ਕੈਪਟਨ ਨੇ ਪਾਰਟੀ ਦੇ ਕਈ ਉਮੀਦਵਾਰਾਂ ਨੂੰ ਹਰਾਇਆ : ਭੱਠਲ


Rajinder kaur bhattal

ਚੰਡੀਗੜ੍ਹ, 1 ਅਪ੍ਰੈਲ (ਏਜੰਸੀ) : ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਮਿਲੀ ਹਾਰ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਲੈ ਕੇ ਰਾਜ ਦੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਿਚ ਛਿੜੀ ਖੁੱਲ੍ਹੀ ਸਿਆਸੀ ਜੰਗ ਹੁਣ ਸੀਨੀਅਰ ਆਗੂਆਂ ਤੱਕ ਪਹੁੰਚ ਗਈ ਹੈ। ਇਸ ਬਾਰੇ ਅੱਜ ਇਥੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਉਹ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰਨ ਤੋਂ ਬਾਜ਼ ਆ ਜਾਣ, ਨਹੀਂ ਤਾਂ ਮੈਨੂੰ ਮਜਬੂਰੀ ਦੀ ਹਾਲਤ ਵਿਚ ਉਨ੍ਹਾਂ ਦੀਆਂ ਗਲਤੀਆਂ, ਨਾਕਾਮੀਆਂ ਅਤੇ ਗੈਰ ਜ਼ਿੰਮੇਦਾਰਾਨਾ ਸਰਗਰਮੀਆਂ ਦਾ ਖੁਲਾਸਾ ਕਰਨ ਲਈ ਮੈਦਾਨ ਵਿਚ ਉਤਰਨਾ ਪਵੇਗਾ। ਅੱਜ ਇਥੇ ਛੁੱਟੀ ਵਾਲੇ ਦਿਨ ਆਪਣੀ ਸਰਕਾਰੀ ਕੋਠੀ ਵਿਚ ਕੁਝ ਗਿਣੇ ਚੁਣੇ  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀ ਭੱਠਲ ਨੇ ਕਿਹਾ ਕਿ ‘ਲਗਦਾ ਹੈ ਕਿ ਕੈਪਟਨ ਹੁਣ ਮਾਯੂਸੀ ਅਤੇ ਘਬਰਾਹਟ ਦੇ ਆਲਮ ਵਿਚ ਕਾਂਗਰਸ ਦੀ ਬੇੜੀ ਵਿਚਕਾਰ ਛੱਡ ਕੇ ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਭੱਜ ਜਾਣ ਦੀਆਂ ਤਿਆਰੀਆਂ ਵਿਚ ਹਨ, ਪਰ ਮੈਂ ਅਤੇ ਪਾਰਟੀ ਵਰਕਰ ਉਨ੍ਹਾਂ ਨੂੰ ਭੱਜਣ ਨਹੀਂ ਦੇਵਾਂਗੇ।’

ਆਪਣੀ ਲਗਭਗ ਇਕ ਘੰਟੇ ਦੀ ਇਸ ਗੱਲਬਾਤ ਦੌਰਾਨ ਬੀਬੀ ਭੱਠਲ ਨੇ ਗੰਭੀਰ ਦੋਸ਼ ਲਗਾਇਆ ਕਿ 14ਵੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਕੇਵਲ ਤੇ ਕੇਵਲ ਕੈਪਟਨ ਅਮਰਿੰਦਰ ਸਿੰਘ ਦੀ ਹੈ, ਜਿਨ੍ਹਾਂ ਨੇ ਕਈ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਵਿਚ ਹਿੱਸਾ ਪਾਇਆ। ਇਸ ਸਬੰਧ ਵਿਚ ਉਨ੍ਹਾਂ ਲਗਭਗ ਇਕ ਦਰਜਨ ਕਾਂਗਰਸੀ ਉਮੀਦਵਾਰਾਂ ਦੇ ਨਾਂਅ ਵੀ ਲਏ। ਬੀਬੀ ਭੱਠਲ ਨੇ ਇਹ ਮੰਗ ਵੀ ਕੀਤੀ ਕਿ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਕਰੋੜਾਂ ਰੁਪਏ ਦੇ ਫੰਡ ਮਿਲੇ ਤੇ ਫੰਡ ਇਕੱਠੇ ਵੀ ਕੀਤੇ ਗਏ। ਲਿਹਾਜ਼ਾ ਕੈਪਟਨ ਨੂੰ ਚਾਹੀਦਾ ਕਿ ਉਹ ਸਪੱਸ਼ਟੀਕਰਨ ਦੇ ਕੇ ਕਾਂਗਰਸ ਪਾਰਟੀ ਤੇ ਪੰਜਾਬ ਦੀ ਜਨਤਾ ਦੇ ਸਾਹਮਣੇ ਲੇਖਾ-ਜੋਖਾ ਪੇਸ਼ ਕਰੇ।

