉਚੇਚੀ ਮੀਟਿੰਗ


ਨਵੀਂ ਦਿੱਲੀ, 26 ਅਪ੍ਰੈਲ (ਪਪ) : ਪਾਰਲੀਮੈਂਟ ਹਾਊਸ ਵਿੱਚਲੇ ਪ੍ਰਧਾਨ ਮੰਤਰੀ ਦਫਤਰ ‘ਚ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ‘ਚ ਉਚੇਚੀ ਮੀਟਿੰਗ ਹੋਈ।ਇਸ ਮੀਟਿੰਗ ‘ਚ ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਦੇ ਧਿਆਨ ‘ਚ ਲਿਆਂਦਾ ਕਿ ਪਵਿੱਤਰ ਕਾਲੀ ਵੇਈਂ ਜਿਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਹੈ ‘ਚ ਅਜੇ ਵੀ ਗੰਦੇ ਪਾਣੀ ਪੈ ਰਹੇ ਹਨ।ਇਸ ਦੀ ਪਵਿੱਤਰਤਾ ਬਹਾਲ ਰੱਖਣ ਲਈ ਕੇਂਦਰ ਸਹਾਇਤਾ ਨਾਲ ਲੱਗਣ ਵਾਲੇ ਟਰੀਟਮੈਂਟ ਪਲਾਂਟ ਅਜੇ ਵੀ ਅਧੂਰੇ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਮੀਟਿੰਗ ਦਾ ਮਕਸਦ ਪੰਜਾਬ ਦੇ ਪਾਣੀਆਂ ਨੂੰ ਗੰਧਲੇ ਹੋਣ ਤੋਂ ਬਚਾਉਣਾ ਸੀ।ਇਸ ਮੀਟਿੰਗ ਦੌਰਾਨ ਮੈਂਬਰ ਪਾਰਲੀਮੈਂਟ ਸ਼੍ਰੀ ਮਹਿੰਦਰ ਸਿੰਘ ਕੇ.ਪੀ ਵੀ ਹਾਜ਼ਰ ਸਨ।

ਪਹਿਲੀਵਾਰ ਪ੍ਰਧਾਨ ਮੰਤਰੀ ਨਾਲ ਹੋਈ ਮੁਲਾਕਾਤ ਦਾ ਜ਼ਿਕਰ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਉਨ੍ਹਾਂ 2200 ਕਰੋੜ ਦੀ ਵਿਸ਼ੇਸ਼ ਗਰਾਂਟ ਨਾਲ ਪੰਜਾਬ ਦੇ ਦਰਿਆਵਾਂ ਨੂੰ 30 ਨਵੰਬਰ 2011 ਤੱਕ ਸਾਫ ਕਰਨ ਦੇ ਮਿੱਥੇ ਟੀਚੇ ਦੇ ਬਾਵਜੂਦ ਇਸ ਅਧੂਰੇ ਪਏ ਪ੍ਰਜੈਕਟ ਨੂੰ ਪੂਰਾ ਕਰਨ ਦਾ ਮਾਮਲਾ ਰੱਖਿਆ। ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਹੋ ਰਹੀ ਦੇਰੀ ਦਾ ਪਤਾ ਲਗਾਉਣਗੇ। ਲੱਗਭੱਗ ਵੀਹ ਮਿੰਟ ਚੱਲੀ ਇਸ ਮੀਟਿੰਗ ‘ਚ ਸੰਤ ਸੀਚੇਵਾਲ ਨੇ ਕਾਲਾ ਸੰਘਿਆ ਡਰੇਨ,ਬੁੱਢਾ ਨਾਲਾ,ਚਿੱਟੀ ਵੇਈਂ ਸਮੇਤ ਪੰਜਾਬ ਦੀਆਂ ਹੋਰ ਡਰੇਨਾਂ ਦਾ ਮਾਮਲਾ ਚੁੱਕਿਆ ਕਿ ਕਿਵੇਂ ਇਹ ਡਰੇਨਾਂ ਜ਼ਹਿਰ ਦੇ ਨਾਲੇ ਬਣਕੇ ਵੱਗ ਰਹੀਆ ਹਨ।

