ਅਫ਼ਸਰਸ਼ਾਹੀ ਬਾਬੇ ਨਾਨਕ ਦੀ ਵੇਈਂ ਨੂੰ 'ਮਾਰਨ' 'ਤੇ ਤੁਲੀ – ਸੰਗਤਾਂ 'ਚ ਭਾਰੀ ਰੋਸ


ਸੁਲਤਾਨਪੁਰ ਲੋਧੀ, 21 ਅਪ੍ਰੈਲ (ਪਪ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਇਸ ਸਮੇਂ ਅਫ਼ਸਰਸ਼ਾਹੀ ਦੀ ਘੋਰ ਲਾਪ੍ਰਵਾਹੀ ਦਾ ਸ਼ਿਕਾਰ ਹੋਣ ਕਾਰਨ ਸੰਕਟ ‘ਚ ਆ ਗਈ ਹੈ।ਅਫ਼ਸਰਾਂ ਦੀ ਲਾਪ੍ਰਵਾਹੀ ਇਸ ਕਦਰ ਸਾਹਮਣੇ ਆਈ ਕਿ ਵਿਸਾਖੀ ਵਰਗੇ ਪਵਿੱਤਰ ਦਿਹਾੜੇ ਦੀ ਵੀ ਪ੍ਰਵਾਹ ਕੀਤੇ ਬਿਨ੍ਹਾਂ ਵੇਈਂ ‘ਚ ਮੁਕੇਰੀਆਂ ਹਾਈਡਲ ਚੈਨਲ ਤੋਂ ਪਾਣੀ ਬੰਦ ਕਰ ਦਿੱਤਾ ਗਿਆ ।ਜਦ ਕਿ ਅਫ਼ਸਰ ਇਸ ਵੇਈਂ ‘ਚ ੨੦੦ ਕਿਊਸਿਕ ਪਾਣੀ ਕਈ ਦਿਨਾਂ ਤੋਂ ਚੱਲਦਾ ਹੋਣ ਦਾ ਦਾਆਵਾ ਕਰਦੇ ਆ ਰਹੇ ਸਨ।ਇਹ ਪੋਲ ਉਸ ਸਮੇਂ ਖੁਲੀ ਜਦੋਂ ਇਸ ਵੇਈਂ ਦੀ ਪਿਛੱਲੇ 13 ਸਾਲਾਂ ਤੋਂ ਕਾਰ ਸੇਵਾ ਕਰਵਾ ਰਹੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਪ੍ਰਮੁੱਖ ਸੇਵਾਦਾਰ ਸੰਤ ਸੁਖਜੀਤ ਸਿੰਘ ਨੇ ਸਰਕਾਰੀ ਧਿਰ ਕਾਨੂੰਗੋ ਨੂੰ ਨਾਲ ਲੈਕੇ ਦੌਰਾ ਕੀਤਾ।

ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਪਵਿੱਤਰ ਕਾਲੀ ਵੇਈਂ ‘ਚ ਛੱਡਿਆ ਜਾਣ ਵਾਲਾ ਪਾਣੀ ਕਈ ਦਿਨਾਂ ਤੋਂ ਬੰਦ ਪਿਆ ਹੈ। ਵੇਈਂ ‘ਚ ਸਾਫ ਪਾਣੀ ਨਾ ਆਉਣ ਕਾਰਨ ਹਰੀਕੇ ਪੱਤਣ ਤੋਂ ਸਤਲੁਜ ਦਾ ਜ਼ਹਿਰੀਲਾ ਪਾਣੀ ਵੇਈਂ ਆ ਜਾਣ ਕਾਰਨ ਬਾਬੇ ਨਾਨਕ ਦੀ ਇਸ ਪਵਿੱਤਰ ਕਾਲੀ ਵੇਈਂ ‘ਚ ਹਾਜ਼ਾਰਾ ਦੀ ਗਿਣਤੀ ‘ਚ ਮੱਛੀਆਂ ਮਰ ਗਈਆਂ ਹਨ।ਉਨ੍ਹਾਂ ਮੌਕੇ ‘ਤੇ ਜਾ ਕੇ ਸਰਕਾਰੀ ਧਿਰ ਦੇ ਅਫਸਰ ਨੂੰ ਦਿਖਾਇਆ ਕਿ ਵੇਈਂ ਦੇ ਮੁੱਢ ਸਰੋਤ ਵਾਲੀ ਥਾਂ ਤੋਂ ਪਾਣੀ ਹੀ ਨਹੀਂ ਛੱਡਿਆ ਜਾ ਰਿਹਾ। ਜ਼ਿਕਰਯੋਗ ਹੈ ਕਿ ਪਹਿਲਾ ਵੀ ਕਈਵਾਰ ਕਾਲੀ ਵੇਈਂ ਦੇ ਸਾਫ ਪਾਣੀਆਂ ਨੂੰ ਬੰਦ ਕਰਕੇ ਬਾਬੇ ਨਾਨਕ ਦੀ ਇਤਿਹਾਸਕ ਤੇ ਪਵਿੱਤਰ ਵੇਈਂ ਦੀ ਹੋਂਦ ਨੂੰ ਹੀ ਖਤਮ ਕਰਨ ਦੇ ਯਤਨ ਕੀਤੇ ਗਏ ਸਨ ਜਿਸ ਨੂੰ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੇ ਸਫਲ ਨਹੀਂ ਸੀ ਹੋਣ ਦਿੱਤਾ।

