ਪੈਂਤੜਿਆਂ ਤੋਂ ਪਾਰ ਜਾ ਕੇ ਵੀ ਕਦੇ ਸੋਚਣ ਕਾਮਰੇਡ!


ਇੱਕ ਦੇਸ਼ ਭਗਤ ਕਾਮਰੇਡ ਗੰਧਰਵ ਸੇਨ ਕੋਛੜ ਦੀ ਸਵੈ-ਜੀਵਨੀ ਪ੍ਰਕਾਸ਼ਿਤ ਹੋਈ ਹੈ- ਅਨੁਭਵ ਤੇ ਅਧਿਐਨ। ਇਸਨੂੰ ਜਲੰਧਰ ਦੇ ਕਾਗਦ ਪ੍ਰਕਾਸ਼ਨ ਨੇ ਛਾਪਿਆ ਹੈ। ਇਸਦੀਆਂ ਕਈ ਸਿਫਤਾਂ ਹਨ, ਜੋ ਭਾਰਤੀ ਸਮਾਜ ਦੀਆਂ ਤਹਿਆਂ ਫੋਲਦੀਆਂ ਹਨ। ਪਹਿਲੀ ਵਾਰ ਹੈ ਕਿ ਕਿਸੇ ਕਾਮਰੇਡ ਨੇ ਸਵੈ ਤੋਂ ਪਾਰ ਦੀ ਗੱਲ ਕੀਤੀ ਹੈ। ਨਹੀਂ ਤਾਂ ਜਿਵੇਂ ਚੈਨ ਸਿੰਘ ਚੈਨ ਨੇ ਕਿਰਤੀ ਪਾਰਟੀ ਦਾ ਇਤਿਹਾਸ ਲਿਖਿਆ, ਪਰ ਉਸ ਵਿੱਚ ਖੁਦ ਤੋਂ ਵੱਧ ਕਿਸੇ ਨੂੰ ਮਹੱਤਵ ਹੀ ਨਹੀਂ ਦਿੱਤਾ। ਕਈ ਹੋਰਾਂ ਨੇ ਵੀ ਅਜਿਹਾ ਹੀ ਕੀਤਾ। ਪਰ ਗੰਧਰਵ ਸੇਨ ਨੇ ਕਮਾਲ ਦੀ ਸਟਡੀ ਦਿੱਤੀ ਹੈ। ਇਸ ਬਾਰੇ ਸਾਨੂੰ ਸਾਰਿਆਂ ਨੂੰ ਵਿਚਾਰਨਾ ਚਾਹੀਦਾ ਹੈ। ਕਾਰਣ ਇਹ ਹੈ ਕਿ ਇਹ ਅਨੁਭਵ ਨਿਵੇਕਲਾ ਹੈ। ਉਹ ਪਿਛਲੇ 100 ਸਾਲ ਦੇ ਭਾਰਤ ਦੀ ਕਲਚਰਲ, ਸਿਆਸੀ ਤੇ ਆਰਥਿਕ ਤਸਵੀਰ ਸਾਡੇ ਸਾਹਮਣੇ ਬੜੇ ਹੀ ਵਿਗਿਆਨਕ ਤਰੀਕੇ ਨਾਲ ਪੇਸ਼ ਕਰ ਦਿੰਦੇ ਹਨ। ਅਸੀਂ ਉਹਨਾਂ ਦੇ ਨੁਕਤਿਆਂ ਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਇਹਨਾਂ ਦਾ ਇਤਿਹਾਸਕ ਮਹੱਤਵ ਤਾਂ ਹੈ ਹੀ, ਭਵਿੱਖ ਲਈ ਵੀ ਲਾਹੇਵੰਦ ਲੱਗ ਰਹੇ ਹਨ।

