ਸਵਾਮੀ ਵਿਵੇਕਾਨੰਦ 150 ਸਾਲਾ ਸਮਾਰੋਹਾਂ 'ਚ ਬਾਬੇ ਨਾਨਕ ਦੀ ਵੇਈਂ ਦੀ ਹੋਵੇਗੀ ਚਰਚਾ

ਸੰਤ ਸੀਚੇਵਾਲ ਨਾਲ ਮਿਲਕੇ ਪੰਜਾਬ ‘ਚ ਨਸ਼ਿਆ ਵਿਰੁੱਧ ਚਲਾਈ ਜਾਵੇਗੀ ਮਹੁੰਮ

ਸੁਲਤਾਨਪੁਰ ਲੋਧੀ, 4 ਅਪ੍ਰੈਲ (ਪਪ) : ਸਵਾਮੀ ਵਿਵੇਕਾਨੰਦ 150 ਸਾਲਾ ਸਮਾਰੋਹ ਆਯੋਜਨ ਸੰਮਤੀ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ‘ਚ ਸਮੁੱਚੀ ਮਨੁੱਖਤਾਂ ਨੂੰ ਸੇਧ ਦੇਣ ਵਾਲੀ ਬਾਬੇ ਨਾਨਕ ਦੀ ਵੇਈਂ ਦੀ ਚਰਚਾ ਕੀਤੀ ਜਾਵੇਗੀ।ਇਸ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਕਰਵਾਉਣ ਵਾਲੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਮਿਲਕੇ ਜੱਥੇਬੰਦੀ ਪੰਜਾਬ ਨਸ਼ਿਆਂ ਵਿਰੁੱਧ ਸ਼ੰਘਰਸ਼ ਛੇੜੇਗੀ।ਇੰਨ੍ਹਾਂ ਵਿਚਾਰ ਦਾ ਪ੍ਰਗਟਾਵਾ ਕੰਨਿਆਕੁਮਾਰੀ ਵਿਖੇ ਸਵਾਮੀ ਵਿਵੇਕਾਨੰਦ ਸ਼ਿਲਾ ਸਮਾਰਕ ਦੀ ਰਾਸ਼ਟਰੀ ਉਪ ਪ੍ਰਧਾਨ ਭੈਣ ਨਿਵੇਦਿਤਾ ਬੀੜੇ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ‘ਚ ਸੰਮਤੀ ਦੇ ਸੂਬਾਈ ਪ੍ਰਧਾਨ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਕੀਤੀ ਗਈ ਉਚੇਚੀ ਮੀਟਿੰਗ ਤੋਂ ਬਾਆਦ ਕੀਤਾ।

ਉਨ੍ਹਾਂ ਦੇ ਨਾਲ ਕੰਨਿਆਕੁਮਾਰੀ ਸੈਂਟਰ ਚੰਡੀਗੜ੍ਹ ਤੋਂ ਆਈ ਭੈਣ ਅਲਕਾ ਗੌਰੀ, ਸ੍ਰੀ ਵਿਜੇ ਸਿੰਘ, ਸ੍ਰ ਰਾਮ ਸਿੰਘ ਦਿਹਾਤੀ ਇੰਚਾਰਜ਼, ਸ੍ਰ ਅਨੂਪ ਸਿੰਘ ਤੇ ਹੋਰ ਆਗੂਆਂ ਨੇ ਦੱਸਿਆ ਕਿ ਸੁਲਤਾਨਪੁਰ ਦੀ ਧਰਤੀ ਨੇ ਇਸ ਦੇਸ਼ ‘ਤੇ ਸਮਾਜ ਨੂੰ ਬਹੁਤ ਕੁਝ ਦਿੱਤਾ ਹੈ।ਭੈਣ ਨਿਵੇਦਿਤਾ ਨੇ ਕਿਹਾ ਕਿ ਲੋਕਾਂ ਨੂੰ ਨਾਲ ਲੈਕੇ ਕਾਲੀ ਵੇਈਂ ਨੂੰ ਪ੍ਰਦੂਸ਼ਿਤ ਮੁਕਤ ਕਰਨ ਦੀ ਉਦਾਹਰਣ ਦੁਨੀਆਂ ‘ਚ ਹੋਰ ਕਿਧਰੇ ਨਹੀਂ ਮਿਲਦੀ।ਉਨ੍ਹਾਂ ਕਿਹਾ ਕਿ ਲੋਕਾਂ ਤੇ ਖਾਸ ਕਰਕੇ ਨੌਜਵਾਨਾਂ ਦੇ ਮਨਾਂ ‘ਚ ਹੱਥੀ ਕੰਮ ਕਰਨ ਦੀ ਚਿਣਗ ਬਾਲਣੀ ਇੱਕ ਵੱਡੀ ਗੱਲ ਹੈ ਜੋ ਸੰਤ ਸੀਚੇਵਾਲ ਨੇ ਕੰਮ ਕਰਕੇ ਦਿਖਾਇਆ ਹੈ ਇਹੀ ਚਿਣਗ ਸਵਾਮੀ ਵਿਵਕੇਨੰਦ ਦੇਸ਼ ਦੇ ਨੌਜਵਾਨਾਂ ਦੇ ਮਨਾਂ ਅੰਦਰ ਬਾਲਣੀ ਚਹੁੰਦੇ ਸਨ।

ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਬੇਹੱਦ ਪ੍ਰਭਾਵਿਤ ਸਨ ਤੇ ਉਨ੍ਹਾਂ ਦੇ ਜੀਵਨ ਤੋਂ ਹੀ ਸੇਧ ਲੇਕੇ ਬਹੁਤ ਸਾਰੇ ਕੰਮ ਕਰਦੇ ਸਨ।ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਨੌਜਵਾਨ ਨਸ਼ਿਆਂ ‘ਚ ਬੁਰੀ ਤਰ੍ਹਾਂ ਗ੍ਰਸਤ ਹਨ ।ਉਨ੍ਹਾਂ ਕਿਹਾ ਇਸ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਦਿਸ਼ਾਂ ਦੇਣ ਦੀ ਬੇਹੱਦ ਸਖਤ ਲੋੜ ਹੈ।ਉਨ੍ਹਾਂ ਕਿਹਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਲਈ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਮਿਲਕੇ ਮਹੁੰਮ ਚਲਾਈ ਜਾਵੇਗੀ। ਇਸ ਮੌਕੇ ਸੰਤ ਸੀਚੇਵਾਲ ਨੇ ਪਵਿੱਤਰ ਕਾਲੀ ਵੇਈਂ ਦੇ ਸਾਫ ਹੋਏ ਪਾਣੀ ਦੇ ਨਾਮੂਨੇ ਦਿਖਾਏ ਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਅਮਰੀਕ ਸਿੰਘ ਸੰਧੂ, ਗੁਰਵਿੰਦਰ ਸਿੰਘ ਬੋਪਾਰਾਏ, ਗਿਆਨੀ ਜਸਵੀਰ ਸਿੰਘ, ਭੈਣ ਸੁਰਿੰਦਰ ਕੌਰ, ਅਵਤਾਰ ਰੇਡੀਉੁ ਦੇ ਹਰਪ੍ਰੀਤ ਸਿੰਘ ਕਾਹਲੋਂ ਆਦਿ ਹਾਜ਼ਰ ਸਨ।