ਲੋਕਾਂ ਨੂੰ ਦੱਸਣ, ਇੰਨਾ ਪੈਸਾ ਕਿੱਥੋਂ ਆਇਆ? : ਕੈਪਟਨ


ਚੰਡੀਗੜ੍ਹ ,11 ਅਪ੍ਰੈਲ (ਏਜੰਸੀ) : ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਚੋਣਾਂ ‘ਚ ਕਾਲੇ ਧਨ ਦੀ ਵਰਤੋਂ ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਹੈ। ਕੈਪਟਨ ਨੇ ਸਿਆਸੀ ਭ੍ਰਿਸ਼ਟਾਚਾਰੀ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਸਬੰਧੀ ਬਾਦਲ ਦੇ ਸਟੈਂਡ ‘ਤੇ ਸਵਾਲ ਕੀਤਾ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਬਾਦਲ ਭ੍ਰਿਸ਼ਟਾਚਾਰੀ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕਿਵੇਂ ਕਰ ਸਕਦੇ ਹਨ, ਜਦਕਿ ਉਨ੍ਹਾਂ ਨੇ ਇਸ ਭਾਸ਼ਣ ਦੌਰਾਨ ਚੋਣਾਂ ‘ਚ ਖੁਦ ਹੀ ਕਾਲੇ ਧਨ ਦੇ ਪ੍ਰਯੋਗ ਨੂੰ ਕਬੂਲਿਆ ਹੈ। ਅੱਜ ਇੱਥੇ ਜਾਰੀ ਇਕ ਬਿਆਨ ‘ਚ ਕੈਪਟਨ ਅਮਰਿੰਦਰ ਨੇ ਬਾਦਲ ਵੱਲੋਂ ਸਿਆਸੀ ਭ੍ਰਿਸ਼ਟਾਚਾਰ ਅਤੇ ਚੋਣਾਂ ਦੌਰਾਨ ਕਾਲੇ ਧਨ ਦੀ ਵਰਤੋਂ ਤੋਂ ਮੁਕਤੀ ਪਾਏ ਜਾਣ ਨੂੰ ਮੁਸ਼ਕਿਲ ਕਰਾਰ ਦਿੱਤੇ ਜਾਣ ਦੀ ਆਲੋਚਨਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਬਾਦਲ ਦੇ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਨੀਤੀਆਂ ਨਾਲ ਲੜਨ ਸਬੰਧੀ ਝੂਠ ਦੀ ਪੋਲ ਖੁੱਲ੍ਹ ਜਾਂਦੀ ਹੈ। ਕੈਪਟਨ ਅਮਰਿੰਦਰ ਨੇ ਸਾਫ ਕੀਤਾ ਕਿ ਬਾਦਲ ਵੱਲੋਂ ਖੁਦ ਕਬੂਲ ਕਰਨ ਨਾਲ ਸਾਡੇ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੀ ਭ੍ਰਿਸ਼ਟ ਸਰਕਾਰ ਖਿਲਾਫ ਲਾਏ ਗਏ ਦੋਸ਼ ਖੁਦ-ਬ-ਖੁਦ ਸਾਬਿਤ ਹੋ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਤੁਸੀਂ ਕਿਵੇਂ ਉਸ ਆਦਮੀ ਪਾਸੋਂ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਿੱਤੇ ਜਾਣ ਦੀ ਉਮੀਦ ਰੱਖ ਸਕਦੇ ਹੋ, ਜਿਹੜਾ ਚੋਣਾਂ ‘ਚ ਖੁੱਲ੍ਹੇਆਮ ਕਾਲਾ ਧਨ ਵਰਤੇ ਜਾਣ ਬਾਰੇ ਕਬੂਲ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਾਦਲ ਨੇ ਬਹੁਤ ਅਰਾਮ ਨਾਲ ਕਬੂਲ ਕਰ ਲਿਆ ਕਿ ਉਹ ਚੋਣਾਂ ‘ਚ ਕਾਲਾ ਧੰਨ ਵਰਤ ਰਹੇ ਹਨ ਅਤੇ ਇਸ ਸਬੰਧ ‘ਚ ਕੁਝ ਨਹੀਂ ਕਰ ਸਕਦੇ।

