ਅਗਲੀ ਕੇਂਦਰ ਸਰਕਾਰ ਨਾ ਕਾਂਗਰਸ ਦੀ, ਨਾ ਭਾਜਪਾ ਦੀ : ਅਡਵਾਨੀ

ਨਵੀਂ ਦਿੱਲੀ, 5 ਅਗਸਤ (ਏਜੰਸੀ) : ਸਾਬਕਾ ਉਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਅਗਲੀ ਸਰਕਾਰ ਬਾਰੇ ਹੈਰਾਨੀਜਨਕ ਬਿਆਨ ਦੇ ਕੇ ਭਾਜਪਾ ਹੀ ਨਹੀਂ, ਦੇਸ਼ ਦੀ ਸਿਆਸਤ ‘ਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। 2014 ‘ਚ ਹੋਣ ਵਾਲੀਆਂ ਆਮ ਚੋਣਾਂ ਬਾਰੇ ਸਰਕਾਰ ਬਾਰੇ ਟਿੱਪਣੀ ਕਰਕੇ ਨਵੀਂ ਬਹਿਸ ਵੀ ਛਿੜ ਗਈ ਹੈ। ਅਡਵਾਨੀ ਨੇ ਆਪਣੇ ਬਲਾਗ਼ ‘ਚ ਲਿਖਿਆ ਹੈ ਕਿ 2014 ਦੀਆਂ ਚੋਣਾਂ ਤੋਂ ਬਾਅਦ ਕੇਂਦਰ ਵਿਚ ਗ਼ੈਰ-ਕਾਂਗਰਸੀ ਤੇ ਗ਼ੈਰ-ਭਾਜਪਾ ਦਾ ਪ੍ਰਧਾਨ ਮੰਤਰੀ ਬਣਨਾ ਸੰਭਵ ਹੈ। ਇਹ ਪ੍ਰਧਾਨ ਮੰਤਰੀ ਅਜਿਹਾ ਵਿਅਕਤੀ ਹੋ ਸਕਦਾ ਹੈ, ਜਿਹੜਾ ਕਾਂਗਰਸ ਜਾਂ ਭਾਜਪਾ ਦੋਹਾਂ ‘ਚੋਂ ਕਿਸੇ ਇਕ ਦੇ ਸਮਰਥਨ ਨਾਲ ਸਰਕਾਰ ਚਲਾ ਸਕੇ।

ਖੁਦ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਦੇ ਲੁਕਵੇਂ ਦਾਅਵੇ ਕਰਨ ਵਾਲੇ ਅਡਵਾਨੀ ਨੇ ਇਸ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀਆਂ ਚੌਧਰੀ ਚਰਨ ਸਿੰਘ, ਚੰਦਰ ਸ਼ੇਖਰ, ਦੇਵਗੌੜਾ ਅਤੇ ਇੰਦਰ ਕੁਮਾਰ ਗੁਜਰਾਲ ਦੀ ਮਿਸਾਲ ਵੀ ਦਿੱਤੀ ਹੈ, ਜਿਨ੍ਹਾਂ ਨੂੰ ਕਾਂਗਰਸ ਦਾ ਸਮਰਥਨ ਪ੍ਰਾਪਤ ਸੀ। ਇਸੇ ਤਰ੍ਹਾਂ ਉਨ੍ਹਾਂ ਭਾਜਪਾ ਦੀ ਹਮਾਇਤ ਵਾਲੇ ਪ੍ਰਧਾਨ ਮੰਤਰੀ ਰਹਿ ਚੁੱਕੇ ਵਿਸ਼ਵਨਾਥ ਪ੍ਰਤਾਪ ਸਿੰਘ ਦਾ ਵੀ ਹਵਾਲਾ ਦਿੱਤਾ ਹੈ। ਭਾਜਪਾ ‘ਚ ਵੱਖਰੀ ਛਵੀ ਰੱਖਣ ਵਾਲੇ ਅਡਵਾਨੀ ਨੇ ਨਾਲ ਹੀ ਲਿਖਿਆ ਹੈ ਕਿ ਭਾਵੇਂ ਉਕਤ ਸਰਕਾਰਾਂ ਬਹੁਤੀ ਦੇਰ ਨਹੀਂ ਟਿਕ ਸਕੀਆਂ, ਪਰ ਅਜਿਹਾ ਹੋਣ ਦੇ ਆਸਾਰ ਬਣ ਰਹੇ ਹਨ।

ਉਨ੍ਹਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ 100 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ। ਹੁਣ ਤੱਕ ਮੱਧ ਚੋਣਾਂ ਵੀ ਹੋ ਜਾਣੀਆਂ ਸਨ, ਪਰ ਕਾਂਗਰਸ ਸੀਬੀਆਈ ਦੀ ਸਹਾਇਤਾ ਨਾਲ ਬਚਦੀ ਰਹੀ ਹੈ। ਅਡਵਾਨੀ ਨੇ ਆਪਣੇ ਬਲਾਗ ਵਿਚ ਇਸ ਮਸਲੇ ਨੂੰ ਅੱਗੇ ਤੋਰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੁਆਰਾ ਦਿੱਤੇ ਗਏ ਇਕ ਭੋਜ ਦਾ ਵੀ ਜ਼ਿਕਰ ਕੀਤਾ ਹੈ। ਜਿੱਥੇ ਕਿ ਉਨ੍ਹਾਂ ਦੀ ਇਸ ਮਸਲੇ ‘ਚ ਦੋ ਕੈਬਨਿਟ ਮੰਤਰੀਆਂ ਨਾਲ ਗ਼ੈਰ-ਰਸਮੀ ਗੱਲਬਾਤ ਵੀ ਹੋਈ ਸੀ। ਇਨ੍ਹਾਂ ਮੰਤਰੀਆਂ ਨੇ ਵੀ ਮੰਨਿਆ ਸੀ ਕਿ ਇਸ ਵਾਰ ਚੋਣਾਂ ‘ਚ ਨਤੀਜੇ ਵੱਖਰੀ ਤਰ੍ਹਾਂ ਦੇ ਆ ਸਕਦੇ ਹਨ। ਦੋਵੇਂ ਪ੍ਰਮੁੱਖ ਪਾਰਟੀਆਂ ‘ਚੋਂ ਕੋਈ ਵੀ ਸਮਰਥਨ ਹਾਸਲ ਨਹੀਂ ਕਰ ਸਕੇਗੀ। ਉਧਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਅਡਵਾਨੀ ਦੀ ਇਸ ਟਿੱਪਣੀ ਨੇ ਸਾਫ਼ ਸੰਕੇਤ ਦੇ ਦਿੱਤਾ ਹੈ ਕਿ ਹੁਣ ਕੇਂਦਰ ਵਿਚ ਭਾਜਪਾ ਦੀ ਸਰਕਾਰ ਨਹੀਂ ਬਣ ਸਕਦੀ।