ਪਿੱਛਲੇ ਕਈ ਦਿਨਾਂ ਤੋਂ ਸੇਵਾਦਾਰ ਵੇਈਂ ‘ਚੋਂ ਮਰੀਆਂ ਮੱਛੀਆਂ ਕੱਢ ਰਹੇ ਹਨ । ਹੁਣ ਤੱਕ ੧੫ ਤੋਂ ਵੱਧ ਮਰੀਆਂ ਮੱਛੀਆਂ ਦੀਆਂ ਭਰੀਆਂ ਟਰਾਲੀਆਂ ਕੱਢੀਆ ਜਾ ਚੁੱਕੀਆ ਹਨ।ਗੁਰਦੁਆਰਾ ਬੇਰ ਸਾਹਿਬ ਦੇ ਇਸ਼ਨਾਨ ਘਾਟਾਂ ‘ਤੇ ਅਤੇ ਨਿਰਮਲ ਕੁਟੀਆਂ ਤੇ ਹੋਰ ਆਲੇ ਦੁਆਲੇ ‘ਚ ਬਦਬੂ ਫੈਲਣ ਕਾਰਨ ਉਥੇ ਖੜੇ ਹੋਣ ਵੀ ਔਖਾ ਹੋ ਰਿਹਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਵੱਡੀ ਪੱਧਰ ‘ਤੇ ਮੱਛੀਆਂ ਮਰਨ ਦੇ ਬਾਵਜੂਦ ਵੀ ਜਿਲ੍ਹਾਂ ਪ੍ਰਸ਼ਾਸ਼ਨ ਦੀ ਨੀਂਦ ਨਹੀਂ ਟੁੱਟੀ। ਨਾ ਹੀ ਕੋਈ ਅਧਿਕਾਰੀ ਨੇ ਵੇਈਂ ਦੇ ਪਾਣੀ ਜਾਂ ਮਰੀਆਂ ਹੋਈਆਂ ਮੱਛੀਆਂ ਦੇ ਨਾਮੂਨੇ ਲਏ ਹਨ ਜਿਸ ਤੋ ਇਹ ਸ਼ਪੱਸ਼ਟ ਹੋ ਸਕੇ ਕਿ ਆਖਰ ਇਹ ਕਹਿਰ ਕਿਉ ਵਾਪਰਿਆਂ।

ਪ੍ਰਸ਼ਾਸ਼ਨ ਦੀ ਇਸ ਘੋਰ ਲਾਪ੍ਰਵਾਹੀ ਕਾਰਨ ਸੰਗਤਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਨਾ ਤਾਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਿਆ ਹੈ ਤੇ ਨਾ ਹੀ ਵਾਤਾਵਰਣ ਦੇ ਪੱਖ ਤੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਕਿ ਕੁਦਰਤੀ ਪਾਣੀ ਦੇ ਸਰੋਤਾਂ ‘ਚ ਘੁਲ ਰਹੀਆਂ ਜ਼ਹਿਰਾਂ ਕਾਰਨ ਲੱਖਾਂ ਜਲਚਰ ਜੀਵ ਮਰ ਗਏ ਹਨ। ਸੰਗਤਾਂ ਨੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਇੰਝ ਹੀ ਖਿਲਵਾੜ ਹੁੰਦਾ ਰਿਹਾ ਤਾਂ ਉਹ ਚੁੱਪ ਕਰਕੇ ਨਹੀਂ ਬੈਠਣਗੀਆ।


Like it? Share with your friends!

0

ਅਫ਼ਸਰਸ਼ਾਹੀ ਬਾਬੇ ਨਾਨਕ ਦੀ ਵੇਈਂ ਨੂੰ 'ਮਾਰਨ' 'ਤੇ ਤੁਲੀ – ਸੰਗਤਾਂ 'ਚ ਭਾਰੀ ਰੋਸ