ਸਾਬਕਾ ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਬਾਦਲ ਕੀ ਦੱਸਣਾ ਚਾਹੁੰਦੇ ਹਨ, ਆਪਣੀ ਅਯੋਗਤਾ ਤੇ ਮਜਬੂਰੀ ਜਾਂ ਫਿਰ ਪਹਿਲਾਂ ਤੋਂ ਬੁਰਾਈ ਦਾ ਸਾਹਮਣਾ ਕਰ ਰਹੇ ਸਿਸਟਮ ਨੂੰ ਇਸ ‘ਚ ਹੋਰ ਧਕੇਲਣਾ ਚਾਹੁੰਦੇ ਹਨ। ਉਨ੍ਹਾਂ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਾਫ ਤੌਰ ‘ਤੇ ਬਾਦਲ ਵੱਲੋਂ ਕੀਤੇ ਗਏ ਗੁਨਾਹਾਂ ਦਾ ਕਬੂਲਨਾਮਾ ਹੈ, ਜਿਸ ਕਾਰਨ ਉਹ ਇਸ ਸੰਵਿਧਾਨਿਕ ਅਹੁਦੇ ‘ਤੇ ਰਹਿਣ ਦਾ ਹੱਕਦਾਰ ਨਹੀਂ ਅਤੇ ਚੰਗਾ ਹੋਵੇਗਾ ਕਿ ਉਹ ਇਸ ਤੋਂ ਅਸਤੀਫਾ ਦੇ ਦੇਵੇ।

ਪੰਜਾਬ ਕਾਂਗਰਸ ਪ੍ਰਧਾਨ ਨੇ ਬਾਦਲ ਨੂੰ ਜ਼ਿੰਮੇਵਾਰੀ ਨਾਲ ਬੋਲਣ ਦੀ ਸਲਾਹ ਦਿੰਦਿਆਂ ਪੁੱਛਿਆ, ਕੀ ਉਨ੍ਹਾਂ ਦਾ (ਬਾਦਲ) ਅਰਥ ਹੈ ਕਿ ਭ੍ਰਿਸ਼ਟਾਚਾਰ ਅਤੇ ਕਾਲਾ ਧੰਨ ਸਾਡੀ ਸਿਆਸੀ ਪ੍ਰਣਾਲੀ ਦਾ ਅੰਦਰੂਨੀ ਹਿੱਸਾ ਹੈ ਅਤੇ ਇਸ ਸਬੰਧ ‘ਚ ਕੋਈ ਕੁਝ ਨਹੀਂ ਕਰ ਸਕਦਾ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਾਦਲ, ਜਿਨ੍ਹਾਂ ਨੇ ਛੇ ਦਹਾਕਿਆਂ ਤੋਂ ਵੱਧ ਦਾ ਸਮਾਂ ਸਿਆਸਤ ‘ਚ ਬਤੀਤ ਕੀਤਾ ਹੈ, ਵੱਲੋਂ ਅਜਿਹਾ ਗੈਰ ਜ਼ਿੰਮੇਵਾਰਾਨਾ ਬਿਆਨ ਦੇਣਾ ਲੋਕਾਂ ‘ਚ ਸਿਆਸਤ ਸਬੰਧੀ ਗਲਤ ਧਾਰਨਾ ਦਾ ਪ੍ਰਸਾਰ ਕਰੇਗਾ। ਉਨ੍ਹਾਂ ਨੂੰ ਸਿਆਸਤ ਤੋਂ ਦੂਰ ਕਰਦਾ ਹੋਇਆ ਇਹ ਮੰਨਣ ‘ਤੇ ਮਜ਼ਬੂਰ ਕਰ ਸਕਦਾ ਹੈ ਕਿ ਸਿਆਸਤਦਾਨ ਭ੍ਰਿਸ਼ਟ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਬਾਦਲ ਸਾਫ ਤੌਰ ‘ਤੇ ਚੋਣਾਂ ਦੇ ਦੌਰਾਨ ਕਾਲਾ ਧੰਨ ਵਰਤੇ ਜਾਣ ਸਬੰਧੀ ਮੰਨ ਚੁੱਕੇ ਹਨ। ਉਨ੍ਹਾਂ ਥੋੜ੍ਹਾ ਹੋਰ ਅੱਗੇ ਵੱਧਣਾ ਚਾਹੀਦਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਦਾ ਵੇਰਵਾ ਦੇਣਾ ਚਾਹੀਦਾ ਹੈ। ਨਾਲ ਹੀ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਇਹ ਸੱਭ ਇਕੱਠਾ ਕੀਤਾ।


Like it? Share with your friends!

0

ਲੋਕਾਂ ਨੂੰ ਦੱਸਣ, ਇੰਨਾ ਪੈਸਾ ਕਿੱਥੋਂ ਆਇਆ? : ਕੈਪਟਨ