ਖੇਤੀ ਵਿਭਿੰਨਤਾ ਤਹਿਤ ਗੁਆਰੇ ਦੀ ਪੈਦਾਵਾਰ ਲਈ ਆਕਰਸ਼ਤ ਹੋਏ ਮਾਲਵੇ ਦੇ ਕਿਸਾਨ


ਬਰਨਾਲਾ ਵਿਖੇ ਠੇਕਾ ਆਧਾਰਿਤ ਗੁਆਰੇ ਦੀ ਬਿਜਾਈ ਦਾ ਆਰੰਭ ਕਰਦੇ ਕਿਸਾਨ ਆਗੂ ਗੁਰਬਖ਼ਸ ਸਿੰਘ ਤੇ ਹੋਰ

ਬਰਨਾਲਾ 15 ਅਪ੍ਰੈਲ (ਜੀਵਨ ਰਾਮਗੜ੍ਹ) : ਖੇਤੀ ਵਿਭਿੰਨਤਾ ਲਈ ਸਰਕਾਰੀ ਸਿਫ਼ਾਰਸਾਂ ਤੋਂ ਹਟਵੇਂ ਤੌਰ ’ਤੇ ਜਿਲ੍ਹਾ ਬਰਨਾਲਾ ਦੇ ਕਿਸਾਨਾਂ ਨੇ ਆਪ ਤਰੱਦਦ ਕਰਦਿਆਂ ਗੰਗਾਨਗਰ (ਰਾਜਸਥਾਨ) ਆਧਾਰਿਤ ਇੱਕ ਫਰਮ ਵਿਕਾਸ ਡਬਲਿਊ ਐਸ ਪੀ ਲਿਮਿ. ਦੁਆਰਾ ਕੰਟਰੈਕਟ ਵੇਸ ’ਤੇ ਬਿਜਾਏ ਜਾ ਰਹੇ ਗੁਆਰੇ ਦੀ ਫ਼ਸਲ ਨੂੰ ਚੰਗਾ ਹੁੰਗਾਰਾ ਭਰਿਆ ਹੈ। ਜਿਸ ਦੀ ਜਿਲ੍ਹੇ ਅੰਦਰ ਬਿਜਾਈ ਦੀ ਸ਼ੁਰੂਆਤ ਕਿਸਾਨ ਸੁਖਦੇਵ ਸਿੰਘ ‘ਜੱਟ ਬੱਕਰੀਆਂ’ ਵਾਲੇ ਦੇ ਖੇਤ ਵਿਖੇ ਕੀਤੀ ਗਈ। ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਵੱਲੋਂ ਇਸ ਫਰਮ ਅਤੇ ਕਿਸਾਨਾਂ ਵਿਚਕਾਰ ਤਾਲਮੇਲ/ਸਪੰਰਕ ਸੰਸਥਾ ਵਜੋਂ ਭੁੂਮਿਕਾ ਨਿਭਾਉੌਦਿਆਂ ਇਸ ਘੱਟ ਲਾਗਤ ਅਤੇ ਵੱਧ ਮੁਨਾਫ਼ੇ ਵਾਲੀ ਖੇਤੀ ਲਈ ਬਾਕਾਇਦਾ ਕਿਸਾਨਾਂ ਨੂੰ ਪ੍ਰੇਰਿਆ ਜਾ ਰਿਹਾ ਹੈ।

