ਮਿਲਵਾਕੀ ਗੁਰੂ ਘਰ ’ਚ ਅੰਨ੍ਹੇਵਾਹ ਗੋਲ਼ੀਬਾਰੀ, 6 ਸ਼ਰਧਾਲੂਆਂ ਤੇ ਇੱਕ ਗੋਰੇ ਹਮਲਾਵਰ ਦੀ ਮੌਤ, 30 ਫੱਟੜ


ਮਿਲਵਾਕੀ (ਅਮਰੀਕਾ), 5 ਅਗਸਤ (ਏਜੰਸੀ) : ਇੱਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਸਥਾਨਕ ਸਮੇਂ ਅਨੁਸਾਰ ਅੱਜ ਸਵੇਰੇ 10:40 ਵਜੇ ਇੱਕ ਗੋਰੇ ਵਿਅਕਤੀ ਵੱਲੋਂ ਅੰਨ੍ਹੇਵਾਹ ਗੋਲ਼ੀ ਚਲਾਏ ਜਾਣ ਦੀ ਖ਼ਬਰ ਮਿਲ਼ੀ ਹੈ। ਕੁੱਝ ਅਪੁਸ਼ਟ ਖ਼ਬਰਾਂ ਮੁਤਾਬਕ ਇਸ ਗੋਲ਼ੀਬਾਰੀ ਕਾਰਣ 6 ਸ਼ਰਧਾਲੂ ਮਾਰੇ ਗਏ ਹਨ ਅਤੇ 20 ਤੋਂ ਲੈ ਕੇ 30 ਵਿਅਕਤੀ ਜ਼ਖ਼ਮੀ ਹੋਏ ਹਨ। ਇਹ ਗੁਰਦੁਆਰਾ ਸਾਹਿਬ ਓਕ ਕ੍ਰੀਕ ਦੇ 7512 ਐਸ. ਹੌਵੈਲ ਐਵੇਨਿਊ ’ਤੇ ਸਥਿਤ ਹੈ। ਸੂਤਰਾਂ ਨੇ ਦੱਸਿਆ ਕਿ ਗੋਲ਼ੀ ਸਿਰਫ਼ ਇੱਕੋ ਵਿਅਕਤੀ ਨੇ ਚਲਾਈਆਂ ਸਨ ਅਤੇ ਗੋਲ਼ੀ ਚਲਾਉਣ ਵਾਲ਼ਾ ਭਾਰੇ ਜੁੱਸੇ ਵਾਲ਼ਾ ਕੋਈ ਗੋਰਾ ਵਿਅਕਤੀ ਸਨ। ਉਹ ਸਿਰੋਂ ਗੰਜਾ ਸੀ ਅਤੇ ਉਸ ਨੇ ਬਿਨਾਂ ਬਾਹਾਂ ਵਾਲ਼ੀ ਟੀ-ਸ਼ਰਟ ਪਾਈ ਹੋਈ ਸੀ।

ਆਖ਼ਰੀ ਖ਼ਬਰਾਂ ਮਿਲਣ ਵੇਲ਼ੇ ਤੱਕ ਇੱਕ ਸਿਰਫਿਰੇ ਹਮਲਾਵਰ ਨੂੰ ਪੁਲਿਸ ਨੇ ਮਾਰ ਦਿੱਤਾ ਸੀ ਪਰ ਹਾਲ਼ੇ ਦੂਜੇ ਹਮਲਾਵਰ ਨੇ ਸ਼ਰਧਾਲੂਆਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਜਦੋਂ ਇਹ ਘਟਨਾ ਵਾਪਰੀ, ਤਦ ਗੁਰੂ ਘਰ ਅੰਦਰ ਅਰਦਾਸ ਚੱਲ ਰਹੀ ਸੀ। ਖ਼ਦਸ਼ਾ ਹੈ ਕਿ ਦੂਜੇ ਹਮਲਾਵਰ ਨੇ ਸਿੱਖ ਸੰਗਤ ਨੂੰ ਬੰਧਕ ਬਣਾਇਆ ਹੋਇਆ ਹੈ। ਹਾਲ਼ੇ ਵੀ ਹਮਲਾਵਰਾਂ ਦੀ ਗਿਣਤੀ ਇੱਕ ਤੋਂ ਵੱਧ ਹੋਣ ਦਾ ਵੀ ਖ਼ਦਸ਼ਾ ਹੈ। ਪਹਿਲਾਂ ਹਮਲਾਵਰਾਂ ਨੇ ਗੁਰੂ ਘਰ ਦੇ ਮੁੱਖ ਗ੍ਰੰਥੀ ਨੂੰ ਇੱਕ ਰੈਸਟ ਰੂਮ ਵਿੱਚ ਬੰਦ ਕੀਤਾ ਹੋਇਆ ਸੀ, ਜਿਨ੍ਹਾਂ ਕੋਲ਼ ਕੁਦਰਤੀ ਸੈਲਫ਼ੋਨ ਸੀ, ਜਿੱਥੋਂ ਇਸ ਗੁਰੂ ਘਰ ’ਤੇ ਹੋਏ ਹਮਲੇ ਦੀ ਖ਼ਬਰ ਸਾਰੀ ਦੁਨੀਆਂ ਨੂੰ ਮਿਲ਼ੀ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚਿਆਂ, ਔਰਤਾਂ ਸਮੇਤ ਗੁਰਦੁਆਰਾ ਸਾਹਿਬ ਅੰਦਰ 400 ਦੇ ਕਰੀਬ ਸ਼ਰਧਾਲੂ ਮੌਜੂਦ ਸਨ।

