ਪਿੰਡ ਬੌੜ ਤੋਂ ਲੱਖਾਂ ਰੁਪਏ ਦੀਆਂ ਅੱਠ ਮੱਝਾਂ ਚੋਰੀ

ਖਮਾਣੋਂ , 6 ਅਕਤੂਬਰ (ਰਣਬੀਰ ਸਿੰਘ ਰਾਣਾ) : ਇੱਥੋਂ ਕੁਝ ਦੂਰੀ ’ਤੇ ਸਥਿਤ ਪਿੰਡ ਬੌੜ ਤੋਂ ਬੀਤੀ ਰਾਤ ਦੋ ਭਰਾਵਾਂ ਮਹਿੰਦਰ ਸਿੰਘ ਅਤੇ ਹਰਨੇਕ ਸਿੰਘ ਦੇ ਬਾੜੇ ਵਿੱਚੋਂ ਚੋਰਾਂ ਨੇ ਅੱਠ ਮੱਝਾਂ ਚੋਰੀ ਕਰ ਲਈਆਂ। ਮਹਿੰਦਰ ਸਿੰਘ ਅਤੇ ਹਰਨੇਕ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਪੰਜ ਕੁ ਵਜੇ ਪੱਠੇ ਆਦਿ ਪਾਉਣ ਲਈ ਪਸ਼ੂਆਂ ਵਾਲੇ ਬਾੜੇ ਵਿੱਚ ਗਏ ਤਾਂ ਉਨਾਂ ਦੇਖਿਆ ਕਿ ਬਾੜੇ ਵਿੱਚ ਪਸ਼ੂ ਗਾਇਬ ਹਨ ਜਿਸਤੇ ਉਨਾਂ ਗਵਾਂਢੀਆਂ ਅਤੇ ਬਾਅਦ ਵਿੱਚ ਖੇੜੀ ਨੌਧ ਸਿੰਘ ਚੌਕੀ ਵਿੱਚ ਸੂਚਨਾ ਦਿੱਤੀ। ਉਨਾਂ ਦੱਸਿਆ ਕਿ ਕੁਝ ਦੂਰੀ ਤੇ ਇੱਕ ਟੋਬੇ ਵਿੱਚ ਗੱਡੀ ਦੇ ਟੈਰਾਂ ਦੇ ਨਿਸ਼ਾਨ ਹਨ ਜਿਸਤੋਂ ਜਾਪਦਾ ਹੈ ਕਿ ਚੋਰ ਮੱਝਾਂ ਨੂੰ ਗੱਡੀਆਂ ਵਿੱਚ ਲੱਦਕੇ ਲੈ ਗਏ ਹਨ। ਮਹਿੰਦਰ ਸਿੰਘ ਨੇ ਦੱਸਿਆ ਕਿ ਚੋਰ ਉਸਦੀਆਂ 2 ਮੱਝਾਂ ਅਤੇ 2 ਝੋਟੀਆਂ ਲੈ ਗਏ ਜਿਨਾਂ ਦੀ ਕੀਮਤ ਇੱਕ ਲੱਖ ਦੇ ਕਰੀਬ ਬਣਦੀ ਹੈ ਜਦਕਿ ਹਰਨੇਕ ਸਿੰਘ ਮੁਤਾਬਕ ਚੋਰ ਉਸਦੀ ਤਾਜੀ ਸੂਈ ਮੱਝ ਸਮੇਤ ਚਾਰ ਮੱਝਾਂ ਲੈ ਗਏ ਜਿਨਾਂ ਦੀ ਕੀਮਤ ਡੇਢ ਲੱਖ ਦੇ ਕਰੀਬ ਬਣਦੀ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਪਿੰਡ ਵਿੱਚ ਠੀਕਰੀ ਪਹਿਰਾ ਨਾ ਲੱਗਣ ਦੀ ਵਜਾ ਕਰਕੇ ਚੋਰੀ ਦੀ ਇਹ ਵਾਰਦਾਤ ਹੋਈ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਿਲ੍ਹੇ ਦੇ ਕਈ ਪਿੰਡਾਂ ਜਿਸ ਵਿੱਚ ਅੱਤੇਵਾਲੀ ਦੇ ਅਜੀਤ ਸਿੰਘ ਦੀਆਂ 7 ਮੱਝਾਂ, ਜਲਵੇੜੀ ਦੇ ਸਤਵਿੰਦਰ ਸਿੰਘ ਦੀਆਂ 3 ਮੱਝਾਂ, ਜਸਵਿੰਦਰ ਸਿੰਘ ਨੰਦਪੁਰ ਕਲੋੜ ਦੀਆਂ 3 ਮੱਝਾਂ, ਪਿੰਡ ਪੱਤੋਂ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਦੀਆਂ 4 ਮੱਝਾਂ, ਭਗਤਪੁਰ ਦੇ ਗਿਆਨ ਸਿੰਘ ਦੀਆਂ 3 ਮੱਝਾਂ, ਹਰਲਾਲਪੁਰ ਵਿੱਚ 16 ਮੱਝਾਂ ਚੋਰੀ ਹੋ ਗਈਆਂ ਸਨ।

Facebook Comments

Comments are closed.