ਅਗਾਮੀ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਕਰਾਰੀ ਹਾਰ ਮਿਲੇਗੀ : ਸੁਖਬੀਰ


ਪਟਿਆਲਾ, 28 ਜਨਵਰੀ (ਏਜੰਸੀ) : ਪੰਜਾਬ ਦੇ ਉੱਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਕਾਂਗਰਸ ਨੂੰ ਸਿੱਧੀ ਦਖਲ ਅੰਦਾਜੀ ਦਾ ਸੱਦਾ ਦੇਣ ਕਾਰਨ ਦਿੱਲੀ ਦੇ ਸਿੱਖ ਵੋਟਰ ਸਰਨਾ ਭਰਾਵਾਂ ਨੂੰ ਇੱਕ ਯਾਦਗਾਰੀ ਤੇ ਮਿਸਾਲੀ ਸਜਾ ਦੇਣਗੇ, ਕਿਉਂਕਿ ਸਰਨਾ ਭਰਾਵਾਂ ਦੀ ਮਿਲੀਭੁਗਤ ਕਾਰਨ ਕਾਂਗਰਸ ਨੇ ਆਪਣਾ ਧਰਮ ਨਿਰਪੱਖਤਾ ਵਾਲਾ ਮਖੌਟਾ ਉਤਾਰ ਕੇ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਸਿੱਧੀ ਦਖਲ ਅੰਦਾਜੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਦਿੱਲੀ ਦੀ ਕਾਂਗਰਸ ਸਰਕਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਆਪਣੇ ਏਜੰਟ ਸਰਨਾ ਭਰਾਵਾਂ ਨੂੰ ਜਿਤਾਉਣ ਲਈ ਹਰ ਹੀਲਾ ਹਰਬਾ ਵਰਤਿਆ ਹੈ ਪਰੰਤੂ ਉਨ੍ਹਾਂ ਦੇਖਿਆ ਹੈ ਕਿ ਦਿੱਲੀ ਦੇ ਸਿੱਖ ਦਿੱਲੀ ਦੇ ਇਤਿਹਾਸਕ ਗੁਰੂ ਘਰਾਂ ਨੂੰ ਸਰਨਾ ਭਰਾਵਾਂ ਦੇ ਗੁੰਡਾ ਰਾਜ ਤੋਂ ਮੁਕਤ ਕਰਾਉਣ ਦਾ ਪਹਿਲਾਂ ਹੀ ਮਨ ਬਣਾ ਚੁੱਕੇ ਸਨ, ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਰੀ ਬਹੁਮੱਤ ਨਾਲ ਜਿੱਤ ਹਾਸਲ ਕਰਨਗੇ।

ਉੱਪ ਮੁੱਖ ਮੰਤਰੀ ਅੱਜ ਇੱਥੇ ਸ਼ ਦੀਪਇੰਦਰ ਸਿੰਘ ਢਿੱਲੋਂ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲੇ ਜਾਣ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜੇ ਹੋਏ ਸਨ। ਇਸ ਮੌਕੇ ਸ਼ ਬਾਦਲ ਦੇ ਨਾਲ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਅਤੇ ਮਾਲ ਵਿਭਾਗ ਦੇ ਮੰਤਰੀ ਸ਼ ਬਿਕਰਮ ਸਿੰਘ ਮਜੀਠੀਆ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ਼ ਸੁਰਜੀਤ ਸਿੰਘ ਰੱਖੜਾ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਸਰਨਾ ਭਰਾਵਾਂ ਦੀ ਬੁਖਲਾਹਟ ਸਦਕਾ ਹੀ ਕੇਂਦਰ ਅਤੇ ਦਿੱਲੀ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਸਿੱਧੀ ਦਖਲ ਅੰਦਾਜੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਕੇਂਦਰ ਸਰਕਾਰ ਦੇ ਹਰ ਵਿਭਾਗ ਨੇ ਦਿੱਲੀ ਦੇ ਵਪਾਰੀ ਸਿੱਖਾਂ ਦੀ ਬਾਂਹ ਮਰੋੜ ਕੇ ਉਨ੍ਹਾਂ ਨੂੰ ਸਰਨਾ ਭਰਾਵਾਂ ਦੇ ਹੱਕ ‘ਚ ਭੁਗਤਣ ਲਈ ਦਬਾਅ ਬਣਾਇਆ।

