ਸੁਰੇਸ਼ ਕਲਮਾਡੀ ਦੀ ਜ਼ਮਾਨਤ ਅਰਜ਼ੀ ਰੱਦ


ਨਵੀਂ ਦਿੱਲੀ, 6 ਜੂਨ (ਏਜੰਸੀ) : ਰਾਸ਼ਟਰਮੰਡਲ ਖੇਡਾਂ ਦੀ ਇੰਤਜ਼ਾਮੀਆ ਕਮੇਟੀ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਜਾ ਚੁੱਕੇ ਸੁਰੇਸ਼ ਕਲਮਾਡੀ ਦੀ ਜ਼ਮਾਨਤ ਅਰਜ਼ੀ ਨੂੰ ਅੱਜ ਦਿੱਲੀ ਦੀ ਇਕ ਸਥਾਨਕ ਅਦਾਲਤ ਨੇ ਨਾ-ਮਨਜ਼ੂਰ ਕਰ ਦਿੱਤਾ ਹੈ। ਕਲਮਾਡੀ ਨੂੰ ਖੇਡਾਂ ਦੇ ਇੰਤਜ਼ਾਮ ਨਾਲ ਸਬੰਧਤ ਇਕ ਠੇਕਾ ਸਵਿਸ ਕੰਪਨੀ ਨੂੰ ਦੇਣ ‘ਚ ਉਨ੍ਹਾਂ ਦੀ ਭੂਮਿਕਾ ਲਈ ਗ੍ਰਿਫਤਾਰ ਕੀਤਾ ਗਿਆ ਸੀ। ਵਿਸ਼ੇਸ਼ ਸੀਬੀਆਈ ਜੱਜ ਕੁਲਵੰਤ ਸਿੰਘ ਨੇ ਕਲਮਾਡੀ ਤੋਂ ਇਲਾਵਾ ਖੇਡ ਇੰਤਜ਼ਾਮੀਆ ਕਮੇਟੀ ਦੇ ਜਨਰਲ ਡਾਇਰੈਕਟਰ (ਖੇਡ) ਏ ਐਸ ਵੀ ਪ੍ਰਸਾਦ ਦੀ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਉਕਤ ਦੋਹਾਂ ਵਿਅਕਤੀਆਂ ‘ਤੇ ਲੱਗੇ ਦੋਸ਼ ਬਹੁਤ ਗੰਭੀਰ ਹਨ। ਅਦਾਲਤ ਨੇ ਕਿਹਾ ਕਿ ਜੇਕਰ ਦੋਹਾਂ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਉਹ ਗਵਾਹਾਂ ਨੂੰ ਪ੍ਰਭਾਵਤ ਕਰ ਸਕਦੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸ੍ਰੀ ਪ੍ਰਸਾਦ ਦੀ ਕਾਂਗਰਸੀ ਆਗੂ ਕਲਮਾਡੀ ਦੇ ਕਰੀਬੀ ਹੋਣ ਕਾਰਨ ਇਸ ਮਾਮਲੇ ‘ਚ ਅਹਿਮ ਭੂਮਿਕਾ ਹੈ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਅਦਾਲਤ ਨੇ 16 ਮਈ ਨੂੰ ਕਲਮਾਡੀ ਤੇ ਪ੍ਰਸਾਦ ਦੀਆਂ ਅਰਜ਼ੀਆਂ ‘ਤੇ ਫੈਸਲਾ ਰਾਖਵਾਂ ਰੱਖ ਲਿਆ ਸੀ। ਸੁਣਵਾਈ ਦੌਰਾਨ ਜਾਂਚ ਏਜੰਸੀ ਨੇ ਤਰਕ ਦਿੱਤਾ ਕਿ ਇੰਤਜ਼ਾਮੀਆ ਕਮੇਟੀ ਦੇ ਮੁਖੀ ਹੋਣ ਕਾਰਨ ਕਲਮਾਡੀ ਕੋਲ ਬਹੁਤ ਜ਼ਿਆਦਾ ਅਧਿਕਾਰ ਸਨ ਅਤੇ ਇਸੇ ਕਾਰਨ ਇਹ ਵਿਅਕਤੀ ਗਵਾਹਾਂ ਨੂੰ ਡਰਾਉਣ-ਧਮਕਾਉਣ ਦੀ ਸਮਰੱਥਾ ਰੱਖਦਾ ਹੈ। ਸੀਬੀਆਈ ਨੇ ਨਾਲ ਹੀ ਕਿਹਾ ਕਿ ਸਵਿਸ ਕੰਪਨੀ ਨੂੰ ਚੁਣੇ ਜਾਣ ਤੋਂ ਬਾਅਦ ਕਲਮਾਡੀ ਨੇ ਟੈਂਡਰ ਦੀ ਪ੍ਰਕਿਰਿਆ ਨੂੰ ਅਚਾਨਕ ਰੋਕ ਦਿੱਤਾ ਸੀ, ਜੋ ਕਿ ਬਹੁਤ ਹੀ ਸ਼ੱਕੀ ਹੈ। ਦੂਜੇ ਪਾਸੇ ਕਲਮਾਡੀ ਦੇ ਵਕੀਲ ਯੂ ਯੂ ਲਲਿਤ ਨੇ ਉਨ੍ਹਾਂ ਦੇ ਹੱਕ ‘ਚ ਦਲੀਲ ਦਿੰਦਿਆਂ ਕਿਹਾ ਕਿ ਮੇਰੇ ਮੁਵੱਕਲ ਨੇ ਮੁੱਢ ਤੋਂ ਜਾਂਚ ਏਜੰਸੀਆਂ ਨਾਲ ਸਹਿਯੋਗ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਜਾਵੇ।


Like it? Share with your friends!

0

ਸੁਰੇਸ਼ ਕਲਮਾਡੀ ਦੀ ਜ਼ਮਾਨਤ ਅਰਜ਼ੀ ਰੱਦ