ਉਹਨਾਂ ਇਹ ਸਵੈ-ਜੀਵਨੀ ਇੱਕ ਸਵੈ-ਵਿਸ਼ਲੇਸ਼ਣ ਵਾਂਗ ਲਿਖੀ ਹੈ। ਉਹ ਮੰਨਦੇ ਹਨ ਕਿ ਸਾਨੂੰ ਸਟਡੀ ਸਰਕਲ ਦੇਣ ਵਾਲੇ ਭਾਰਤੀ ਸਮਾਜ ਦੀ ਥਾਂ ਕਿਸੇ ਹੋਰ ਥਾਂ ਤੋਂ ਆ ਰਹੀ ਸਿਆਸੀ ਲਾਈਨ ਬਾਰੇ ਹੀ ਗੱਲਾਂ ਕਰਦੇ ਸਨ। ਉਹ ਭਾਰਤੀ ਸਮਾਜ ਨੂੰ ਸਮਝਣ-ਸਮਝਾਉਣ ਵਿੱਚ ਨਾਕਾਮ ਰਹੇ। ਇਸੇ ਕਰਕੇ ਅਸੀਂ ਜਿੱਥੇ ਕੰਮ ਕਰਦੇ ਸੀ,ਉੱਥੇ ਕਈ ਤਰ੍ਹਾਂ ਦੇ ਅਜਿਹੇ ਸਵਾਲ ਸਨ, ਜੋ ਸਾਡੀ ਸਮਝ ਦਾ ਹਿੱਸਾ ਨਾ ਬਣ ਸਕੇ। ਇਹਨਾਂ ਸਵਾਲਾਂ ਵਿੱਚ ਉਹ ਜਾਤ-ਧਰਮ ਆਦਿ ਦੇ ਸਵਾਲਾਂ ਨੂੰ ਤਰਜੀਹ ਦਿੰਦੇ ਹਨ। ਉਹ ਕਹਿੰਦੇ ਹਨ ਕਿ ਸਾਡੇ ਕਾਮਰੇਡਾਂ ਦੇ ਨਾਲ ਅਗਰ ਚੱਲ ਸਕਦਾ ਸੀ ਤਾਂ ਉਹ ਕਿਰਤੀ ਵਰਗ ਸੀ। ਪਰ ਸਾਡੇ ਕੋਲ ਇਹ ਜਾਤ ਨਾਲ ਜੁੜਿਆ ਸਵਾਲ ਸੀ। ਸਾਨੂੰ ਇਹ ਸਮਝ ਹੀ ਨਹੀਂ ਆਇਆ ਕਿ ਇਹਨਾਂ ਨੂੰ ਜਾਤ ਦੇ ਤੌਰ ਉੱਤੇ ਹੀਣਾ ਸਮਝਿਆ ਜਾਂਦਾ ਹੈ। ਇਸੇ ਕਰਕੇ ਭਾਰਤੀ ਸਮਾਜ ਵਿੱਚ ਜਾਤ ਅਧਾਰਤ ਪਾਰਟੀਆਂ ਨੂੰ ਸ਼ਹਿ ਮਿਲੀ। ਅੱਜ ਅਸੀਂ ਇਹ ਸੱਭ ਕੁਝ ਝੱਲ ਰਹੇ ਹਾਂ।
ਇਸੇ ਤਰ੍ਹਾਂ ਉਹ ਲਿਖਦੇ ਹਨ ਕਿ ਅਸੀਂ ਹਿੰਸਾ ਦਾ ਰਸਤਾ ਨਹੀਂ ਸਾਂ ਅਪਨਾਉਣਾ ਚਾਹੁੰਦੇ, ਪਰ ਸਾਡਾ ਇਸ ਮਾਮਲੇ ਬਾਰੇ ਵੀ ਖਿਆਲ ਆਪਣਾ-ਆਪਣਾ ਹੀ ਰਿਹਾ। ਅਜ਼ਾਦੀ ਦੇ ਸੰਘਰਸ਼ ਦੇ ਸਮੇਂ ਹੋਰ ਸਨ। ਅਜ਼ਾਦੀ ਤੋਂ ਬਾਦ ਕਈ ਮਾਮਲੇ ਅਸੀਂ ਸਮਝ ਹੀ ਨਹੀਂ ਸਕੇ। ਅਸੀਂ ਜੰਗਲਵਾਸੀਆਂ ਦੇ ਮਸਲਿਆਂ ਨੂੰ ਨਾ ਸਮਝ ਸਕੇ। ਇਸ ਕਰਕੇ ਅੱਜ ਵੀ ਭੁਗਤ ਰਹੇ ਹਾਂ। ਜਿਸ ਉਮੀਦ ਨਾਲ ਅਜ਼ਾਦੀ ਸੰਗਰਸ਼ ਵਿੱਚ ਹਿੱਸਾ ਪਾਇਆ ਸੀ, ਉਹ ਸੁਪਨੇ ਪੂਰੇ ਹੀ ਨਾ ਹੋ ਸਕੇ। ਫਿਰ ਦੂਸਰੀ ਲੜਾਈ ਸ਼ੁਰੂ ਹੋ ਗਈ। ਇਸ ਨਵੀਂ ਲੜਾਈ ਨੂੰ ਵੀ ਲੀਡਰਸ਼ਿਪ ਨਾ ਸਮਝ ਸਕੀ, ਜਾਂ ਕਹੋ ਕਿ ਸਮਝਿਆ ਹੀ ਨਹੀਂ ਗਿਆ ਜਾਣ-ਬੁੱਝਕੇ। ਇਹ ਵੀ ਅਹਿਮ ਸਵਾਲ ਹੈ।