ਬਰਨਾਲਾ ਦੇ ਕਿਸਾਨ ਸੁਖਦੇਵ ਸਿੰਘ ਜੱਟ (ਬੱਕਰੀਆਂ ਵਾਲੇ) ਦੇ ਖੇਤ ਵਿੱਚ ਗੁਆਰੇ ਦੀ ਬਿਜਾਈ ਦੀ ਸ਼ੁਰੂਆਤ ਕਰਵਾਉਣ ਪਹੁੰਚੇ ਕੰਪਨੀ ਦੇ ਪ੍ਰਤੀਨਿਧ ਪੰਕਜ਼ ਸ਼ਰਮਾਂ ਅਤੇ ਅਸ਼ੋਕ ਵਰਮਾਂ ਨੇ ਦੱਸਿਆ ਕਿ ਐਚ ਜੀ 365 ਕਿਸਮ ਦੇ ਗੁਆਰੇ ਦੀ ਬਿਜਾਈ ਲਈ ਕੰਪਨੀ ਵੱਲੋਂ ਉਤਪਾਦਕ ਕਿਸਾਨਾਂ ਨਾਲ 90 ਦਿਨ ਦਾ ਇੱਕ ਲਿਖਤੀ ਇਕਰਾਰਨਾਮਾ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਬਿਜ਼ਾਈ ਦੇ 91ਵੇਂ ਦਿਨ ਤੋਂ ਪਹਿਲਾਂ ਹੀ ਗੁਆਰੇ ਦੀ ਸਾਰੀ ਪੈਦਾਵਾਰ ਟਾਂਗਰ ਸਮੇਤ ਕਿਸਾਨ ਦੇ ਖੇਤ ’ਚੋਂ ਲੈ ਲਈ ਜਾਵੇਗੀ। ਜਿਸ ਦੇ ਕਿਸਾਨ ਨੂੰ 40 ਹਜ਼ਾਰ ਰੁਪਏ ਉੱਕੇ ਪੁੱਕੇ ਪ੍ਰਤੀ ਏਕੜ ਕੰਪਨੀ ਵੱਲੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਲੋਂੜੀਂਦਾ ਬੀਜ਼, ਖਾਦਾਂ, ਕੀਟਨਾਸ਼ਕ-ਨਦੀਨਨਾਸ਼ਕ ਕੰਪਨੀ ਵੱਲੋਂ ਆਪਣੇ ਅਧਿਕਾਰੀਆਂ ਦੀ ਦੇਖ ਰੇਖ ਹੇਠ ਮੁਫ਼ਤ ਮੁਹੱਈਆਂ ਕਰਵਾਏ ਜਾਣਗੇ। ਜਦੋਂ ਕਿ ਲੋਂੜੀਂਦੀ ਵਹਾਈ, ਸਿੰਚਾਈ, ਗੋਡਾਈ, ਲੱਦਾਈ ਅਤੇ ਮਜ਼ਦੂਰੀ ਦਾ ਖ਼ਰਚਾ ਕਿਸਾਨ ਸਹਿਣ ਕਰੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਪੂਰੀ ਫ਼ਸਲ ਕਿਸੇ ਕੁਦਰਤੀ ਆਫ਼ਤ ਸਦਕਾ ਖਰਾਬ ਹੋ ਜਾਂਦੀ ਹੈ ਤਾਂ ਵੀ ਕਿਸਾਨ ਨੂੰ ਤੈਅ ਸ਼ੁਦਾ 40 ਹਜ਼ਾਰ ਰੁਪਏ ਦਾ 50 ਫੀਸਦੀ ਯਾਨੀਕਿ 20 ਹਜ਼ਾਰ ਰੁਪਏ ਲਾਜ਼ਮੀ ਕੰਪਨੀ ਵੱਲੋਂ ਦਿੱਤਾ ਜਾਵੇਗਾ। ਵੈਸੇ ਉਨ੍ਹਾਂ ਕਿਹਾ ਕਿ ਇਹ ਫ਼ਸਲ ਮਾਰੂ ਕਿਸਮ ਦੀ ਹੋਣ ਕਰਕੇ ਲਾਗਤਾਂ ਬਹੁਤ ਘੱਟ ਹਨ। ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਜਿਲ੍ਹਾ ਪ੍ਰਧਾਨ ਗੁਰਬਖ਼ਸ਼ ਸਿੰਘ ਤੇ ਮੀਤ ਪ੍ਰਧਾਨ ਮੇਲਾ ਸਿੰਘ ਕੱਟੂ, ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਕਿਸਾਨਾਂ ਨੂੰ ਜਲ ਜ਼ਮੀਨ ਤੇ ਵਾਤਾਵਰਨ ਪਲੀਤ/ਪ੍ਰਦੂਸ਼ਿਤ ਕਰ ਰਹੇ ਕਣਕ ਝੋਨੇ ਦੇ ਰਸਾਇਣੀ ਫਸਲੀ ਚੱਕਰ ਚੋਂ ਕੱਢਣ ਹਿੱਤ ਬਦਲਵੇਂ ਪ੍ਰਬੰਧ ਵਜੋਂ ਘੱਟ ਸਮੇਂ/ਲਾਗਤ ਤੇ ਵੱਧ ਮੁਨਾਫੇ ਵਾਲੀ ਇਸ ਫ਼ਸਲ ਦੀ ਪੈਦਾਵਰ ਲਈ ਉਤਸ਼ਾਹਤ ਕਰਨ ਦਾ ਵੱਡਾ ਜਿੰਮਾ ਲੈਂਦਿਆਂ ਆਰੰਭਿਕ ਕੋਸ਼ਿਸ਼ ਵਜੋਂ ਇਹ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਬਰਨਾਲਾ ਦੇ ਅਗਾਂਹਵਧੂ ਕਿਸਾਨਾਂ ਨੇ ਇਸ ਖੇਤੀ ’ਚ ਦਿਲਚਸਪੀ ਦਿਖਾਈ ਹੈ।

ਜਿਸ ਸਦਕਾ ਪਹਿਲੀ ਵਾਰ ਹੀ 2 ਹਜ਼ਾਰ ਏਕੜ ਦੇ ਕਰੀਬ ਗੁਆਰੇ ਦੀ  ਖੇਤੀ ਲਈ ਇਸ ਇਲਾਕੇ ਦੇ ਕਿਸਾਨ ਫਰਮ ਨਾਲ ਇਕਰਾਰਨਾਮਾ ਕਰਨ ਜਾ ਰਹੇ ਹਨ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾਂ ਦੇ ਦਲੀਪ ਸਿੰਘ ਧਾਲੀਵਾਲ ਪੁਰਸਕਾਰ ਜੇਤੂ ਕਿਸਾਨ ਗੁਰਮੇਲ ਸਿੰਘ ਸੀਂਹੇਕਾ, ਬਲਵਿੰਦਰ ਸਿੰਘ ਰਹਿਲ ਮੈਂਬਰ ਬਲਾਕ ਸੰਮਤੀ ਬਰਨਾਲਾ, ਜੀਤ ਸਿੰਘ ਮਾਨ ਸੇਖਾ, ਸਹਿਕਾਰੀਸਭਾ ਬਰਨਾਲਾ ਦੇ ਸਾਬਕਾ ਪ੍ਰਧਾਨ ਬਲੌਰ ਸਿੰਘ ਜਵੰਧਾ ਬੱਕਰੀਆਂ ਵਾਲੇ, ਜਗਦੇਵ ਸਿੰਘ ਅਤੇ ਕਿਰਮਿਲ ਸਿੰਘ ਆਦਿ ਕਿਸਾਨ ਵੀ ਹਾਜ਼ਰ ਸਨ।


Like it? Share with your friends!

0

ਖੇਤੀ ਵਿਭਿੰਨਤਾ ਤਹਿਤ ਗੁਆਰੇ ਦੀ ਪੈਦਾਵਾਰ ਲਈ ਆਕਰਸ਼ਤ ਹੋਏ ਮਾਲਵੇ ਦੇ ਕਿਸਾਨ