ਅਦਾਲਤ ਵੱਲੋਂ ਮੁਸ਼ੱਰਫ਼ ਭਗੌੜਾ ਕਰਾਰ


ਇਸਲਾਮਾਬਾਦ, 30 ਮਈ (ਏਜੰਸੀ) : ਪਾਕਿਸਤਾਨ ਦੀ ਇਕ ਦਹਿਸ਼ਤਵਾਦ ਰੋਕੂ ਅਦਾਲਤ ਨੇ ਸਾਬਕਾ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਭਗੌੜਾ ਐਲਾਨ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਬੇਨਜ਼ੀਰ ਭੁਟੋ ਦੇ ਕਤਲ ਦੇ ਮਾਮਲੇ ਦੀ ਜਾਂਚ ‘ਚ ਉਨ੍ਹਾਂ ਸਹਿਯੋਗ ਨਹੀਂ ਦਿੱਤਾ ਹੈ। ਰਾਵਲਪਿੰਡੀ ਸਥਿਤ ਅਦਾਤਲ ਦੇ ਜੱਜ ਰਾਣਾ ਨਿਸਾਰ ਅਹਿਮਦ ਨੇ ਮਾਮਲੇ ਦੀ ਜਾਂਚ ਕਰ ਰਹੀ ਸੰਘੀ ਜਾਂਚ ਏਜੰਸੀ (ਐਫਡੀਏ) ਦੀ ਅਪੀਲ ‘ਤੇ ਵਿਦੇਸ਼ ‘ਚ ਰਹਿ ਰਹੇ ਪਾਕਿਸਤਾਨੀ ਰਾਸ਼ਟਰਪਤੀ ਨੂੰ ਭਗੌੜਾ ਐਲਾਨਿਆ ਹੈ। ਸੁਰੱਖਿਆ ਕਾਰਨਾਂ ਕਰਕੇ ਆਦੀਆਲਾ ਜੇਲ੍ਹ ‘ਚ ਚੱਲ ਰਹੀ ਇਸ ਅਦਾਲਤੀ ਕਾਰਵਾਈ ਦੌਰਾਨ ਮੁਦਈ ਧਿਰ ਨੇ ਅਦਾਲਤ ਨੂੰ ਦੱਸਿਆ ਕਿ ਅਜੇ ਉਹ ਗ੍ਰਿਫ਼ਤਾਰੀ ਵਰੰਟ ਮੁਸ਼ੱਰਫ਼ ਨੂੰ ਨਹੀਂ ਦੇ ਸਕੇ। ਉਨ੍ਹਾਂ ਦੱਸਿਆ ਕਿ ਮੁਸ਼ੱਰਫ਼ 2009 ਤੋਂ ਬਰਤਾਨੀਆ ‘ਚ ਰਹਿ ਰਹੇ ਹਨ ਤੇ ਉਥੋਂ ਦੇ ਅਧਿਕਾਰੀਆਂ ਨੇ ਵਰੰਟ ਤਾਮੀਲ ਕਰਨ ‘ਚ ਉਨ੍ਹਾਂ ਦੀ ਮਦਦ ਨਹੀਂ ਕੀਤੀ, ਕਿਉਂਕਿ ਪਾਕਿਸਤਾਨ ਦੀ ਬਰਤਾਨੀਆਂ ਨਾਲ ਸਪੁਰਦਗੀ ਸੰਧੀ ਨਹੀਂ ਹੈ।

ਮੁਦਈ ਧਿਰ ਦੇ ਇਸ ਤਰਕ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਮੁਸ਼ੱਰਫ਼ ਨੂੰ ਭਗੌੜਾ ਐਲਾਨ ਦਿੱਤਾ। ਸੁਣਵਾਈ ਮਗਰੋਂ ਜੱਜ ਨੇ ਕਿਹਾ ਕਿ ਇਸ ਸਬੰਧੀ ਐਲਾਨ ਨੂੰ ਅਖ਼ਬਾਰਾਂ ‘ਚ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸੇ ਦੌਰਾਨ ਕੁਝ ਅਧਿਕਾਰੀਆਂ ਵੱਲੋਂ ਮੁਸ਼ੱਰਫ਼ ਦੀ ਚੱਲ-ਅਚੱਲ ਜਾਇਦਾਦ ਜ਼ਬਤ ਕਰਨ ਦੀਆਂ ਖ਼ਬਰਾਂ ਵੀ ਹਨ। ਜ਼ਿਕਰਯੋਗ ਹੈ ਕਿ ਜਾਂਚ ਏਜੰਸੀਆਂ ਨਾਲ ਸਹਿਯੋਗ ਨਾ ਕਰਨ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਇਸ ਮਾਮਲੇ ਦੀ ਸੁਣਵਾਈ ਰੁਕੀ ਹੋਈ ਹੈ। ਅੱਜ ਦੀ ਸੁਣਵਾਈ ਦੌਰਾਨ ਅਦਾਲਤ ‘ਚ ਮੁਦਈ ਧਿਰ ਨੇ ਤਰਕ ਦਿੱਤਾ ਕਿ ਮੁਸ਼ੱਰਫ਼ ਸਾਰੇ ਘਟਨਾਕ੍ਰਮ ਤੋਂ ਪੁੂਰੀ ਤਰ੍ਹਾਂ ਜਾਣੂੰ ਹਨ, ਕਿਉਂਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਇਸ ਮਾਮਲੇ ਸਬੰਧੀ ਇੰਟਰਵਿਊ ਦੌਰਾਨ ਆਪਣੇ ਵਿਚਾਰ ਪ੍ਰਗਟਾਏ ਸਨ। ਮੁਦਈ ਧਿਰ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਜਾਣ-ਬੁੱਝ ਕੇ ਜਾਂਚ ਏਜੰਸੀਆਂ ਨਾਲ ਸਹਿਯੋਗ ਨਹੀਂ ਕਰ ਰਹੇ।


Like it? Share with your friends!

0

ਅਦਾਲਤ ਵੱਲੋਂ ਮੁਸ਼ੱਰਫ਼ ਭਗੌੜਾ ਕਰਾਰ