ਮੁੱਖ ਮੰਤਰੀ ਵੱਲੋਂ ਨਸ਼ਿਆਂ ਖਿਲਾਫ ਬੋਰਡ ਬਣਾਉਣ ਦਾ ਐਲਾਨ


ਜਗਰਾਉਂ, 4 ਮਈ (ਏਜੰਸੀ) : ਪੰਜਾਬ ‘ਚ ਨਸ਼ਿਆਂ ਦੀ ਰੋਕਥਾਮ ਲਈ ਬੋਰਡ ਬਣਾਉਣ ਦੀ ਮੰਗ ਖਾਤਰ ਭੁੱਖ ਹੜਤਾਲ ‘ਤੇ ਬੈਠੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਰਵਨੀਤ ਸਿੰਘ ਬਿੱਟੂ ਦੀ ਮੰਗ ਉਸ ਸਮੇਂ ਪ੍ਰਵਾਨ ਹੋ ਗਈ, ਜਦੋਂ ਸੰਗਤ ਦਰਸ਼ਨ ਪ੍ਰੋਗਰਾਮ ‘ਚ ਇਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਸ਼ਿਆਂ ਖਿਲਾਫ ‘ਡਰੱਗ ਪ੍ਰਹਿਬੈਂਸ਼ਨ ਬੋਰਡ‘ ਬਣਾਉਣ ਦਾ ਐਲਾਨ ਕਰ ਦਿੱਤਾ। ਮੁੱਖ ਮੰਤਰੀ ਦਾ ਸੰਗਤ ਦਰਸ਼ਨ ਇਥੇ ਸਿੱਧਵਾਂ ਬੇਟ ਰੋਡ ‘ਤੇ ਬਣੇ ਸੈਲੀਬਰੇਸ਼ਨ ਗਾਰਡਨ ‘ਚ ਚੱਲ ਰਿਹਾ ਸੀ। ਇਸੇ ਦੌਰਾਨ ਪ੍ਰੈਸ ਕਾਨਫਰੰਸ ਸ਼ੁਰੂ ਹੋਈ ਤਾਂ ਪੱਤਰਕਾਰਾਂ ਨੇ ਨਸ਼ਿਆਂ ਦੇ ਮੁੱਦੇ ‘ਤੇ ਉਨ੍ਹਾਂ ਨੂੰ ਘੇਰਨ ਦਾ ਯਤਨ ਕੀਤਾ। ਪੱਤਰਕਾਰਾਂ ਵੱਲੋਂ ਨਸ਼ਿਆਂ ਦੇ ਵਧਦੇ ਰੁਝਾਨ ਸਬੰਧੀ ਉਪਰੋ-ਥਲੀ ਕੀਤੇ ਸਵਾਲਾਂ ਦੇ ਜਵਾਬ ‘ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਬੋਰਡ ਬਣਾਉਣ ਨੂੰ ਤਿਆਰ ਹੈ। ਪਰ ਨਾਲ ਹੀ ਉਹ ਨਸ਼ਾ ਤਸਕਰੀ ਦੇ ਰੁਝਾਨ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਵੀ ਨਹੀਂ ਖੁੰਝੇ। ਉਨ੍ਹਾਂ ਕਿਹਾ ਕਿ ਨਸ਼ਾ ਪੰਜਾਬ ‘ਚ ਨਹੀਂ ਬਣਦਾ।