ਉਨ੍ਹਾਂ ਨੇ ਕਿਹਾ ਕਿ ਬਿਹਤਰ ਇਹੀ ਰਹੇਗਾ ਕਿ ਕੈਪਟਨ ਪ੍ਰਦੇਸ਼ ਕਾਂਗਰਸ ਦੀ ਕਾਰਜਕਾਰਨੀ, ਅਹੁਦੇਦਾਰਾਂ ਜਾਂ ਜਨਰਲ ਬਾਡੀ ਦੀ ਮੀਟਿੰਗ ਬੁਲਾ ਕੇ ਨਾ ਕੇਵਲ ਇਕੱਠੇ ਕੀਤੇ ਗਏ ਫੰਡ ਦਾ ਹਿਸਾਬ ਕਿਤਾਬ ਦੇਣ ਬਲਕਿ ਇਹ ਵੀ ਦੱਸਣ ਕਿ ਉਨ੍ਹਾਂ ਨੇ ਪਾਰਟੀ ਦਾ ਪ੍ਰਧਾਨ ਹੁੰਦੇ ਹੋਏ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਤੇ ਫੰਡ ਕਿਥੋਂ-ਕਿਥੋਂ ਆਏ ਤੇ ਕਿਥੇ ਖ਼ਰਚ ਕੀਤੇ ਗਏ? ਉਨ੍ਹਾਂ ਕਿਹਾ ਕਿ ਕੈਪਟਨ ਆਪ ਤਾਂ ਕਾਂਗਰਸੀ ਵਰਕਰਾਂ ਨੂੰ ਇਹ ਕਹਿ ਰਹੇ ਹਨ ਕਿ ਉਹ ਪ੍ਰੈੱਸ ਵਿਚ ਨਾ ਜਾਣ, ਪਰ ਦੁੱਖ ਦੀ ਗੱਲ ਹੈ ਕਿ ਉਹ ਆਪ ਖੁੱਲ੍ਹੇਆਮ ਬਿਆਨਬਾਜ਼ੀ ਕਰਕੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰ ਰਹੇ ਹਨ। ਇਹ ਜਾਨਣਾ ਚਾਹੀਦਾ ਹੈ ਕਿ ਆਖਰਕਾਰ ਕੀ ਕਾਰਨ ਹਨ ਕਿ ਕੈਪਟਨ ਝੂਠੀ ਬਿਆਨਬਾਜ਼ੀ ਕਰਕੇ ਪਾਰਟੀ ਵਿਚ ਮਾਯੂਸੀ ਕਿਉਂ ਫੈਲਾ ਰਹੇ ਹਨ? ਉਨ੍ਹਾਂ ਕਿਹਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਉਹ ਨਗਰ ਪਾਲਿਕਾਵਾਂ ਤੇ ਨਗਰ ਨਿਗਮਾਂ ਦੀਆਂ ਚੋਣਾਂ ਲੜਨ ਦੀ ਤਿਆਰੀ ਕਰਨ।

