ਦਹਾਕਿਆਂ ਬਾਅਦ ਗੁਰਦੁਆਰਾ ਬੇਰ ਸਾਹਿਬ ਦੇ ਪੱਤਣ 'ਤੇ ਮਨਾਈ ਗਈ ਵਿਸਾਖੀ


ਸੰਤ ਸੀਚੇਵਾਲ ਵੱਲੋਂ ਤਿਆਰ ਕੀਤੇ ਇਸ਼ਨਾਨ ਘਾਟਾਂ ਨੇ ਵੇਈਂ ਦੀ ਸੁੰਦਰਤਾ ‘ਚ ਕੀਤਾ ਵਾਧਾ

ਸੁਲਤਾਨਪੁਰ ਲੋਧੀ 13 ਅਪ੍ਰੈਲ (ਪਪ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ‘ਚ ਗੁਰਦੁਆਰਾ ਬੇਰ ਸਾਹਿਬ ਵਾਲੇ ਪੱਤਣ ‘ਤੇ ਦਹਾਕਿਆਂ ਬਾਆਦ ਸੰਗਤਾਂ ਨੇ ਇਸ਼ਨਾਨ ਕਰਕੇ ਵਿਸਾਖੀ ਦਾ ਦਿਹਾੜਾ ਮਨਾਇਆ। ਪਿੱਛਲੇ 13 ਸਾਲਾਂ ਤੋਂ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਕਰਵਾ ਰਹੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਬੇਰ ਸਾਹਿਬ ਨੇੜਲੇ ਪੱਤਣ ‘ਤੇ ਇਸ਼ਨਾਨ ਘਾਟ ਬਣਾਉਣ ਦੀ ਕਾਰ ਸੇਵਾ ਦਿੱਤੀ ਸੀ। ਹਾਲਾਂ ਕਿ ਸੰਤ ਬਲਬੀਰ ਸਿੰਘ ਸੀਚੇਵਾਲ 13 ਸਾਲਾਂ ਤੋਂ 160 ਕਿਲੋਮੀਟਰ ਲੰਬੀ ਬਾਬੇ ਨਾਨਕ ਦੀ ਵੇਈਂ ਦੀ ਕਾਰ ਸੇਵਾ ‘ਚ ਸੰਗਤਾਂ ਸਮੇਤ ਜੁਟੇ ਹੋਏ ਹਨ।

ਪਵਿੱਤਰ ਕਾਲੀ ਵੇਈਂ ‘ਚ ਵੱਖ ਵੱਖ ਸ਼ਹਿਰਾਂ ‘ਤੇ ਪਿੰਡਾਂ ਦਾ ਗੰਦਾ ਪਾਣੀ ਪੈਣ ਕਾਰਨ ਸੰਗਤਾਂ ਨੇ ਬਾਬੇ ਨਾਨਕ ਦੀ ਵੇਈਂ ‘ਚ ਇਸ਼ਨਾਨ ਕਰਨ ਤੋਂ ਮੂੰਹ ਮੋੜ ਲਿਆ ਸੀ। ਜੁਲਾਈ 2000 ਤੋਂ ਇਸ ਦੀ ਕਾਰ ਸੇਵਾ ਕਰਵਾ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਦੇ ਸਹਿਯੋਗ ਨਾਲ ਇਸ ‘ਚ ਮੁੜ ਜਲ ਦੀ ਸ਼ੁਧਤਾ ਵਾਸਤੇ ਕੀਤੇ ਤਕੜੇ ਸ਼ੰਘਰਸ਼ ਤੋਂ ਬਾਆਦ ਵੇਈਂ ‘ਚ ਸ਼ੁੱਧ ਜਲ ਆਉਣ ਨਾਲ ਇਸ ਦੇ ਕੰਢਿਆਂ ‘ਤੇ ਬਣੇ ਇਸ਼ਨਾਨ ਘਾਟਾਂ ‘ਤੇ ਵਿਸਾਖੀ ਦੇ ਦਿਹਾੜੇ ਲੋਕ ਵੱਡੀ ਗਿਣਤੀ ‘ਚ ਇਸ਼ਨਾਨ ਕਰਨ ਲਈ ਆਉਣ ਲੱਗ ਪਏ ਹਨ। ਸਾਲ 2012 ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਹੀ ਇਸ਼ਨਾਨ ਘਾਟ ਬਣਾਉਣ ਸ਼ੁਰੂ ਕੀਤੇ ਸਨ ਜਿਹੜੇ ਵਿਸਾਖੀ ਮੌਕੇ ਬਣ ਕੇ ਤਿਆਰ ਕਰ ਦਿੱਤੇ ਗਏ ਹਨ।