ਉਨ੍ਹਾਂ ਕਿਹਾ ਕਿ ਡਰੱਗ ਗੁਆਂਢੀ ਦੇਸ਼ ਪਾਕਿਸਤਾਨ ਤੋਂ ਸਰਹੱਦ ਰਾਹੀਂ ਆਉਂਦੀ ਹੈ, ਜਦਕਿ ਭੁੱਕੀ ਰਾਜਸਥਾਨ ‘ਚ ਸ਼ਰ੍ਹੇਆਮ ਖੰਡ ਵਾਂਗ ਵਿਕਣ ਕਾਰਨ ਇਥੇ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਬੰਦ ਕਰਵਾਉਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਬਿੱਟੂ ਨੂੰ ਭੁੱਖ ਹੜਤਾਲ ‘ਤੇ ਬੈਠਣ ਦੀ ਥਾਂ ਉਨ੍ਹਾਂ ਨੂੰ ਮਿਲ ਲੈਣਾ ਚਾਹੀਦਾ ਸੀ, ਕਿਉਂਕਿ ਗੱਲਬਾਤ ਰਾਹੀਂ ਪੰਜਾਬ ਦੇ ਸਾਂਝੇ ਮਸਲੇ ਸੁਲਝਾਏ ਜਾ ਸਕਦੇ ਹਨ। ਸ. ਬਾਦਲ ਨੇ ਇਹ ਵੀ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨਸ਼ਿਆਂ ਨੂੰ ਰੋਕਣ ਵਾਸਤੇ ਹਰ ਕਦਮ ਚੁੱਕਣ ਲਈ ਤਿਆਰ ਹੈ। ਇਸ ਸਮੇਂ ਮੁੱਖ ਮੰਤਰੀ ਨੇ ਜਗਰਾਉਂ ਹਲਕੇ ਦੇ ਵਿਕਾਸ ਲਈ 14.20 ਕਰੋੜ ਰੁਪਏ ਦਿੱਤੇ। ਇਸ ‘ਚੋਂ 5.95 ਕਰੋੜ ਰੁਪਏ ਮੌਕੇ ‘ਤੇ ਹੀ ਹਲਕੇ ਦੀਆਂ 70 ਪੰਚਾਇਤਾਂ ਨੂੰ ਵੰਡੇ ਗਏ। ਬਾਅਦ ‘ਚ ਜਦੋਂ ਮੁੱਖ ਮੰਤਰੀ ਦੇ ਇਸ ਐਲਾਨ ਬਾਰੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਬਰਾੜ ਨੂੰ ਪਤਾ ਲੱਗਿਆ ਤਾਂ ਉਹ ਅਚਾਨਕ ਸੰਗਤ ਦਰਸ਼ਨ ‘ਚ ਪਹੁੰਚ ਗਏ।

ਉਨ੍ਹਾਂ ਦੇ ਪਹੁੰਚਣ ‘ਤੇ ਅਕਾਲੀ ਆਗੂਆਂ ਦਾ ਧਿਆਨ ਉਧਰ ਖਿੱਚਿਆ ਗਿਆ ਪਰ ਉਨ੍ਹਾਂ ਇਕੱਲਿਆਂ ਆ ਕੇ ਮੁੱਖ ਮੰਤਰੀ ਨੂੰ ਬੋਰਡ ਬਣਾਉਣ ਬਾਰੇ ਮੰਗ ਪੱਤਰ ਦਿੱਤਾ, ਜਿਸ ‘ਤੇ ਸ੍ਰੀ ਬਾਦਲ ਨੇ ਕਿਹਾ ਕਿ ਉਹ ਪਹਿਲਾਂ ਹੀ ਮੀਡੀਆ ‘ਚ ਇਹ ਐਲਾਨ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਨੂੰ ਉਨ੍ਹਾਂ ਦੇ 2012 ਦੀ ਚੋਣ ਲੜਨ ਅਤੇ ਹਲਕਾ ਲੰਬੀ ਤੋਂ ਉਮੀਦਵਾਰ ਬਣਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਗੱਲਾਂ ਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਨੇ ਕਰਨਾ ਹੈ। ਪਾਰਟੀ ਜੇ ਚਾਹੇਗੀ ਤਾਂ ਉਹ ਚੋਣ ਲੜਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ਕਿਥੋਂ ਟਿਕਟ ਦਿੰਦੀ ਹੈ, ਇਹ ਹਾਲੇ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਕਿਉਂਕਿ ਹਾਲੇ ਕਿਸੇ ਵੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ ਦਾ ਨਾਂ ਤਾਂ ਫੈਸਲਾ ਹੀ ਹੋਇਆ ਹੈ ਅਤੇ ਨਾ ਐਲਾਨ। ਕੁਝ ਅਕਾਲੀ ਆਗੂਆਂ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਣਾਈ ਪੀਪਲਜ਼ ਪਾਰਟੀ ਆਫ ਪੰਜਾਬ ‘ਚ ਜਾਣ ਬਾਰੇ ਸ. ਬਾਦਲ ਨੇ ਕਿਹਾ ਕਿ ਜਾਂ ਤਾਂ ਮਨਪ੍ਰੀਤ ਨਾਲ ਉਸਦੇ ਰਿਸ਼ਤੇਦਾਰ ਗਏ ਹਨ ਜਾਂ ਫਿਰ ਉਹ ਲੋਕ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਟਿਕਟ ਜਾਂ ਚੇਅਰਮੈਨੀ ਮਿਲਣ ਦੀ ਆਸ ਨਹੀਂ ਸੀ।

