ਪੰਜਾਬ ਤੇ ਹਰਿਆਣਾ ‘ਚ ਮੀਂਹ ਨਾਲ ਕਣਕ ਦਾ ਭਾਰੀ ਨੁਕਸਾਨ

ਚੰਡੀਗੜ੍ਹ, 15 ਅਪਰੈਲ (ਏਜੰਸੀ) : ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਪਈ ਹਾਲੀਆ ਬਾਰਸ਼ ਨੇ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਬਾਰਸ਼ ਕਾਰਨ ਬਣੇ ਨਮੀ ਵਾਲੇ ਮੌਸਮ ਨੇ ਦੋਵੇਂ ਸੂਬਿਆਂ ਦੇ ਕੁਝ ਜ਼ਿਲਿ੍ਹਆਂ ਵਿਚ ਫਸਲ ਖਰਾਬ ਕਰ ਦਿੱਤੀ ਹੈ ਅਤੇ ਇਸ ਦੀ ਖਰੀਦ ਦਾ ਕੰਮ ਵੀ ਪਛੜ ਗਿਆ ਹੈ। ਹੁਣ ਕਿਸਾਨਾਂ ਨੂੰ ਫਸਲ ਡਿੱਗ ਜਾਣ ਕਾਰਨ ਤਾਂ ਨੁਕਸਾਨ ਝੱਲਣਾ ਹੀ ਪਵੇਗਾ, ਨਾਲ ਹੀ ਉਨ੍ਹਾਂ ਨੂੰ ਮੰਡੀਆਂ ਵਿਚ ਜਿਣਸ ਵੇਚਣ ਵਿਚ ਵੀ ਮੁਸ਼ਕਲ ਪੇਸ਼ ਆਵੇਗੀ। ਗੌਰਤਲਬ ਹੈ ਕਿ ਮੀਂਹ ਅਤੇ ਠੰਢੇ ਮੌਸਮ ਕਾਰਨ ਜਿਣਸ ਵਿਚ ਨਮੀ ਦੀ ਮਾਤਰਾ ਵਧ ਜਾਵੇਗੀ ਅਤੇ ਖਰੀਦ ਏਜੰਸੀਆਂ ਨੂੰ ਜਿਣਸ ਦੇ ਮਨਜ਼ੂਰਸ਼ੁਦਾ ਹੱਦ ਤੱਕ ਸੁੱਕਣ ਲਈ ਇੰਤਜ਼ਾਰ ਕਰਨਾ ਪਵੇਗਾ ਤੇ ਇਸ ਤੋਂ ਬਾਅਦ ਹੀ ਕਣਕ ਦੀ ਖਰੀਦ ਦੀ ਸੰਭਾਵਨਾ ਬਣੇਗੀ। ਇਸ ਦੇ ਨਾਲ ਹੀ ਮੌਸਮ ਸਾਫ ਹੋਣ ਉਤੇ ਮੰਡੀਆਂ ਵਿਚ ਕਣਕ ਦੀ ਆਮਦ ਵਿਚ ਵੀ ਭਾਰੀ ਤੇਜ਼ੀ ਆ ਜਾਣ ਦੇ ਆਸਾਰ ਹਨ।
ਪੰਜਾਬ ਖੇਤੀ ਵਿਭਾਗ ਨੇ ਦੋ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਕਣਕ ਦੀ ਫਸਲ ਕੁਝ ਥਾਈਂ ਹੀ ਡਿੱਗੀ ਹੈ ਤੇ ਜ਼ਿਆਦਾ ਫਸਲ ਸੁਰੱਖਿਅਤ ਹੈ ਪਰ ਹੁਣ ਇਸ ਨੇ ਆਪਣੇ ਅੰਦਾਜ਼ੇ ਸੋਧ ਕੇ ਪੇਸ਼ ਕੀਤੇ ਹਨ। ਹੁਣ ਵਿਭਾਗ ਦਾ ਖਿਆਲ ਹੈ ਕਿ ਫਸਲ ਨੂੰ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਜ਼ਿਲਿ੍ਹਆਂ ਵਿਚ ਕਾਫੀ ਹੱਦ ਤੱਕ ਨੁਕਸਾਨ ਪੁੱਜਣ ਦਾ ਖਦਸ਼ਾ ਹੈ। ਪੰਜਾਬ ਵਿਚ ਸਿੱਲ੍ਹੇ ਮੌਸਮ ਕਾਰਨ ਕਣਕ ਦੀ ਭਾਰੀ ਆਮਦ ਦਾ ਅਸਰ ਪਟਿਆਲਾ ਵਿਚ ਦੇਖਣ ਨੂੰ ਮਿਲਿਆ ਹੈ। ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਡੀ.ਐਸ. ਗਰੇਵਾਲ ਮੁਤਾਬਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਰੀਬ 10 ਹਜ਼ਾਰ ਟਨ ਕਣਕ ਪੁੱਜ ਗਈ ਹੈ। ਸ੍ਰੀ ਗਰੇਵਾਲ ਦਾ ਕਹਿਣਾ ਹੈ ਕਿ ਰਾਜ ਵਿਚ ਕਣਕ ਦੀ ਖਰੀਦ ਹੋਰ ਪਛੜ ਸਕਦੀ ਹੈ ਕਿਉਂਕਿ ਰਾਜ ਵਿਚ ਪਟਿਆਲਾ ਨੂੰ ਛੱਡ ਕੇ ਹੋਰ ਜ਼ਿਲਿ੍ਹਆਂ ਵਿਚ ਕਣਕ ਦੀ ਆਮਦ ਕਾਫੀ ਘੱਟ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿਚ 687 ਟਨ ਕਣਕ ਦੀ ਆਮਦ ਹੋਈ ਹੈ।

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ 542, ਸੰਗਰੂਰ ਵਿਚ 514 ਅਤੇ ਲੁਧਿਆਣਾ ਵਿਚ 405 ਟਨ ਕਣਕ ਮੰਡੀਆਂ ਵਿਚ ਆਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਰਫ 19 ਹਜ਼ਾਰ ਟਨ ਕਣਕ ਦੀ ਖਰੀਦ ਹੋਈ ਹੈ ਜਦੋਂ ਕਿ ਬੀਤੇ ਸਾਲ ਅੱਜ ਤੱਕ ਸਰਕਾਰੀ ਏਜੰਸੀਆਂ ਨੇ 83 ਹਜ਼ਾਰ ਟਨ ਕਣਕ ਦੀ ਖਰੀਦ ਕੀਤੀ ਸੀ। ਕਣਕ ਡਿੱਗ ਜਾਣ ਦੇ ਸਿੱਟੇ ਵਜੋਂ ਪਟਿਆਲਾ, ਫਤਿਹਗੜ੍ਹ ਸਾਹਿਬ, ਰੋਪੜ ਅਤੇ ਮੁਹਾਲੀ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿਚ ਵੀ ਕਿਸਾਨਾਂ ਨੂੰ ਫਸਲ ਹੱਥੀਂ ਵੱਢਣੀ ਪਵੇਗੀ, ਕਿਉਂਕਿ  ਇਨ੍ਹਾਂ ਜ਼ਿਲਿ੍ਹਆਂ ਵਿਚ ਕਣਕ ਬੁਰੀ ਤਰ੍ਹਾਂ ਡਿੱਗ ਗਈ ਹੈ। ਇਸ ਦੇ ਨਾਲ ਨਾ ਸਿਰਫ ਕਿਸਾਨਾਂ ਦੀ ਲਾਗਤ ਵਧੇਗੀ ਸਗੋਂ ਕਣਕ ਦੀ ਵਾਢੀ ਲਈ ਮਜ਼ਦੂਰ ਲੱਭਣ ਵਿਚ ਵੀ ਕਿਸਾਨਾਂ ਨੂੰ ਭਾਰੀ ਔਖ ਆਵੇਗੀ।