ਚੰਦਰਾਸਵਾਮੀ ਨੂੰ 25 ਲੱਖ ਜੁਰਮਾਨਾ ਭਰਨ ਦੇ ਹੁਕਮ


ਨਵੀਂ ਦਿੱਲੀ, 16 ਜੂਨ (ਏਜੰਸੀ) : ਅੱਜ ਸੁਪਰੀਮ ਕੋਰਟ ਨੇ ਫੇਮਾ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਅਖ਼ੌਤੀ ਤਾਂਤਰਿਕ ਚੰਦਰਾਸਵਾਮੀ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਜੁਰਮਾਨੇ ਵਜੋਂ 25 ਲੱਖ ਰੁਪਏ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਵਰਨਣਯੋਗ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਸ ਦੇ ਖ਼ਿਲਾਫ਼ ਅਜਿਹੇ ਕਈ ਮਾਮਲੇ ਦਰਜ ਕੀਤੇ ਹੋਏ ਹਨ। ਜਸਟਿਸ ਬੀ.ਐਸ. ਚਵਾਨ ਤੇ ਜਸਟਿਸ ਸਵਤੰਤਰ ਕੁਮਾਰ ਦੇ ਬੈਂਚ ਨੇ ਚੰਦਰਾਸਵਾਮੀ ਤੇ ਉਸ ਦੇ ਸਹਿਯੋਗੀ ਵਿਕਰਮ ਸਿੰਘ ਨੂੰ ਹੁਕਮ ਦਿੱਤਾ ਕਿ ਉਹ ਚਾਰ ਮਾਮਲਿਆਂ ਸਬੰਧੀ ਇਹ ਜੁਰਮਾਨਾ ਭਰੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਚੰਦਰਾਸਵਾਮੀ ਖ਼ਿਲਾਫ਼ ਫੇਮਾ ਦੀ ਉਲੰਘਣਾ ਦੇ 13 ਮਾਮਲੇ ਦਰਜ ਕੀਤੇ ਹੋਏ ਹਨ ਤੇ ਕਰੀਬ 9 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੋਇਆ ਹੈ।

ਬੈਂਚ ਨੇ ਚੰਦਰਾਸਵਾਮੀ ਦੇ ਵਕੀਲ ਨੂੰ ਸਖ਼ਤੀ ਨਾਲ ਪੁੱਛਿਆ, ”ਤੁਸੀਂ 8 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਜਮ੍ਹਾਂ ਕਰਵਾਉਣਾ ਹੈ। ਸਾਨੂੰ ਦੱਸੋ ਤੁਸੀਂ ਇਹ ਜਮ੍ਹਾਂ ਕਰਵਾਉcrਣੇ ਹੈ ਜਾਂ ਨਹੀਂ।” ਇਸ ‘ਤੇ ਬਚਾਅ ਧਿਰ ਨੇ ਕਿਹਾ, ”ਅਸੀਂ ਸਰਵਉੱਚ ਅਦਾਲਤ ਨੂੰ ਇਹ ਰਾਸ਼ੀ ਛੇਤੀ ਜਮ੍ਹਾਂ ਕਰਵਾਉਣ ਦਾ ਭਰੋਸਾ ਦਿੰਦੇ ਹਾਂ, ਪਰ ਐਨੀ ਵੱਡੀ ਰਕਮ ਇਕੋ ਵੇਲੇ ਜਮ੍ਹਾਂ ਕਰਵਾਉਣਾ ਕਾਫੀ ਔਖਾ ਹੈ।” ਇਸ ‘ਤੇ ਬੈਂਚ ਨੇ ਕਿਹਾ ਕਿ ਇਸ ਜੁਰਮਾਨੇ ਦੀ ਪਹਿਲੀ ਕਿਸ਼ਤ 25 ਲੱਖ ਰੁਪਏ ਇਕ ਹਫ਼ਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇ। ਮਾਮਲੇ ਦੀ ਅਗਲੀ ਸੁਣਵਾਈ ਜੁਲਾਈ ਦੇ ਦੂਜੇ ਹਫ਼ਤੇ ਹੋਵੇਗੀ। ਇਸ ਤੋਂ ਪਹਿਲਾਂ ਵਿਦੇਸ਼ੀ ਮੁਦਰਾ ਤਬਾਦਲਾ ਟ੍ਰਿਬਿਊਨਲ ਨੇ ਇਸ ਮਾਮਲੇ ਵਿੱਚ ਚੰਦਰਾਸਵਾਮੀ ਦੀ ਅਪੀਲ ਸੁਣਨ ਤੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਸੀ ਕਿ ਉਹ ਪਹਿਲਾਂ ਜੁਰਮਾਨੇ ਦੇ 9 ਕਰੋੜ ਰੁਪਏ ਜਮ੍ਹਾਂ ਕਰਵਾਉਣ। ਇਸ ਖ਼ਿਲਾਫ਼ ਉਹ ਦਿੱਲੀ ਹਾਈ ਕੋਰਟ ਚਲੇ ਗਏ ਸਨ ਤੇ ਉੱਥੇ ਅਪੀਲ ਰੱਦ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਸੁਪਰੀਮ ਕੋਰਟ ਦਾ ਦਰ ਖੜਕਾਇਆ ਸੀ।


Like it? Share with your friends!

0

ਚੰਦਰਾਸਵਾਮੀ ਨੂੰ 25 ਲੱਖ ਜੁਰਮਾਨਾ ਭਰਨ ਦੇ ਹੁਕਮ