ਉਹਨਾਂ ਇਹਨਾਂ ਵਰਕਿਆਂ ਉੱਤੇ ਪਾਕਿਸਤਾਨ ਬਾਰੇ ਵੀ ਵਿਚਾਰ ਪ੍ਰਗਟਾਏ ਹਨ। ਉਹਨਾਂ ਮੰਨਿਆ ਹੈ ਕਿ ਅਸੀਂ ਮੁਸਲਿਮ ਨੂੰ ਸਮਝ ਹੀ ਨਹੀਂ ਸਕੇ। ਉਸਨੂੰ ਨਾਲ ਲੈ ਕੇ ਨਹੀਂ ਚੱਲ ਸਕੇ। ਇਸੇ ਕਰਕੇ ਬਹੁਤ ਸਾਰੇ ਮਾਮਲਿਆਂ ਵਿੱਚ ਲੋਕਾਂ ਨਾਲੋਂ ਟੁੱਟ ਗਏ। ਕਾਮਰੇਡ ਗੰਧਰਵ ਸੇਨ ਇਸ ਬਾਰੇ ਬਹੁਤ ਹੀ ਬਰੀਕ ਨੁਕਤਾ-ਨਿਗਾਹ ਤੋਂ ਗੱਲ ਕਰਦੇ ਹਨ। ਇਹ ਸਮਝਣ ਵਾਲੀ ਗੱਲ ਹੈ। ਨਕਸਲੀ ਦੌਰ ਬਾਰੇ ਵੀ ਉਹ ਬਹੁਤ ਹੀ ਸਪਸ਼ਟ ਤਰੀਕੇ ਨਾਲ ਗੱਲ ਕਰਦੇ ਹਨ। ਵੱਡੀ ਗੱਲ ਇਹ ਹੈ ਕਿ ਆਪਣੀ ਗੱਲ ਕਰਦਿਆਂ ਉਹ ਨਾ ਤਾਂ ਸਵੈ ਪ੍ਰਸੰਸਾ ਦਾ ਸ਼ਿਕਾਰ ਹੁੰਦੇ ਹਨ ਤੇ ਨਾ ਹੀ ਕਿਸੇ ਨੂੰ ਵਾਧੂ ਘਾਟੂ ਕਹਿੰਦੇ ਹਨ। ਉਹ ਲਹਿਰ ਦਾ ਵਿਸ਼ਲੇਸ਼ਣ ਕਰਦੇ ਹਨ, ਸਵੈ ਪ੍ਰਸੰਸਾ ਤੋਂ ਮੁਕਤ ਹੋ ਕੇ।