ਸੰਤ ਸੀਚੇਵਾਲ ਨੇ ਦੱਸਿਆ ਉਨ੍ਹਾਂ ਪ੍ਰਧਾਨ ਮੰਤਰੀ ਡਾ:ਮਨਮੋਹਨ ਸਿੰਘ ਨੂੰ ਕਾਲੀ ਵੇਈਂ ਦਾ ਇਤਿਹਾਸਕ ਪਿਛੋਕੜ ਵੀ ਦੱਸਿਆ।ਉਨ੍ਹਾਂ ਕਿਹਾ ਕਿ ਇਸ ਵੇਈਂ ਨੂੰ ਪੰਜਾਬ ਸਰਕਾਰ ਵੱਲੋਂ ਪਵਿੱਤਰ ਐਲਾਨਿਆ ਹੋਇਆ ਹੈ ਪਰ ਇਸ ਦੇ ਬਾਵਜੂਦ ‘ਚ ਇਸ ਗੰਦੇ ਪਾਣੀ ਪੈ ਰਹੇ ਹਨ। ਇਲਾਕੇ ਦੀਆਂ ਸੰਗਤਾਂ ਪਿੱਛਲੇ 13 ਸਾਲਾਂ ਤੋਂ ਲਗਾਤਾਰ ਸੇਵਾ ਕਰਦੀਆਂ ਆ ਰਹੀਆਂ ਹਨ।ਇਸ ਵੇਈਂ ‘ਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ:ਏ.ਪੀ.ਜੇ ਅਬਦੁਲ ਕਲਾਮ ਦੀਆਂ ਦੋ ਫੇਰੀਆਂ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਇਸ ਸੇਵਾ ਦੀ ਚਰਚਾ ਕੌਮਾਂਤਰੀ ਪੱਧਰ ਮੈਗਜ਼ੀਨ ਟਾਈਮਜ਼ ‘ਚ ਵੀ ਕੀਤੀ ਜਾ ਚੁੱਕੀ ਹੈ।ਉਨ੍ਹਾਂ ਡਾ. ਮਨਮੋਹਨ ਸਿੰਘ ਨੂੰ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਵੀ ਦਿੱਤਾ।

ਡਾ. ਮਨਮੋਹਨ ਸਿੰਘ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਉਹ ਤੁਹਾਡੇ ਵੱਲੋਂ ਪੰਜਾਬ ‘ਚ ਕੀਤੇ ਜਾ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਹੈ।ਉਨ੍ਹਾਂ ਬਾਬਾ ਜੀ ਦਾ ਇਸ ਗੱਲ ਲਈ ਧੰਨਵਾਦ ਵੀ ਕੀਤਾ ਕਿ ਉਹ ਪੰਜਾਬ ਲਈ ਬਹਤ ਕੁਝ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਦਰਿਆਵਾਂ ਵਿੱਚ ਪੈ ਰਹੇ ਜ਼ਹਿਰੀਲੇ ਪਾਣੀਆਂ ਤੋਂ ਕਾਫੀ ਚਿੰਤਤ ਹਨ ਅਤੇ ਜਲਦ ਇਸ ਦੇ ਸੰਭਾਵੀ ਹੱਲ ਲਈ ਯਤਨ ਕਰਨਗੇ। ਸੰਤ ਸੀਚੇਵਾਲ ਨੇ ਇਸ ਮੌਕੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ੴ ਚੈਰੀਟੇਬਲ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਅੰਗਰੇਜ਼ੀ ‘ਚ ਤਿਆਰ ਕੀਤੀ ਰੰਗਦਾਰ ਵਿਸ਼ੇਸ਼ ਪੁਸਤਕ ਵੀ ਭੈਂਟ ਕੀਤੀ।ਉਨ੍ਹਾਂ ਲਿਖਤੀ ਤੋਰ ‘ਤੇ ਪੰਜਾਬ ਦੇ ਜ਼ਹੀਰਲੇ ਹੋ ਰਹੇ ਪਾਣੀ ਦੇ ਕੁਦਰਤੀ ਸਰੋਤਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਮੈਂਬਰ ਪਾਰਲੀਮੈਂਟ ਸ਼੍ਰੀ ਮਹਿੰਦਰ ਸਿੰਘ ਕੇ.ਪੀ ਨੇ ਸੰਤ ਸੀਚੇਵਾਲ ਵੱਲੋਂ ਉਠਾਇਆ ਮੁੱਦਿਆਂ ਦੀ ਪ੍ਰੋੜਤਾ ਕਰਦਿਆ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਦੱਸਿਆ ਕਿ ਕਾਲਾ ਸੰਘਿਆ ਡਰੇਨ ਦਾ ਮਾਮਲਾ ਬੜਾ ਗੰਭੀਰ ਬਣਿਆ ਹੋਇਆ ਹੈ।ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵੱਲ ਉਚੇਚਾ ਧਿਆਨ ਦੇਣ।ਇਸ ਮੌਕੇ ਸੰਤ ਸੀਚੇਵਾਲ ਨਾਲ ਸੰਤ ਸੁਖਜੀਤ ਸਿੰਘ ,ਸੁਰਜੀਤ ਸਿੰਘ ਸ਼ੰਟੀ ਤੇ ਅਮਰੀਕ ਸਿੰਘ ਸੰਧੂ ਹਾਜ਼ਰ ਸਨ।


Like it? Share with your friends!

0

ਸੰਤ ਸੀਚੇਵਾਲ ਦੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਹੋਈ ਉਚੇਚੀ ਮੀਟਿੰਗ