ਪੁਲਿਸ ਮੁਲਾਜ਼ਮ ਦੀ ਧਮਕੀ ਤੋਂ ਮ੍ਰਿਤਕ ਕੈਦੀ ਦੇ ਵਾਰਸ ਭੜਕੇ


ਫ਼ਰੀਦਕੋਟ, 21 ਅਪ੍ਰੈਲ (ਏਜੰਸੀ) : ਇੱਥੋਂ ਦੀ ਮਾਡਰਨ ਜੇਲ੍ਹ ਵਿੱਚ ਜੇਲ੍ਹ ਦੇ ਕਥਿਤ ਦੁਰ ਪ੍ਰਬੰਧਾਂ ਕਾਰਨ ਮਾਰੇ ਗਏ ਕੈਦੀ ਜਰਨਲ ਸਿੰਘ ਦੇ ਪਰਿਵਾਰਕ ਮੈਂਬਰ ਉਸ ਦੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਫੋਰੈਂਸਿੰਕ ਵਿਭਾਗ ਵਿੱਚ ਪੁੱਜੇ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਸਿਵਲ ਕੱਪੜਿਆਂ ਵਿੱਚ ਆਏ ਇੱਕ ਸਹਾਇਕ ਥਾਣੇਦਾਰ ਨੇ ਮੈਡੀਕਲ ‘ਚ ਮੌਜੂਦ ਮ੍ਰਿਤਕ ਦੇ ਵਾਰਸਾਂ ਅਤੇ ਰਿਸ਼ਤੇਦਾਰਾਂ ਨੂੰ ਇੱਥੋਂ ਜਾਣ ਲਈ ਕਿਹਾ, ਪਰੰਤੂ ਜਦੋਂ ਵਾਰਸਾਂ ਤੇ ਰਿਸ਼ਤੇਦਾਰਾਂ ਨੇ ਇੱਥੋਂ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਸਹਾਇਕ ਥਾਣੇਦਾਰ ਆਪਣੀ ਗੱਡੀ ਵਿੱਚੋਂ ਡਾਂਗ ਕੱਢ ਲਿਆਇਆ ਅਤੇ ਮ੍ਰਿਤਕ ਕੈਦੀ ਦੇ ਵਾਰਸਾਂ ਨੂੰ ਕਥਿਤ ਤੌਰ ‘ਤੇ ਧਮਕਾਉਣਾ ਸ਼ੁਰੂ ਕਰ ਦਿੱਤਾ।

ਪੁਲਿਸ ਦੀ ਇਸ ਕਾਰਵਾਈ ਖਿਲਾਫ਼ ਰਿਸ਼ਤੇਦਾਰ ਅਤੇ ਹੋਰ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਮਾਮਲਾ ਭਖਣ ਤੋਂ ਬਾਅਦ ਕਸੂਰਵਾਰ ਪੁਲਿਸ ਮੁਲਾਜ਼ਮ ਮੌਕੇ ਤੋਂ ਫਰਾਰ ਹੋ ਗਿਆ। ਬਾਅਦ ਵਿੱਚ ਥਾਣਾ ਸਿਟੀ ਦੇ ਐੱਸਐੱਚਓ ਨਰਿੰਦਰ ਸਿੰਘ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ। ਜ਼ਿਲ੍ਹਾ ਪਿਲਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਕੈਦੀ ਦੀ ਲਾਸ਼ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੌਕੇ ‘ਤੇ ਕੋਈ ਖਾਸ ਘਟਨਾ ਨਹੀਂ ਵਾਪਰੀ ਅਤੇ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਰਿਹਾ।

ਉਨ੍ਹਾਂ ਕਿਹਾ ਕਿ ਦੋ ਕੈਦੀਆਂ ਦੀ ਜੇਲ੍ਹ ‘ਚ ਮੌਤ ਸਬੰਧੀ ਪ੍ਰਸ਼ਾਸਨ ਪੜਤਾਲ ਕਰ ਰਿਹਾ ਹੈ ਅਤੇ ਇਸ ਸਬੰਧੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਵੇਗੀ। ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਅਤੇ ਵਾਰਸ ਬਲਵੰਤ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਬੂਟਾ ਸਿੰਘ ਅਤੇ ਅਨੂਪ ਸਿੰਘ ਨੇ ਦੋਸ਼ ਲਾਇਆ ਕਿ ਜਰਨੈਲ ਸਿੰਘ ਦੀ ਸਿਹਤ ਬਿਲਕੁਲ ਤੰਦਰੁਸਤ ਸੀ ਅਤੇ ਉਹ ਜੇਲ੍ਹ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਕਾਰਨ ਮਰਿਆ ਹੈ ਅਤੇ ਹੁਣ ਇਸ ਅਣਗਹਿਲੀ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Like it? Share with your friends!

0

ਪੁਲਿਸ ਮੁਲਾਜ਼ਮ ਦੀ ਧਮਕੀ ਤੋਂ ਮ੍ਰਿਤਕ ਕੈਦੀ ਦੇ ਵਾਰਸ ਭੜਕੇ