ਰਾਸ਼ਟਰੀ ਏਕਤਾ ਕੈਂਪ ਦੀ ਸਮਾਪਤੀ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ

ਭਾਰਤ ਦੇ ਅੱਠ ਰਾਜਾਂ ‘ਚੋਂ 160 ਵਲੰਟੀਅਰ ਸਨਮਾਨਿਤ

ਮੋਗਾ, (ਤੇਜਿੰਦਰ ਸਿੰਘ) : ਗੁਰੂ ਨਾਨਕ ਕਾਲਜ ਮੋਗਾ ‘ਚ ਸੱਤ ਰੋਜ਼ਾ ਰਾਸ਼ਟਰੀ ਏਕਤਾ ਕੈਂਪ ਵਿੱਚ ਭਾਰਤ ਦੇ ਅੱਠ ਰਾਜਾਂ ਦੇ ਹਿੱਸਾ ਲੈਣ ਵਾਲੇ 160 ਵਲੰਟੀਅਰਾਂ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੈਡਮ ਜੋਤੀ ਬਾਲਾ ਮੱਟੂ ਪੀ.ਸੀ.ਐੱਸ. ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਕੈਂਪ ਦਾ ਆਯੋਜਨ ਮਨਿਸਟਰੀ ਆਫ ਯੂਥ ਅਫੇਅਰਜ਼ ਭਾਰਤ ਸਰਕਾਰ ਦੁਆਰਾ ਕੀਤਾ ਗਿਆ ਜਦਕਿ ਨਹਿਰੂ ਯੁਵਾ ਕੇਂਦਰ ਮੋਗਾ ਦੇ ਯੂਥ ਕੋਆਰਡੀਨੇਟਰ ਰਘਵੀਰ ਸਿੰਘ ਖਾਰਾ ਅਤੇ ਜ਼ੋਨਲ ਕੋਆਰਡੀਨੇਟਰ ਸੁਰਿੰਦਰ ਸੈਣੀ ਨੇ ਪੱਛਮੀ ਬੰਗਾਲ, ਉਤਰਾਂਚਲ, ਉਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਦੇ ਵਲੰਟੀਅਰਾਂ ਦੀ ਅਗਵਾਈ ਕਰਦਿਆਂ ਜ਼ਿਲ੍ਹੇ ਦੀ ਨੌਜਵਾਨ ਸ਼ਕਤੀ ਨੂੰ ਪ੍ਰਭਾਵਿਤ ਕਰਨ ਦਾ ਸਫਲ ਯਤਨ ਕੀਤਾ।

ਅੱਜ ਕੈਂਪ ਦੀ ਸਮਾਪਤੀ ਮੌਕੇ ਹੋਏ ਇਸ ਸਮਾਗਮ ‘ਚ ਮੈਡਮ ਜੋਤੀ ਬਾਲਾ ਮੱਟੂ ਜੀ.ਏ. ਟੂ. ਡੀ.ਸੀ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਲਗਭਗ ਸਾਰੇ ਸੂਬਿਆਂ ਵੱਲੋਂ ਆਪੋ ਆਪਣੇ ਸਭਿਆਚਾਰ ਨੂੰ ਦਰਸਾਉਂਦੀਆਂ ਵੰਨਗੀਆਂ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ । ਇਸ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਰੂਰਲ ਐਨ.ਜੀ. ਓਜ਼ ਨੇ ਹਰ ਵਲੰਟੀਅਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ । ਯੂਥ ਕੋਆਰਡੀਨੇਟਰ ਰਘਵੀਰ ਸਿੰਘ ਖਾਰਾ ਨੇ ਦੱਸਿਆ ਕਿ ਕੈਂਪ ਦਾ ਮੰਤਵ ਵੱਖ ਵੱਖ ਸੂਬਿਆਂ ਤੋਂ ਆਏ ਲੋਕਾਂ ਦੀ ਬੋਲੀ, ਭਾਸ਼ਾ ਅਤੇ ਸੱਭਿਆਚਾਰ ਦੀ ਸਾਂਝ ਰਾਹੀਂ ਆਪਸੀ ਭੇਦਭਾਵ ਨੂੰ ਖਤਮ ਕਰਨਾ ਅਤੇ ਦੇਸ਼ ਵਿਚ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਕੈਂਪਰਾਂ ਵੱਲੋਂ ਇਕ ਟੀਮ ਵਾਂਗ ਵਿਚਰਦਿਆਂ ਪ੍ਰਦਰਸ਼ਨੀਆਂ ਲਗਾਉਣ , ਸ਼ਹਿਰ ਵਿੱਚ ਸ਼ਾਂਤੀ ਮਾਰਚ ਕੱਢਣ, ਨੇਚਰ ਪਾਰਕ ਦੀ ਸਫਾਈ , ਪੌਦੇ ਲਗਾਉਣ ਦੀ ਮੁਹਿੰਮ, ਪੋਸਟਰ ਮੇਕਿੰਗ ਮੁਕਾਬਲੇ ਅਤੇ ਸਲੋਗਨ ਰਾਈਟਿੰਗ ਤੋਂ ਇਲਾਵਾ ਪਿੰਡ ਘੋਲੀਆ ਕਲਾਂ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕਰਕੇ ਦੇਸ਼ ਵਾਸੀਆਂ ਨੂੰ ਇਕਜੁਟਤਾ ਦਾ ਸੁਨੇਹਾ ਦਿੱਤਾ ਗਿਆ। ਖਾਰਾ ਨੇ ਦੱਸਿਆ ਕਿ ਵਲੰਟੀਅਰਾਂ ਨੇ 13 ਮਾਰਚ ਨੂੰ ਸ਼੍ਰੀ ਦਰਬਾਰ ਸਾਹਿਬ, ਜਲਿਆਂ ਵਾਲਾ ਬਾਗ ਅਤੇ ਦੁਰਗਿਆਣਾ ਮੰਦਿਰ ਦੇ ਦਰਸ਼ਨ ਵੀ ਕੀਤੇ। ਕੈਂਪ ਦੌਰਾਨ ਵਲੰਟੀਅਰਾਂ ਵੱਲੋਂ ਹਰ ਸ਼ਾਮ ਆਪੋ ਆਪਣੇ ਸੂਬਿਆਂ ਦੇ ਪੇਸ਼ ਕੀਤੇ ਸੰਸਕ੍ਰਿਤਕ ਪ੍ਰੋਗਰਾਮਾਂ ਦਾ ਜ਼ਿਲ੍ਹੇ ਦੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।