ਸੁਲਤਾਨਪੁਰ ਲੋਧੀ ਸਮੇਤ ਹੋਰਨਾਂ ਪਿੰਡਾਂ ਸ਼ਹਿਰਾਂ ਦੇ ਲੋਕ ਇੰਨ੍ਹਾਂ ਇਸ਼ਨਾਨ ਘਾਟਾਂ ਨੂੰ ਇੱਕ ਤੋਹਫ਼ੇ ਵੱਜੋ ਦੇਖ ਰਹੇ ਹਨ।ਪਵਿੱਤਰ ਕਾਲੀ ਵੇਈ ਦੀ ਅੰਰਭਤਾ ਵਾਲੇ ਪਾਸੇ ਗਾਲੋਵਾਲ ਤੜਕੇ ਚਾਰ ਵਜੇ ਸੰਗਤਾਂ ਨੇ ਵੱਡੀ ਪੱਧਰ ‘ਤੇ ਬਣੇ ਘਾਟਾਂ ‘ਤੇ ਇਸ਼ਨਾਨ ਕੀਤਾ। ਇਸੇ ਤਰ੍ਹਾਂ ਭੁੱਲਥ, ਸੁਭਾਨਪੁਰ, ਭਵਾਨੀ ਪੁਰ, ਸੁਲਤਾਨਪੁਰ ਤੇ ਆਹਲੀ ਕਲਾਂ ‘ਚ ਸੰਗਤਾਂ ਨੇ ਬਾਬੇ ਨਾਨਕ ਦੀ ਇਸ ਪਵਿੱਤਰ ਵੇਈਂ ‘ਚ ਇਸ਼ਨਾਨ ਕੀਤਾ। ਸੰਤ ਸੀਚੇਵਾਲ ਜੀ ਅਤੇ ਗੁਰਸੰਗਤਾਂ ਵੱਲੋਂ ਗੁਰਦੁਆਰਾ ਬੇਰ ਸਾਹਿਬ ਵਿਖੇ ਬਣਾਏ ਗਏ ਨਵੇਂ ਇਸ਼ਨਾਨ ਘਾਟਾਂ ਕਿਨਾਰੇ ਅੰਬਾਂ ਦੇ ਬੂਟੇ ਲਗਾਏ ਗਏ। ਵੱਖ ਵੱਖ ਇਸ਼ਨਾਨ ਘਾਟਾਂ ਤੇ ਗੁਰੂ ਕੇ ਅਤੁਟ ਲੰਗਰ ਵੀ ਵਰਤਾਏ ਗਏ। ਇਸ ਮੌਕੇ ਸਜੇ ਧਾਰਮਿਕ ਦੀਵਾਨਾਂ ਦੌਰਾਨ ਜਿਥੇ ਕਵੀਸ਼ਰੀ ਜਥਿਆਂ ਨੇ ਗੁਰਬਾਣੀ ਦਾ ਗਾਇਨ ਕੀਤਾ ਉਥੇ ਸੰਤ ਅਵਤਾਰ ਸਿੰਘ ਯਾਦਗਾਰੀ ਗੱਤਕਾ ਆਖੜੇ ਦੀ ਟੀਮ ਨੇ ਆਪਣੀ ਕਲਾ ਦੇ ਜ਼ੋਹਰ ਵਿਖਾਏ।

ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਪ੍ਰਵਚਨਾਂ ‘ਚ ਕਿਹਾ ਕਿ ਪਵਿੱਤਰ ਕਾਲੀ ਵੇਈਂ ‘ਚ ਵੱਗ ਰਿਹਾ ਸ਼ੁੱਧ ਜਲ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕ ਪਾਣੀ ਦੇ ਕੁਦਰਤੀ ਸੋਮਿਆਂ ਪ੍ਰਤੀ ਜਾਗਰੂਕ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਵੇਈ ‘ਚ ਅਜੇ ਵੀ ਗੰਦੇ ਪਾਣੀ ਪੈ ਰਹੇ ਹਨ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ।ਉਨ੍ਹਾਂ ਕਿਹਾ ਕਿ ਇਸ ਦੀ ਸਵੱਛਤਾ ਨੂੰ ਬਣਾਈ ਰੱਖਣ ਦੀ ਸਖਤ ਲੋੜ ਹੈ।ਉਨ੍ਹਾਂ ਕਿਹਾ ਪਹਿਲਾ ਲੋਕ ਰਵਾਇਤੀ ਤੌਰ ‘ਤੇ ਨਦੀਆ ਦਰਿਆਵਾਂ ਦੇ ਪੱਤਣਾਂ ‘ਤੇ ਹੀ ਵਿਸਾਖੀ ਮਨਾਉਂਦੇ ਸਨ ਪਰ ਦਰਿਆਵਾਂ ‘ਚ ਫੈਕਟਰੀਆਂ ਦਾ ਜ਼ਹਿਰੀਲਾਂ ‘ਤੇ ਗੰਦਾ ਪਾਣੀ ਪੈਣ ਕਾਰਨ ਲੋਕਾਂ ਨੇ ਇਸ ਤੋਂ ਮੁੱਖ ਮੋੜ ਲਿਆ ਸੀ ਪਰ ਵੇਈਂ ਦੀ ਸ਼ੁੱਧਤਾ ਆਉਣ ਵਾਲੀਆਂ ਪੀੜੀਆਂ ਲਈ ਰਾਹ ਦਸੇਰਾ ਬਣੇਗੀ ਕਿ ਪਾਣੀ ਦੇ ਕੁਦਰਤੀ ਸੋਮਿਆ ਨੂੰ ਕਿਵੇਂ ਬਚਾਅ ਕੇ ਰੱਖਣਾ ਹੈ।ਇਸ ਮੌਕੇ ਸੰਤ ਦਇਆ ਸਿੰਘ, ਸੰਤ ਲੀਡਰ ਸਿੰਘ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਗੁਰਚਰਨ ਸਿੰਘ ਤੇ ਸੰਤ ਸੁਖਜੀਤ ਸਿੰਘ ਵੱਲੋਂ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਗਈਆਂ।

 

 

 

 

 


Like it? Share with your friends!

0

ਦਹਾਕਿਆਂ ਬਾਅਦ ਗੁਰਦੁਆਰਾ ਬੇਰ ਸਾਹਿਬ ਦੇ ਪੱਤਣ 'ਤੇ ਮਨਾਈ ਗਈ ਵਿਸਾਖੀ