ਮਜ਼ੇ ਦੀ ਗੱਲ ਤਾਂ ਇਹ ਹੈ ਕਿ ਉਹਨਾਂ ਦੀ ਇਸ ਬੇਲਾਗ ਸਵੈ-ਜੀਵਨੀ ਨੂੰ ਵੀ ਲੱਗ-ਲਿਬੇੜ ਦੀ ਸ਼ਿਕਾਰ ਬਣਾਇਆ ਜਾਵੇਗਾ, ਜੋ ਆਸਾਰ ਨਜ਼ਰ ਆ ਰਹੇ ਹਨ। ਪੰਜਾਬ ਵਿੱਚ ਹੀ ਨਹੀਂ, ਪੰਜਾਬੋਂ ਬਾਹਰ ਵੀ ਇਸ ਬਾਰੇ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਹਰ ਤਰ੍ਹਾਂ ਦੇ ਵਿਚਾਰ ਰੱਖਣ ਵਾਲੇ ਲੋਕ ਹਨ, ਇਸ ਲਈ ਹਰ ਤਰ੍ਹਾਂ ਦੇ ਹੀ ਵਿਚਾਰ ਸਾਹਮਣੇ ਆਉਣਗੇ। ਪਰ ਅਸੀਂ ਸੋਚਦੇ ਹਾਂ ਕਿ ਇਹ ਸਵੈ-ਜੀਵਨੀ ਇੱਕ ਸਾਰਥਕ ਬਹਿਸ ਤੋਰ ਸਕਦੀ ਹੈ। ਇਹ ਹੀ ਤੁਰਨੀ ਚਾਹੀਦੀ ਹੈ। ਕਾਮਰੇਡ ਗੰਧਰਵ ਸੇਨ ਨੇ ਇੱਕ ਵੀ ਅਜਿਹੀ ਗੱਲ ਨਹੀਂ ਲਿਖੀ, ਜਿਸ ਵਿੱਚ ਸਵੈ-ਪ੍ਰਸੰਸਾ ਹੋਵੇ ਅਤੇ ਇਹ ਸੱਭ ਤੋਂ ਅਹਿਮ ਨੁਕਤਾ ਰੱਖਿਆ ਹੈ ਕਿ ਸਵੈ ਦੀ ਪੜਚੋਲ ਜ਼ਰੂਰ ਹੋਵੇ। ਇਸ ਲਈ ਇਸ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ।
ਕਿਸੇ ਦੀ ਸਿਆਸੀ ਸੂਝ ਕੀ ਹੈ, ਇਸ ਨਾਲ ਕਿਸੇ ਦਾ ਵੀ ਵਾਸਤਾ ਨਹੀਂ ਹੋਣਾ ਚਾਹੀਦਾ। ਪਰ ਕੀ ਉਹ ਮਾਨਵਤਾ ਦੇ ਭਲੇ ਲਈ ਸਹਾਈ ਹੋ ਰਹੀ ਹੈ ਜਾਂ ਨਹੀਂ, ਇਹ ਅਹਿਮ ਨੁਕਤਾ ਹੈ। ਜਿਸ ਸਵੈ-ਜੀਵਨੀ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਭਾਰਤੀ ਸਿਆਸੀ ਲੀਡਰ ਨੂੰ ਸਵੈ ਦੀ ਪੜਚੋਲ ਦਾ ਰਾਹ ਅਪਨਾਉਣ ਲਈ ਕਹਿੰਦੀ ਹੈ। ਇਹੀ ਇਸਦੀ ਪ੍ਰਾਪਤੀ ਹੈ। ਇਹੀ ਪੰਜਾਬ ਦੇ ਭਲੇ ਵਿੱਚ ਹੈ, ਭਾਰਤ ਦੇ ਭਲੇ ਵਿੱਚ ਹੈ। ਆਓ, ਇਹਨਾਂ ਸਵਾਲਾਂ ਬਾਰੇ ਵਿਚਾਰ ਕਰੀਏ।


Like it? Share with your friends!

0

ਪੈਂਤੜਿਆਂ ਤੋਂ ਪਾਰ ਜਾ ਕੇ ਵੀ ਕਦੇ ਸੋਚਣ ਕਾਮਰੇਡ!