ਉਨ੍ਹਾਂ ਦੱਸਿਆ ਕਿ ਇਸ ਦਬਾਅ ਪਾਉਣ ਦੀ ਨੀਤੀ ਤਹਿਤ ਹੀ ਇਨਕਮ ਟੈਕਸ, ਨਾਪ ਤੋਲ, ਸੇਲ ਟੈਕਸ, ਬਿਜਲੀ ਵਿਭਾਗ ਸਮੇਤ ਪੁਲਿਸ ਅਤੇ ਹੋਰ ਵਿਭਾਗਾਂ ਵੱਲੋਂ ਵੀ ਸਿੱਖ ਵਪਾਰੀਆਂ ਅਤੇ ਹੋਟਲਾਂ ‘ਤੇ ਵੱਡੀ ਪੱਧਰ ‘ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਕੌਮ ਦੇ ਗਦਾਰ ਸਰਨਾ ਭਰਾਵਾਂ ਦੀ ਖੁੱਲ੍ਹਕੇ ਕੀਤੀ ਮਦਦ ਨਾਲ ਕਾਂਗਰਸ ਦੀ ਸਿੱਧੀ ਦਖਲ ਅੰਦਾਜੀ ਸਾਬਤ ਹੋਈ ਹੈ। ਸ਼ ਬਾਦਲ ਨੇ ਇਨ੍ਹਾਂ ਚੋਣਾਂ ‘ਚ ਵੋਟ ਪ੍ਰਤੀਸ਼ਤਤਾ ਦੇ ਘੱਟ ਹੋਣ ਸਬੰਧੀ ਪੁੱਛੇ ਇੱਕ ਸੁਆਲ ਦੇ ਜੁਆਬ ‘ਚ ਕਿਹਾ ਕਿ ਪਿਛਲੀ ਵਾਰ ਨਾਲੋਂ ਇਹ ਪ੍ਰਤੀਸ਼ਤਤਾ ਜ਼ਿਆਦਾ ਹੈ ਅਤੇ ਸਰਨਾ ਭਰਾਵਾਂ ਵੱਲੋਂ ਜਾਅਲੀ ਅਤੇ ਦੂਹਰੀਆਂ ਵੋਟਾਂ ਵੀ ਪੁਆਈਆਂ ਗਈਆਂ ਹਨ ਪ੍ਰੰਤੂ ਫਿਰ ਵੀ ਅਕਾਲੀ ਦਲ ਵੱਡੀ ਪੱਧਰ ‘ਤੇ ਇਨ੍ਹਾਂ ਚੋਣਾਂ ‘ਚ ਜਿੱਤ ਹਾਸਲ ਕਰੇਗਾ।

ਸ਼ ਬਾਦਲ ਨੇ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਪੂਰੇ ਦੇਸ਼ ਵਿੱਚੋਂ ਹੀ ਬੋਰੀਆ ਬਿਸਤਰਾ ਗੋਲ ਹੋ ਜਾਵੇਗਾ। ਕੇਂਦਰ ‘ਚ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਆਗਾਮੀ ਲੋਕ ਸਭਾ ਚੋਣਾਂ ‘ਚ ਅਹਿਮ ਭੂਮਿਕਾ ਹੋਣ ਅਤੇ ਉਨ੍ਹਾਂ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਉਮੀਦਵਾਰ ਹੋਣ ਸਬੰਧੀ ਸੁਆਲ ਦੇ ਜੁਆਬ ‘ਚ ਸ਼ ਬਾਦਲ ਨੇ ਕਿਹਾ ਕਿ ਸ਼੍ਰੀ ਮੋਦੀ ਇੱਕ ਚੰਗੇ ਸਿਆਸਤਦਾਨ ਹਨ ਪਰ ਇਸ ਸਬੰਧੀ ਫੈਸਲਾ ਐਨ.ਡੀ.ਏ. ਨੇ ਕਰਨਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਐਨ.ਡੀ.ਏ. ਦਾ ਇਕ ਅਹਿਮ ਅੰਗ ਹੈ। ਉੱਪ ਮੁੱਖ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ ‘ਚ ਔਰਤਾਂ ਵਿਰੁਧ ਜੁਰਮਾਂ ਅਤੇ ਬਲਾਤਕਾਰ ਦੇ ਮਾਮਲਿਆਂ ‘ਚ ਕਿਸੇ ਵੀ ਦੋਸ਼ੀ ਨਾਲ ਨਰਮੀ ਵਾਲਾ ਵਤੀਰਾ ਨਹੀਂ ਅਪਣਾਇਆ ਜਾਵੇਗਾ ਅਤੇ ਪੁਲਿਸ ਆਪਣਾ ਕੰਮ ਕਾਨੂੰਨ ਅਨੁਸਾਰ ਹੀ ਕਰੇਗੀ ਅਤੇ ਇਸ ਮਾਮਲੇ ‘ਚ ਕਿਸੇ ਵੀ ਕਿਸਮ ਦੀ ਦਖਲਅੰਦਾਜੀ ਬਰਦਾਸ਼ਤਯੋਗ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਪਿਛਲੇ 60 ਸਾਲਾਂ ‘ਚ ਪਹਿਲੀ ਵਾਰ ਮਹਿਲਾ ਪੁਲਿਸ ਦੀ ਵੱਡੇ ਪੱਧਰ ‘ਤੇ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਪੰਜਾਬ ਪੁਲਿਸ ‘ਚ ਸਿਪਾਹੀਆਂ ਤੋਂ ਲੈਕੇ ਇੰਸਪੈਕਟਰ ਅਤੇ ਡੀ.ਐਸ਼ਪੀ. ਪੱਧਰ ‘ਤੇ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ ਲਈ ਇਕ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ।