ਉਨ੍ਹਾਂ ਇਸ ਗੱਲ ‘ਤੇ ਦੁੱਖ ਪ੍ਰਗਟਾਇਆ ਕਿ ਕੈਪਟਨ ਸਾਬਕਾ ਕਾਂਗਰਸੀ ਵਿਧਾਇਕ ਸੰਨੀ ਬਰਾੜ ਦੇ ਮੁਕਤਸਰ ਵਿਚ ਹੋਏ ਅੰਤਿਮ ਅਰਦਾਸ ਦੇ ਸ਼ੋਕ ਸਮਾਗਮ ਵਿਚ ਵੀ ਸ਼ਾਮਿਲ ਨਾ ਹੋਏ। ਇਥੇ ਹੀ ਬੱਸ ਨਹੀਂ ਕਿ ਉਹ ਦੋ ਦਿਨ ਪਹਿਲਾਂ ਗੁਰਦਾਸਪੁਰ ਵਿਚ ਹੋਈ ਮੁੱਠਭੇੜ ਵਿਚ ਗੋਲੀ ਦਾ ਸ਼ਿਕਾਰ ਹੋਏ ਇਕ ਨੌਜਵਾਨ ਦੀ ਹੋਈ ਮੌਤ ਸਮੇਂ ਵੀ ਪਾਰਟੀ ਪ੍ਰਧਾਨ ਦੇ ਨਾਤੇ ਮੌਕੇ ‘ਤੇ ਨਹੀਂ ਪਹੁੰਚੇ। ਦੁੱਖ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਕਾਂਗਰਸ ਦੇ ਇਹ ਚੋਣਾਂ ਹਾਰ ਜਾਣ ਤੋਂ ਪਿੱਛੋਂ ਕੈਪਟਨ ਨੇ ਚੰਡੀਗੜ੍ਹ ਤੇ ਕਈ ਹੋਰ ਥਾਵਾਂ ‘ਤੇ ਮਹਿਫਲਾਂ ਵਿਚ ਜਾਣਾ ਜ਼ਰੂਰੀ ਸਮਝਿਆ, ਜਿਸ ਤੋਂ ਕਾਂਗਰਸੀ ਵਰਕਰ ਹੈਰਾਨ ਤੇ ਪ੍ਰੇਸ਼ਾਨ ਹੋ ਕੇ ਰਹਿ ਗਏ ਹਨ। ਮੁਸਕਰਾਉਂਦੇ ਹੋਏ ਬੀਬੀ ਭੱਠਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਤਾਂ ਕੈਪਟਨ ਦਾ ਸਨਮਾਨ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀਆਂ ਗਲਤੀਆਂ ਤੇ ਨਾਕਾਮੀਆਂ ਦੇ ਕਾਰਨ ਕਈ ਕਾਂਗਰਸੀ ਉਮੀਦਵਾਰ ਹਾਰੇ ਹਨ।

ਇਕ ਸੁਆਲ ਦੇ ਉੱਤਰ ਵਿਚ ਬੀਬੀ ਭੱਠਲ ਨੇ ਕਿਹਾ ਕਿ ਮੈਨੂੰ ਅੱਜ ਖੁੱਲ੍ਹ ਕੇ ਮਜਬੂਰੀ ਦੀ ਹਾਲਤ ਵਿਚ ਪ੍ਰੈੱਸ ਵਿਚ ਜਾਣਾ ਪਿਆ ਕਿਉਂਕਿ ਕੈਪਟਨ ਨੇ ਝੂਠ ਬੋਲ ਕੇ ਕਈ ਕਾਂਗਰਸੀ ਆਗੂਆਂ ਦੀ ਆਲੋਚਨਾ ਕੀਤੀ ਹੈ, ਜਿਸ ਵਿਚ ਮੇਰਾ ਨਾਂਅ ਵੀ ਸ਼ਾਮਿਲ ਹੈ। ਉਨ੍ਹਾਂ ਨੇ ਕੈਪਟਨ ਦੇ ਇਸ ਬਿਆਨ ਨੂੰ ਕੋਰਾ ਝੂਠ ਕਰਾਰ ਦਿੱਤਾ ਕਿ ਮੈਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ 10 ਉਮੀਦਵਾਰਾਂ ਨੂੰ ਕਾਂਗਰਸ ਦੀਆਂ ਟਿਕਟਾਂ ਦਿਵਾਈਆਂ ਜਿਨ੍ਹਾਂ ਵਿਚੋਂ ਕੇਵਲ 2 ਹੀ ਜਿੱਤ ਸਕੇ। ਬੀਬੀ ਭੱਠਲ ਦੇ ਸ਼ਬਦਾਂ ਅਨੁਸਾਰ ਮੈਂ 13 ਟਿਕਟਾਂ ਦਿਵਾਈਆਂ ਜਿਨ੍ਹਾਂ ਵਿਚੋਂ 9 ਕਾਂਗਰਸੀ ਸਫਲ ਹੋ ਗਏ। ਇਸ ਸਬੰਧ ਵਿਚ ਉਨ੍ਹਾਂ ਜਿੱਤਣ ਤੇ ਹਾਰਨ ਵਾਲੇ ਕਾਂਗਰਸੀ ਉਮੀਦਵਾਰਾਂ ਦੇ ਵਿਸਥਾਰਪੂਰਵਕ ਨਾਂਅ ਵੀ ਦੱਸੇ। ਇਥੇ ਹੀ ਬੱਸ ਨਹੀਂ ਉਨ੍ਹਾਂ ਨੇ ਉਨ੍ਹਾਂ ਕਾਂਗਰਸੀ ਉਮੀਦਵਾਰਾਂ ਦੇ ਨਾਂਅ ਵੀ ਦੱਸੇ ਜਿਨ੍ਹਾਂ ਨੂੰ ਕੈਪਟਨ ਜਾਂ ਉਨ੍ਹਾਂ ਦੇ ਸਮਰਥਕਾਂ ਹਰਾਇਆ। ਇਕ ਹੋਰ ਸਵਾਲ ਦੇ ਜੁਆਬ ਵਿਚ ਬੀਬੀ ਭੱਠਲ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਨੂੰ ਚਾਹੀਦਾ ਹੈ ਕਿ ਉਹ ਕੈਪਟਨ ਨੂੰ ਹੁਣ ਪਾਰਟੀ ਦੀ ਪ੍ਰਧਾਨਗੀ ਤੋਂ ਨਾ ਉਤਾਰੇ।

