ਰੋਜ਼ੰਨਾ ਮੈਕਲੇਨਨ ਨੇ ਕੈਨੇਡਾ ਨੂੰ ਦਿਵਾਇਆ ਲੰਡਨ ਉਲੰਪਿਕਸ ’ਚ ਪਹਿਲਾ ਸੋਨ ਤਮਗ਼ਾ


ਲੰਡਨ (ਇੰਗਲੈਂਡ), 5 ਅਗਸਤ (ਏਜੰਸੀ) : ਐਥਲੀਟ ਰੋਜ਼ੰਨਾ ਮੈਕਲੇਨਨ ਨੇ ਕੈਨੇਡਾ ਨੂੰ ਲੰਡਨ ਉਲੰਪਿਕਸ ਵਿੱਚ ਪਹਿਲਾ ਸੋਨ ਤਮਗ਼ਾ ਦਿਵਾਉਣ ਦਾ ਮਾਣ ਹਾਸਲ ਕੀਤਾ ਹੈ। ਨੌਰਥ ਗ੍ਰੀਨਵਿਚ ਏਰੀਨਾ ਵਿੱਚ ਕੱਲ੍ਹ ਪਹਿਲੀ ਵਾਰ ਕੈਨੇਡਾ ਦਾ ਕੌਮੀ ਤਰਾਨਾ ‘ਓ ਕੈਨੇਡਾ’ ਸੁਣਾਈ ਦਿੱਤਾ। ਰੋਜ਼ੰਨਾ ਮੈਕਲੇਨਨ ਨੇ ਚੀਨ ਦੀਆਂ ਖਿਡਾਰਨਾਂ ਹੁਆਂਗ ਸ਼ਨਸ਼ਾਨ ਅਤੇ ਹੇ ਵੇਨਾ ਦੇ ਮੁਕਾਬਲੇ 57.305 ਅੰਕ ਹਾਸਲ ਕੀਤੇ। ਮੈਕਲੇਨਨ ਕੱਲ੍ਹ ਈਵੈਂਟ ਦੇ ਸ਼ੁਰੂ ਤੋਂ ਹੀ ਬਹੁਤ ਉਤਸਾਹਿਤ ਅਤੇ ਆਤਮ ਵਿਸ਼ਵਾਸ ਨਾਲ਼ ਭਰੀ ਵਿਖਾਈ ਦੇ ਰਹੀ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਇੰਨੀ ਵੀ ਆਸ ਨਹੀਂ ਸੀ ਕਿ ਉਹ ਪੋਡੀਅਮ ਉਤੇ ਅੱਵਲ ਰਹੇਗੀ।

ਉਸ ਨੇ ਦੱਸਿਆ ਕਿ ਉਸ ਨੇ ਸਿਰਫ਼ ਆਪਣੀ ਖੇਡ ਕਾਰਗੁਜ਼ਾਰੀ ਉਤੇ ਹੀ ਆਪਣਾ ਧਿਆਨ ਕੇਂਦ੍ਰਿਤ ਕੀਤਾ। ਟੋਰਾਂਟੋ ਦੀ ਜੰਮਪਲ਼ ਮੈਕਲੇਨਨ ਆਪਣੀ ਜਿੱਤ ਤੋਂ ਅੰਤਾਂ ਦੀ ਖ਼ੁਸ਼ ਵਿਖਾਈ ਦਿੱਤੀ। ਉਹ ਆਪਣੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰ ਕੇ ਆਪਣੇ ਕੋਚ ਡੇਵ ਰੌਸ ਨਾਲ਼ ਆ ਕੇ ਬੈਠ ਗਈ ਅਤੇ ਵੇਖਣ ਲੱਗੀ ਕਿ ਉਸ ਦੇ ਕਿੰਨੇ ਅੰਕ ਆਏ ਹਨ। ਜਦੋਂ ਇਹ ਐਲਾਨ ਕੀਤਾ ਗਿਆ ਕਿ ਉਹ ਅੱਵਲ ਰਹੀ ਹੈ, ਤਾਂ ਪਹਿਲੀ ਵਾਰ ਤਾਂ ਜਿਵੇਂ ਉਸ ਨੂੰ ਆਪਣੇ ਕੰਨਾਂ ਉਤੇ ਭਰੋਸਾ ਹੀ ਨਾ ਹੋਇਆ। ਉਥੇ ਮੌਜੂਦ ਸਭਨਾਂ ਨੇ ਉਸ ਨੂੰ ਵਧਾਈਆਂ ਦਿੱਤੀਆਂ। 23 ਸਾਲਾ ਮੈਕਲੈਨਨ ਨੇ ਪਿਛਲੇ ਵਰ੍ਹੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਸੀ ਅਤੇ ਪਿਛਲੇ ਵਰ੍ਹੇ ਦੀਆਂ ਪੈਨ ਐਮ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਉਹ ਤਿੰਨ ਵਾਰ ਕੈਨੇਡਾ ਦੀ ਰਾਸ਼ਟਰੀ ਚੈਂਪੀਅਨ ਵੀ ਰਹਿ ਚੁੱਕੀ ਹੈ।

ਲੰਡਨ ’ਚ ਮੌਜੂਦ ਕੈਨੇਡੀਅਨ ਪ੍ਰਸ਼ੰਸਕਾਂ ਨੇ ਕੱਲ੍ਹ ਉਸ ਲਈ ਝੰਡੇ ਹਿਲਾ ਕੇ ਉਸ ਦਾ ਸੁਆਗਤ ਕੀਤਾ। ਇੱਥੇ ਵਰਣਨਯੋਗ ਹੈ ਕਿ ਰੋਜ਼ੰਨਾ ਮੈਕਲੇਨਨ ਦੇ ਦਾਦਾ 1940 ’ਚ ਟੋਕੀਓ (ਜਾਪਾਨ) ਵਿਖੇ ਹੋਣ ਵਾਲ਼ੀਆਂ ਉਲੰਪਿਕ ਖੇਡਾਂ ਜਿਮਨਾਸਟ ਵਜੋਂ ਖੇਡਣ ਲਈ ਚੁਣੇ ਗਏ ਸਨ ਪਰ ਉਦੋਂ ਉਹ ਖੇਡਾਂ ਰੱਦ ਹੋ ਗਈਆਂ ਸਨ ਕਿਉਂਕਿ ਦੂਜਾ ਵਿਸ਼ਵ ਯੁੱਧ ਛਿੜ ਪਿਆ ਸੀ।


Like it? Share with your friends!

0

ਰੋਜ਼ੰਨਾ ਮੈਕਲੇਨਨ ਨੇ ਕੈਨੇਡਾ ਨੂੰ ਦਿਵਾਇਆ ਲੰਡਨ ਉਲੰਪਿਕਸ ’ਚ ਪਹਿਲਾ ਸੋਨ ਤਮਗ਼ਾ