ਸਿੱਖ ਸਟੂਡੈਂਟਸ ਫੈਡਰੇਸ਼ਨ (ਗਰੇਵਾਲ) ਵੱਲੋਂ ਇਸ ਸਮੇਂ ਜਗਰਾਉਂ ਦਾ ਨਾਂ ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਨੇ ਨਾਂ ‘ਤੇ ਰੱਖਣ ਲਈ ਮੰਗ-ਪੱਤਰ ਦਿੱਤਾ ਗਿਆ। ਇਸੇ ਤਰ੍ਹਾਂ ਬਾਬਾ ਨੰਦ ਸਿੰਘ ਦੇ ਜਨਮ ਅਸਥਾਨ ਪਿੰਡ ਸ਼ੇਰਪੁਰ ਕਲਾਂ ਦੀ ਪੰਚਾਇਤ ਵੱਲੋਂ ਜਗਰਾਉਂ ਤੋਂ ਜਾਂਦੀ ਖਸਤਾ ਹਾਲ ਸੜਕ ਦਾ ਮਾਮਲਾ ਧਿਆਨ ‘ਚ ਲਿਆਉਣ ‘ਤੇ ਮੁੱਖ ਮੰਤਰੀ ਨੇ ਇਹ ਸੱਤ ਕਿਲੋਮੀਟਰ ਲੰਬੀ ਸੜਕ ਤੁਰੰਤ ਬਣਾਉਣ ਦਾ ਹੁਕਮ ਜਾਰੀ ਕੀਤਾ। ਇਸੇ ਦੌਰਾਨ ਚੰਡੀਗੜ੍ਹ ਤੋਂ ਜਾਰੀ ਬਿਆਨ ਵਿਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਅੱਜ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ, ਜਿਸ ਵਿਚ ਉਨ੍ਹਾਂ ਜਗਰਾਉਾਂ ਵਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੰਜਾਬ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਨਸ਼ਾ ਰੋਕਥਾਮ ਬੋਰਡ ਨੂੰ ਕਾਇਮ ਕਰਨ ਦੀ ਯੂਥ ਕਾਂਗਰਸ ਦੀ ਮੰਗ ਨੂੰ ਪ੍ਰਵਾਨ ਕਰਨ ਦੀ ਗੱਲ ਕਰੀ ਹੈ।

ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਦਾ ਬਿਆਨ ਬਹੁਤ ਹੀ ਸ਼ਲਾਘਯੋਗ ਹੈ ਤੇ ਇਸ ਬੋਰਡ ਦੇ ਬਨਣ ਤੋਂ ਬਾਅਦ ਨਸ਼ਿਆਂ ਖਿਲਾਫ਼ ਲੜਾਈ ਨੂੰ ਬੱਲ ਮਿਲੇਗਾ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਸਰਕਾਰ ਵੱਲੋਂ ਸਾਨੂੰ ਕੋਈ ਲਿਖਤੀ ਤੌਰ ‘ਤੇ ਚਿੱਠੀ ਨਹੀਂ ਮਿਲ ਜਾਂਦੀ। ਉਨ੍ਹਾਂ ਕਿਹਾ ਕਿ ਸਿਰਫ਼ ਬਿਆਨਾਂ ਦੇ ਆਧਾਰ ‘ਤੇ ਹੀ ਮਰਨ ਵਰਤ ਨੂੰ ਨਹੀਂ ਤੋੜਿਆ ਜਾਵੇਗਾ।


Like it? Share with your friends!

0

ਮੁੱਖ ਮੰਤਰੀ ਵੱਲੋਂ ਨਸ਼ਿਆਂ ਖਿਲਾਫ ਬੋਰਡ ਬਣਾਉਣ ਦਾ ਐਲਾਨ