ਉਨ੍ਹਾਂ ਕਿਹਾ ਕਿ ਮੈਂ 14ਵੀਂ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜੇ ਨਿਕਲਣ ਤੋਂ ਬਾਅਦ ਆਪ ਦਿੱਲੀ ਜਾ ਕੇ ਕਾਂਗਰਸ ਹਾਈਕਮਾਨ ਨੂੰ ਪੇਸ਼ਕਸ਼ ਕੀਤੀ ਕਿ ਮੈਨੂੰ ਹੁਣ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਕਾਂਗਰਸੀ ਵਰਕਰਾਂ ਤੋਂ ਲੁਕ-ਛੁਪ ਕੇ ਨਹੀਂ ਰਹਿਣਾ ਚਾਹੀਦਾ ਬਲਕਿ ਉਨ੍ਹਾਂ ਦੇ ਦੁੱਖ ਸੁੱਖ ‘ਚ ਸ਼ਰੀਕ ਹੋਣਾ ਚਾਹੀਦਾ ਹੈ। ਬੀਬੀ ਭੱਠਲ ਦੇ ਸ਼ਬਦਾਂ ਅਨੁਸਾਰ ਕਾਂਗਰਸੀ ਵਰਕਰ ਮਾਯੂਸੀ ਦੇ ਆਲਮ ਵਿਚ ਹੁਣ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਕੋਲ ਜਾ ਕੇ ਝੁਕ ਰਹੇ ਹਨ ਕਿ ਸਾਡੇ ਵਿਰੁੱਧ ਦਰਜ ਕੀਤੇ ਕੇਸ ਵਾਪਸ ਲਏ ਜਾਣ। ਮੈਂ ਕੈਪਟਨ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਉਹ ਹੁਣ ਚੁੱਪ ਕਿਉਂ ਬੈਠੇ ਹਨ? ਉਨ੍ਹਾਂ ਇਹ ਮੰਗ ਵੀ ਕੀਤੀ ਕਿ ਕੈਪਟਨ ਆਪਣੀ ਡੁਬਈ ਤੇ ਹੋਰ ਥਾਵਾਂ ‘ਤੇ ਜਾਇਦਾਦਾਂ ਦੇ ਵੇਰਵੇ ਜਨਤਾ ਦੇ ਸਾਹਮਣੇ ਰੱਖਣ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਉਹ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰਕੇ ਪਾਰਟੀ ਦਾ ਅਨੁਸ਼ਾਸਨ ਭੰਗ ਨਾ ਕਰਨ ਤੇ ਇੱਜ਼ਤ ਨਾਲ ਰਾਜਨੀਤੀ ਤੋਂ ਸੇਵਾ-ਮੁਕਤੀ ਲੈ ਲੈਣ।


Like it? Share with your friends!

0

ਕੈਪਟਨ ਨੇ ਪਾਰਟੀ ਦੇ ਕਈ ਉਮੀਦਵਾਰਾਂ ਨੂੰ ਹਰਾਇਆ : ਭੱਠਲ