ਪ੍ਰਾਪਰਟੀ ਟੈਕਸ ਦਾ ਕਾਂਗਰਸ ਡੱਟ ਕੇ ਵਿਰੋਧ ਕਰਦੀ ਰਹੇਗੀ : ਬਾਜਵਾ


ਲੁਧਿਆਣਾ, 16 ਮਾਰਚ (ਏਜੰਸੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਾਪਰਟੀ ਟੈਕਸ ਦੇ ਖਿਲਾਫ ਆਪਣਾ ਕਰੜਾ ਰੁੱਖ ਸਪੱਸ਼ਟ ਕੀਤਾ ਹੈ ਕਿ ਕਾਂਗਰਸ ਇਸ ਲੋਕ ਵਿਰੋਧੀ ਕਦਮ ਦਾ ਡੱਟ ਕੇ ਵਿਰੋਧ ਕਰਦੀ ਰਹੇਗੀ। ਇਸ ਲਈ ਕਾਂਗਰਸੀਆਂ ਨੂੰ ਜੇਲ੍ਹਾਂ ‘ਚ ਵੀ ਜਾਣਾ ਪਿਆ, ਤਾਂ ਵੀ ਉਹ ਪਿੱਛੇ ਨਹੀਂ ਹੱਟਣਗੇ। ਬਾਜਵਾ ਸ਼ਨੀਵਾਰ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ‘ਚ ਮੱਥਾ ਟੇਕਣ ਲਈ ਜਾਂਦੇ ਸਮੇਂ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਥੋੜ੍ਹੀ ਦੇਰ ਰੁੱਕੇ ਸਨ। ਇਸ ਮੌਕੇ ‘ਤੇ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਦੇ ਪ੍ਰਧਾਨ ਪਵਨ ਦੀਵਾਨ ਤੇ ਮਲਕੀਤ ਸਿੰਘ ਦਾਖਾ ਦੀ ਰਹਿਨੁਮਾਈ ਹੇਠ ਪਾਰਟੀ ਦੇ ਵਿਧਾਨਕਾਰਾਂ, ਕੌਂਸਲਰਾਂ, ਅਹੁਦੇਦਾਰਾਂ ਤੇ ਹਜਾਰਾਂ ਦੀ ਗਿਣਤੀ ‘ਚ ਵਰਕਰਾਂ ਨੇ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ।

ਕਾਂਗਰਸੀ ਵਰਕਰ ਹੱਥਾਂ ‘ਚ ਪਾਰਟੀ ਦੇ ਝੰਡੇ ਤੇ ਬੈਨਰ ਫੜ ਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਨੀਸ਼ ਤਿਵਾੜੀ, ਪ੍ਰਤਾਪ ਸਿੰਘ ਬਾਜਵਾ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਸ ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕ ਅਪ੍ਰੈਲ ਤੋਂ ਲਾਗੂ ਕੀਤੇ ਜਾ ਰਹੇ ਪ੍ਰਾਪਰਟੀ ਟੈਕਸ ਦਾ ਸੂਬੇ ਦੇ ਹਰੇਕ ਨਾਗਰਿਕ ‘ਤੇ ਪ੍ਰਭਾਵ ਪਏਗਾ। ਇਸ ਨਾਲ ਆਮ ਆਦਮੀ ਦਾ ਤਾਂ ਲੱਕ ਹੀ ਟੁੱਟ ਜਾਏਗਾ, ਜਿਹੜਾ ਪਹਿਲਾਂ ਤੋਂ ਬੇਰੁਜਗਾਰੀ, ਮਹਿੰਗੀ ਬਿਜਲੀ, ਮਹਿੰਗਾ ਰੇਤ ਤੇ ਬਜਰੀ, ਬਦਹਾਲ ਕਾਨੂੰਨ ਵਿਵਸਥਾ ਵਰਗੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ। ਅਫਸੋਸਜਨਕ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਬਜਾਏ ਸਰਕਾਰ ਉਨ੍ਹਾਂ ‘ਤੇ ਹੋਰ ਬੋਝ ਪਾਉਣ ‘ਤੇ ਤੁਲੀ ਹੋਈ ਹੈ। ਉਨ੍ਹਾ ਨੇ ਕਿਹਾ ਕਿ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਕਾਂਗਰਸ ਆਪਣਾ ਸੰਘਰਸ਼ ਜਾਰੀ ਰੱਖੇਗੀ।

ਇਸ ਲਈ ਜੇਕਰ ਜੇਲ੍ਹ ਜਾਣ ਦੀ ਨੋਬਤ ਵੀ ਆਈ, ਤਾਂ ਸੱਭ ਤੋਂ ਪਹਿਲੀ ਗ੍ਰਿਫਤਾਰੀ ਉਹ ਦੇਣਗੇ। ਕਾਂਗਰਸ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕਰੇਗੀ। ਰੇਲਵੇ ਸਟੇਸ਼ਨ ‘ਤੇ ਉਨ੍ਹਾਂ ਦੇ ਸਵਾਗਤ ਲਈ ਉਮੜੇ ਵਰਕਰਾਂ ਦਾ ਜੋਸ਼ ਦੇਖ ਕੇ ਬਾਜਵਾ ਨੇ ਕਿਹਾ ਕਿ ਵਰਕਰਾਂ ਦੇ ਭਾਰੀ ਉਤਸਾਹ ਨੇ ਉਨ੍ਹਾਂ ਦਾ ਹੌਸਲਾ ਹੋਰ ਵਧਾ ਦਿੱਤਾ ਹੈ। ਵਰਕਰ ਪਾਰਟੀ ਦੀ ਤਾਕਤ ਹੁੰਦੇ ਹਨ ਤੇ ਜਦੋਂ ਉਹ ਉਨ੍ਹਾਂ ਦੇ ਨਾਲ ਹਨ, ਤਾਂ ਉਹ ਕਿਸੇ ਵੀ ਧੱਕੇਸ਼ਾਹੀ ਦਾ ਡੱਟ ਕੇ ਸਾਹਮਣਾ ਕਰਨ ਨੂੰ ਤਿਆਰ ਹਨ।


Like it? Share with your friends!

0

ਪ੍ਰਾਪਰਟੀ ਟੈਕਸ ਦਾ ਕਾਂਗਰਸ ਡੱਟ ਕੇ ਵਿਰੋਧ ਕਰਦੀ ਰਹੇਗੀ : ਬਾਜਵਾ