ਅਮਰੀਕਾ ਤੇ ਚੀਨ ਨੇ ਕੀਤੀ ਉਤਰ ਕੋਰੀਆ ਦੀ ਧਮਕੀ 'ਤੇ ਚਰਚਾ

ਵਸ਼ਿੰਗਟਨ, 3 ਅਪ੍ਰੈਲ (ਏਜੰਸੀ) : ਅਮਰੀਕੀ ਰਖਿਆ ਮੰਤਰੀ ਚਕ ਹੇਗਲ ਨੇ ਅੱਜ ਚੀਨੀ ਰਖਿਆ ਮੰਤਰੀ ਜਨਰਲ ਚੇਂਗ ਵਾਨਸ਼ਿਆਨ ਨਾਲ ਉਤਰ ਕੋਰੀਆ ਵਲੋਂ ‘ਉਭਾਰੇ ਜਾ ਰਹੇ’ ਖ਼ਤਰੇ ‘ਤੇ ਚਰਚਾ ਕੀਤੀ। ਉਤਰ ਕੋਰੀਆ ਨੇ ਹਵਾਈ ਤੇ ਗੁਆਮ ਵਿਚ ਸਥਿਤ ਅਮਰੀਕੀ ਕੈਂਪਾਂ ‘ਤੇ ਹਮਲਾ ਕਰਨ ਦੀ ਧਮਕੀ ਦਿਤੀ ਸੀ। ਪੇਂਟਾਗਨ ਦੇ ਪ੍ਰੈੱਸ ਬੁਲਾਰੇ ਜਾਰਜ ਲਿਟਿਲ ਨੇ ਟੈਲੀਫ਼ੋਨ ‘ਤੇ ਦੋਵਾਂ ਆਗੂਆਂ ਵਿਚਕਾਰ ਹੋਈ ਗੱਲਬਾਤ ਦੌਰਾਨ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਨੇ ਪ੍ਰਮਾਣੂ ਹਥਿਆਰਾਂ ਅਤੇ ਬੈਲਸਿਟਕ ਮਿਜ਼ਾਈਲ ਪ੍ਰੋਗਰਾਮਾਂ ਵਲ ਉਤਰ ਕੋਰੀਆ ਦੇ ਹਮਲਾਵਰੀ ਰੂਪ ਨਾਲ ਵਧਣ ਨਾਲ ਅਮਰੀਕਾ ਅਤੇ ਸਾਡੇ ਸਹਿਯੋਗੀ ਦੇਸ਼ਾਂ ਸਾਹਮਣੇ ਉਭਰ ਰਹੇ ਖ਼ਤਰੇ ‘ਤੇ ਜ਼ੋਰ ਦਿਤਾ ਅਤੇ ਜਨਰਲ ਚੇਂਗ ਨੇ ਇਨ੍ਹਾਂ ਮਸਲਿਆਂ ‘ਤੇ ਅਮਰੀਕਾ-ਚੀਨ ਵਿਚ ਲਗਾਤਾਰ ਗੱਲਬਾਤ ਅਤੇ ਸਹਿਯੋਗ ਦੇ ਮਹੱਤਵ ‘ਤੇ ਚਰਚਾ ਕੀਤੀ। ਹੇਗਲ ਨੇ ਜਨਰਲ ਚੇਂਗ ਨੂੰ ਉਨ੍ਹਾਂ ਦੀ ਨਿਯੁਕਤੀ ਲਈ ਵਧਾਈ ਦਿੰਦੇ ਹੋਏ ਉੱਚ ਪੱਧਰ ਦੀ ਫ਼ੌਜੀ ਚਰਚਾ ਜਾਰੀ ਰਖਣ ਲਈ ਅਮਰੀਕਾ ਦੀ ਯਾਤਰਾ ਲਈ ਸੱਦਾ ਦਿਤਾ। ਲਿਟਿਨ ਨੇ ਕਿਹਾ, ‘ਹੇਗਲ ਨੇ ਜਨਰਲ ਚੇਂਗ ਦੇ ਨਾਲ ਲਗਾਤਾਰ ਗੱਲਬਾਤ ਦੇ ਖ਼ੇਤਰਾਂ, ਸਹਿਯੋਗ ਦੇ ਵਿਵਹਾਰਕ ਖ਼ੇਤਰਾਂ ਅਤੇ ਜੋਖ਼ਮ ਘੱਟ ਕਰਨ ਦੇ ਉਪਾਅ ‘ਤੇ ਧਿਆਨ ਦੇਣ ਦੀ ਲੋੜ ‘ਤੇ ਚਰਚਾ ਕੀਤੀ।’