ਇਸ ਤੋਂ ਮਗਰੋਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਨਵਨਿਯੁਕਤ ਚੇਅਰਮੈਨ ਸ਼ ਦੀਪਇੰਦਰ ਸਿੰਘ ਢਿੱਲੋਂ ਦੇ ਅਹੁਦਾ ਸੰਭਾਲਣ ਮੌਕੇ ਉਨ੍ਹਾਂ ਦੇ ਸਮਰਥਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਨੇ ਸ਼ ਢਿੱਲੋਂ ਨੂੰ ਇਸ ਅਹੁਦੇ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸ਼ ਢਿੱਲੋਂ ਇਸ ਅਹੁਦੇ ਜਰੀਏ ਪਟਿਆਲਾ ਜ਼ਿਲ੍ਹੇ ਦੇ ਚੌਂਹਪੱਖੀ ਵਿਕਾਸ ਨੂੰ ਤਰਜੀਹ ਦੇਣਗੇ ਅਤੇ ਸਾਰੇ ਅਕਾਲੀ-ਭਾਜਪਾ ਆਗੂਆਂ ਨੂੰ ਨਾਲ ਲੈਕੇ ਚੱਲਣਗੇ। ਉਨ੍ਹਾਂ ਕਿਹਾ ਕਿ ਅਗਲੇ ਸਾਲਾਂ ਅੰਦਰ ਪੰਜਾਬ ‘ਚ ਵਿਕਾਸ ਦੀ ਹਨੇਰੀ ਚੱਲੇਗੀ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰਾਂ ਤੇ ਪਿੰਡਾਂ ਦਾ ਵਿਕਾਸ ਕਰਵਾਉਣ ਲਈ ਇਕ ਵੱਡੀ ਯੋਜਨਾ ਉਲੀਕੀ ਗਈ ਹੈ ਅਤੇ ਸਾਰੇ ਸ਼ਹਿਰਾਂ ਕਸਬਿਆਂ ‘ਚ 10 ਹਜਾਰ ਕਰੋੜ ਰੁਪਏ ਖਰਚਕੇ ਜਲ ਸਪਲਾਈ, ਸੀਵਰੇਜ ਤੇ ਸਟਰੀਟ ਲਾਈਟਾਂ ਦਾ ਕਾਰਜ 100 ਫੀਸਦੀ ਮੁਕੰਮਲ ਕਰਵਾਇਆ ਜਾਵੇਗਾ ਜਦੋਂ ਕਿ ਪਿੰਡਾਂ ‘ਚ ਇਹੋ ਸਹੂਲਤਾਂ ਦੇਣ ਲਈ ਸ਼ ਰੱਖੜਾ ਨਾਲ ਮਿਲਕੇ ਜਲਦ ਹੀ 20 ਤੋਂ 25 ਹਜਾਰ ਕਰੋੜ ਰੁਪਏ ਦਾ ਇਕ ਵੱਡੇ ਪ੍ਰਾਜੈਕਟ ਦਾ ਐਲਾਨ ਕੀਤਾ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਨਵਨਿਯੁਕਤ ਚੇਅਰਮੈਨ ਸ਼ ਦੀਪਇੰਦਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਉਹ ਪਟਿਆਲਾ ਜ਼ਿਲ੍ਹੇ ਦਾ ਯੋਜਨਾਬੱਧ ਢੰਗ ਨਾਲ ਸਰਵਪੱਖੀ ਵਿਕਾਸ ਕਰਵਾਉਣ ਨੂੰ ਤਰਜੀਹ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਇਮਾਨਦੇਰੀ, ਤਨਦੇਹੀ ਅਤੇ ਮਿਹਨਤ ਨਾਲ ਜ਼ਿਲ੍ਹੇ ਦੇ ਵਸਨੀਕਾਂ ਦੀ ਸੇਵਾ ਕਰਨਗੇ।


Like it? Share with your friends!

0

ਅਗਾਮੀ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਕਰਾਰੀ ਹਾਰ ਮਿਲੇਗੀ : ਸੁਖਬੀਰ