ਓਕ ਕ੍ਰੀਕ ਪੁਲਿਸ, ਮਿਲਵਾਕੀ ਕਾਊਂਟੀ ਸ਼ੈਰਿਫ਼ ਦੇ ਅਧਿਕਾਰੀ ਤੁਰੰਤ ਘਟਨਾ ਸਥਾਨ ਉਤੇ ਪੁੱਜ ਗਏ ਸਨ। ਗੁਰੂ ਘਰ ਦੇ ਬਾਹਰ ਕੁੱਝ ਸੁਰੱਖਿਅਤ ਦੂਰੀ ਉਤੇ ਮੀਡੀਆ ਦੇ ਪੱਤਰਕਾਰਾਂ ਅਤੇ ਹੋਰ ਆਮ ਲੋਕਾਂ ਦੀ ਵੱਡੀ ਭੀੜ ਜੁੜ ਗਈ ਸੀ। ਫ਼ਰੌਡਰਟ ਹਸਪਤਾਲ ਵਿੱਚ ਜ਼ਖ਼ਮੀਆਂ ਨੂੰ ਦਾਖ਼ਲ ਕਰਵਾਇਆ ਗਿਆ ਹੈ। ਇਹ ਜ਼ਖ਼ਮੀ ਵਿਅਕਤੀ ਪਾਰਕਿੰਗ ਵਿੱਚ ਪਏ ਸਨ, ਸ਼ਾਇਦ ਹਮਲਾਵਰਾਂ ਨੇ ਗੁਰੂ ਘਰ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਹੀ ਗੋਲ਼ੀਬਾਰੀ ਅਰੰਭ ਕਰ ਦਿੱਤੀ ਸੀ। ਇਨ੍ਹਾਂ ਫੱਟੜਾਂ ’ਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ, ਉਸ ਪੁਲਿਸ ਅਧਿਕਾਰੀ ਦੇ ਕਈ ਗੋਲ਼ੀਆਂ ਲੱਗੀਆਂ ਹੋਈਆਂ ਹਨ। ਹਸਪਤਾਲ ਦੇ ਪ੍ਰਬੰਧਕਾਂ ਨੇ ਹਰ ਤਰ੍ਹਾਂ ਦੇ ਹੰਗਾਮੀ ਹਾਲਾਤ ਨਾਲ਼ ਸਿੱਝਣ ਦੇ ਇੰਤਜ਼ਾਮ ਕਰ ਲਏ ਹਨ। ਗੁਰੂ ਘਰ ਦੇ ਅੰਦਰ ਗੜਬੜੀ ਚਲਦੇ ਰਹਿਣ ਤੱਕ ਬਾਹਰ ਸੜਕ ਉਤੇ 12 ਐਂਬੂਲੈਂਸਾਂ ਤਿਆਰ ਖੜ੍ਹੀਆਂ ਰਹੀਆਂ ਸਨ।

ਗੁਰੂ ਘਰ ਦੇ ਮੈਂਬਰ ਸ੍ਰੀ ਅਮਰਦੀਪ ਸਿੰਘ ਕਾਲੇਕਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੁਰੂ ਘਰ ਦੇ ਅੰਦਰ ਹੀ ਸਨ ਅਤੇ ਉਨ੍ਹਾਂ ਦੀ ਮਾਂ ਅੰਦਰ ਕਿਤੇ ਲੁਕੀ ਰਹੀ ਸੀ। ਸ੍ਰੀ ਸਤਵੰਤ ਸਿੰਘ ਕਾਲੇਕਾ ਇਸ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਨ, ਉਨ੍ਹਾਂ ਦੀ ਪਿੱਠ ਉਤੇ ਗੋਲ਼ੀ ਲੱਗੀ ਹੈ। ਉਨ੍ਹਾਂ ਨੂੰ ਸੇਂਟ ਫ਼ਰਾਂਸਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਇਹ ਘਟਨਾ ਵਾਪਰੀ, ਤਦ ਭਾਰਤ ਵਿੱਚ ਰਾਤ ਦਾ ਸਮਾਂ ਸੀ। ਦੇਸ਼ ਦੇ ਵਿਦੇਸ਼ ਮੰਤਰੀ ਸ੍ਰੀ ਐਸ ਐਮ ਕ੍ਰਿਸ਼ਨਾ ਨੇ ਅਮਰੀਕਾ ਵਿੱਚ ਭਾਰਤ ਦੇ ਸਫ਼ੀਰ ਸ੍ਰੀਮਤੀ ਨਿਰੂਪਮਾ ਰਾਓ ਨਾਲ਼ ਗੱਲਬਾਤ ਕਰ ਕੇ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲਈ। ਇੱਧਰ ਪੰਜਾਬ ਸਰਕਾਰ ਨੇ ਇਸ ਦੁਖਦਾਈ ਘਟਨਾ ਉਤੇ ਤੁਰੰਤ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਵੀ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਭੂਮਿਕਾ ਅਮਰੀਕਾ ਵਿੱਚ ਬੇਹੱਦ ਅਹਿਮ ਹੈ ਅਤੇ ਉਸ ਦੇਸ਼ ਦੇ ਪ੍ਰਸ਼ਾਸਨ ਨੂੰ ਸਮੂਹ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।

 

 


Like it? Share with your friends!

0

ਮਿਲਵਾਕੀ ਗੁਰੂ ਘਰ ’ਚ ਅੰਨ੍ਹੇਵਾਹ ਗੋਲ਼ੀਬਾਰੀ, 6 ਸ਼ਰਧਾਲੂਆਂ ਤੇ ਇੱਕ ਗੋਰੇ ਹਮਲਾਵਰ ਦੀ ਮੌਤ, 30 ਫੱਟੜ