ਕਨੇਡੀਅਨ ਬੈਕਲੌਗਰਜ਼ ਐਸੋਸੀਏਸ਼ਨ ਦੀ ਮੀਟਿੰਗ ਵਿਚ ਕਨੇਡਾ ਸਰਕਾਰ ਦੀ ਨਿਖੇਧੀ

ਮੋਗਾ, 21 ਅਪ੍ਰੈਲ (ਪਪ) : ਕਨੇਡਾ ਦੀ ਸਰਕਾਰ ਵੱਲੋਂ ਕਨੇਡਾ ਦੀ ਪੱਕੀ ਨਾਗਰਿਕਤਾ ਹਾਸਿਲ ਕਰਨ ਦੀ ਇੱਛਾ ਰੱਖਣ ਵਾਲੇ ਪਰਿਵਾਰਾਂ ਦੀਆਂ ਅਰਜ਼ੀਆਂ ਰੱਦ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਣ ਦੇ ਜਸਟਿਸ ਡੋਨਾਰਡ ਰੈਨੀ ਦੇ ਫੈਸਲੇ ‘ਤੇ ਅਫਸੋਸ ਦਾ ਪ੍ਰਗਟਾਵਾ ਕਰਨ ਲਈ ਕਨੇਡੀਅਨ ਬੈਕਲੌਗਰਜ਼ ਐਸੋਸੀਏਸ਼ਨ ਦੀ ਜ਼ਰੂਰੀ ਮੀਟਿੰਗ ਜਗਮੰਦਰ ਸਿੰਘ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਗਮੰਦਰ ਸਿੰਘ ਨੇ ਆਖਿਆ ਕਿ ਕਨੇਡਾ ਸਰਕਾਰ ਦੇ ਇਸ ਫੈਸਲੇ ਨੇ 2008 ਤੋਂ ਉਡੀਕ ਕਰ ਰਹੇ ਤਕਰੀਬਨ ਤਿੰਨ ਲੱਖ ਲੋਕਾਂ ਦੇ ਪਰਿਵਾਰਾਂ ਦੇ ਸੁਪਨਿਆਂ ਨੂੰ ਹਨੇਰੇ ਦੇ ਸਮੁੰਦਰ ਵਿਚ ਡੋਬ ਦਿੱਤਾ ਸੀ ਤੇ ਇਸ ਫੈਸਲੇ ਖਿਲਾਫ ਹਜ਼ਾਰਾਂ ਲੋਕਾਂ ਨੇ ਕਨੇਡਾ ਦੀ ਫੈਡਰਲ ਕੋਰਟ ਵਿਚ ਪਿਛਲੇ ਸਾਲ ਕੇਸ ਪਾਇਆ ਸੀ ਪਰ ਸਰਕਾਰੀ ਦਬਾਅ ਹੇਠ ਲਏ ਇਸ ਫੈਸਲੇ ਦੌਰਾਨ ਜੱਜ ਨੇ ਲੱਖਾਂ ਲੋਕਾਂ ਦੇ ਆਰਥਿਕ , ਸਮਾਜਿਕ ਤੇ ਮਾਨਸਿਕ ਨੁਕਸਾਨ ਦੀ ਕੋਈ ਭਰਪਾਈ ਦੀ ਗੱਲ ਨਾ ਕਰਨ ਕਰਕੇ ਲੋਕ ਸਦਮੇਂ ਵਿਚ ਹਨ।

ਉਨ੍ਹਾਂ ਦੋਸ਼ ਲਾਇਆ ਕਿ ਕਨੇਡਾ ਸਰਕਾਰ ਜਾਣ ਬੁੱਝ ਕੇ ਲਾਈਨ ਵਿਚ ਪਿੱਛੇ ਲੱਗਿਆਂ ਨੂੰ ਪਹਿਲ ਦੇ ਅਧਾਰ ‘ਤੇ ਵਿਚਾਰਦੀ ਰਹੀ ਤੇ ਸਾਡਾ ਬੈਕ ਲੌਗ ਜਾਣ ਬੁੱਝ ਕੇ ਤਿਆਰ ਕੀਤਾ ਗਿਆ । ਫੀਸਾਂ ਦੇ ਨਾਮ ‘ਤੇ ਕਨੇਡਾ ਸਰਕਾਰ ਆਪਣੇ ਨਿਰਧਾਰਤ ਏਜੰਟਾਂ ਰਾਹੀਂ ਐਪਲੀਕੈਂਟਸ ਨਾਲ ਧੋਖਾ ਕਰਕੇ ਪੈਸਾ ਇਕੱਠਾ ਕਰਦੀ ਰਹੀ। ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਗਰਗ ਨੇ ਕਿਹਾ ਕਿ ਇਕ ਪਾਸੇ ਜੱਜ ਨੇ ਆਪਣੇ ਫੈਸਲੇ ਵਿਚ ਮੰਨਿਆ ਹੈ ਕਿ ਸਰਕਾਰ ਵੱਲੋਂ ਫਾਈਲਾਂ ਘੋਖਣ ਵਿਚ ਦੇਰੀ ਹੋਈ ਹੈ ਪਰ ਫੈਸਲਾ ਬੇ-ਇਨਸਾਫੀ ਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਇਸ ਫੈਸਲੇ ਦੇ ਵਿਰੋਧ ਵਿਚ ਅਪੀਲ ਦਾਇਰ ਕਰੇਗੀ ਅਤੇ ਸੁਪਰੀਮ ਕੋਰਟ ਆਫ ਇੰਡੀਆ ਵਿਚ ਪੀ.ਆਈ.ਐੱਲ. ਵੀ ਦਾਇਰ ਕਰੇਗੀ ਤਾਂ ਕਿ ਭਾਰਤ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਜਾ ਸਕਣ ਕਿ ਉਹ ਅੰਤਰਰਾਸ਼ਟਰੀ ਵਪਾਰ ਸੰਗਠਨ, ਅੰਤਰਰਾਸ਼ਟਰੀ ਅਦਾਲਤ ਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ਤੋਂ ਸਾਨੂੰ ਇਨਸਾਫ ਦਿਵਾਉਣ ਲਈ ਅਵਾਜ਼ ਉਠਾਏ।

ਉਨ੍ਹਾਂ ਕਿਹਾ ਕਿ ਜੱਥੇਬੰਦੀ ਭਵਿੱਖੀ ਨੀਤੀਆਂ ਤਹਿ ਕਰਨ ਲਈ ਚਤਰ ਸਿੰਘ ਪਾਰਕ ਲੁਧਿਆਣਾ ਵਿਖੇ 24 ਅਪ੍ਰੈਲ ਨੂੰ 11 ਵਜੇ ਜ਼ਰੂਰੀ ਮੀਟਿੰਗ ਕਰ ਰਹੀ ਹੈ। ਇਸ ਮੌਕੇ ‘ਤੇ ਜਗਮੰਦਰ ਸਿੰਘ ਪ੍ਰਧਾਨ ਤੋਂ ਇਲਾਵਾ ਕਰਨਜੀਤ ਸਿੰਘ ਮੋਗਾ, ਗੁਰਦਿੱਤ ਸਿੰਘ ਕਪੂਰੇ, ਹਰਦੇਵ ਸਿੰਘ ਪੁਰਾਣੇਵਾਲਾ , ਤਰਨਪ੍ਰੀਤ ਸਿੰਘ ਮੋਗਾ ਆਦਿ ਸ਼ਾਮਿਲ ਸਨ।