ਨੌਜਵਾਨਾਂ ‘ਚ ਦੇਸ਼ ਭਗਤੀ ਜਜ਼ਬੇ ਦੀ ਲੋੜ


laxmi kanta chawla

ਅੰਮ੍ਰਿਤਸਰ , 19 ਅਗਸਤ (ਏਜੰਸੀਆਂ) : ਪੰਜਾਬ ਦੀ ਸਿਹਤ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਕੇਵਲ ਦੇਸ਼ ਭਗਤਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਹੋ ਸਕਦਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਨੌਜਵਾਨ ਪੀੜ੍ਹੀ ਨਾ ਤਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੈ ਅਤੇ ਨਾ ਹੀ ਦੇਸ਼ ਭਗਤੀ ਦੀ ਭਾਵਨਾ ਉਨ੍ਹਾਂ ਵਿੱਚ ਪਾਈ ਜਾ ਰਹੀ ਹੈ, ਜਦ ਕਿ ਦੇਸ਼ ਨੂੰ ਅੱਜ ਨੌਜਵਾਨਾਂ ਵਿੱਚ ਦੇਸ਼ ਭਗਤੀ ਦੇ ਜਜ਼ਬੇ ਦੀ ਸਖ਼ਤ ਲੋੜ ਹੈ। ਸਥਾਨਕ ਡੀਏਵੀ ਕਾਲਜ ਵਿਖੇ ਆਜ਼ਾਦੀ ਦੀ ਲੜਾਈ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਤੇ ਅਣਵੰਡੇ ਪੰਜਾਬ ਦੇ ਪਹਿਲੇ ਸ਼ਹੀਦ ਮਦਨ ਲਾਲ ਢੀਂਗਰਾ ਦੇ 101ਵੇਂ ਸ਼ਹੀਦੀ ਦਿਵਸ ‘ਤੇ ਕਾਲਜ ਦੇ ਇਤਿਹਾਸ ਵਿਭਾਗ ਅਤੇ ਚੰਡੀਗੜ੍ਹ ਪੰਜਾਬ ਯੂਨੀਅਨ ਆਫ ਜਰਨਲਿਸਟ ਦੀ ਜ਼ਿਲ੍ਹਾ ਇਕਾਈ ਵੱਲੋਂ ਸਾਂਝੇ ਤੌਰ ‘ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਪ੍ਰੋ. ਚਾਵਲਾ ਨੇ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਸ਼ਹੀਦਾਂ ਨੂੰ ਭੁੱਲਦੀ ਜਾ ਰਹੀ ਹੈ ਅਤੇ ਜ਼ਿਆਦਾਤਰ ਬੱਚਿਆਂ ਤੇ ਨੌਜਵਾਨਾਂ ਨੂੰ ਸ਼ਹੀਦਾਂ ਦੇ ਨਾਵਾਂ ਦੀ ਜਾਣਕਾਰੀ ਨਹੀਂ ਹੈ, ਜਿਸ ਲਈ ਉਨ੍ਹਾਂ ਨੇ ਅੰਗਰੇਜ਼ਾਂ ਦੇ ਸਮੇਂ ਦੀ ਲਾਗੂ ਸਿੱਖਿਆ ਪ੍ਰਣਾਲੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੂੰ ਕਰੀਬ 63 ਸਾਲ ਹੋ ਗਏ ਹਨ ਭਾਰਤ ਨੂੰ ਛੱਡ ਕੇ ਗਿਆ, ਪਰ ਅੰਗਰੇਜ਼ੀ ਪ੍ਰਤੀ ਸਾਡਾ ਲਗਾਉ ਘੱਟਣ ਦੀ ਬਜਾਏ, ਸਗੋਂ ਵੱਧਿਆ ਹੈ, ਜੋ ਸਾਡੀ ਅੰਗਰੇਜ਼ੀ ਭਗਤ ਦੀ ਮੂੰਹੋਂ ਬੋਲਦੀ ਤਸਵੀਰ ਪੇਸ਼ ਕਰਦੀ ਹੈ।

ਉਨ੍ਹਾਂ ਕਿਹਾ ਕਿ ਇੱਕ ਅਮੀਰ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਦੇ ਸਪੂਤ ਮਦਨ ਲਾਲ ਢੀਂਗਰਾ ਨੇ ਦੇਸ਼ ਭਗਤੀ ਦੇ ਮੁਸ਼ਕਲ ਰਸਤੇ ਨੂੰ ਚੁਣਿਆ ਅਤੇ ਅੰਗਰੇਜ਼ਾਂ ਦੀ ਭੂਮੀ ‘ਤੇ ਜਾ ਕੇ ਆਜ਼ਾਦੀ ਦੀ ਲੜਾਈ ਵਿੱਚ ਰੁਕਾਵਟ ਪਾਉਣ ‘ਤੇ ਅੰਗਰੇਜ਼ਾਂ ਦੇ ਟਾਊਟਾਂ ਦੁਆਰਾ ਆਜ਼ਾਦੀ ਘੁਲਾਟੀਆਂ ਵਿੱਚ ਪਾੜ ਪਾਉਣ ਦੀਆਂ ਕਾਰਵਾਈਆਂ ਕਰਨ ਵਾਲੇ ਕਰਜਨ ਵਾਇਲੀ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਅਤੇ ਖੁਦ ਹੱਸਦੇ ਹੋਏ ਫਾਂਸੀ ਦਾ ਰੱਸਾ ਜਾ ਚੁੰਮਿਆ। ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਸਥਾਨਕ ਸ਼ਹਿਰ ਦੇ ਲੋਕ ਆਪਣੇ ਇਸ ਪ੍ਰਥਮ ਸ਼ਹੀਦ ਨੂੰ ਭੁਲਾਈ ਬੈਠੇ ਹਨ। ਉਨ੍ਹਾਂ ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪਹਿਚਾਨਣ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸ਼ਹੀਦਾਂ ਬਾਰੇ ਵੀ ਜਾਣਕਾਰੀ ਦੇਣ। ਸਥਾਨਕ ਨਗਰ ਨਿਗਮ ਦੇ ਮੇਅਰ ਸਵੈਤ ਮਲਿਕ ਨੇ ਭਰੋਸਾ ਦਿਵਾਇਆ ਕਿ ਸ਼ਹੀਦ ਮਦਨ ਲਾਲ ਢੀਂਗਰਾ ਦਾ ਬੁੱਤ ਕਿਸੇ ਸਹੀ ਜਗ੍ਹਾ ‘ਤੇ ਜਲਦੀ ਹੀ ਲਗਾਇਆ ਜਾਵੇਗਾ।

ਇਸ ਮੌਕੇ ਕਾਲਜ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਵਿਸ਼ਵ ਬੰਧੂ ਨੇ ਮਲਟੀ ਮੀਡੀਆ ਰਾਹੀਂ ਸ਼ਹੀਦ ਦੇ ਜੀਵਨ ਬਾਰੇ ਭਰਪੂਰ ਜਾਣਕਾਰੀ ਦਿੱਤੀ। ਕਾਲਜ ਦੇ ਪ੍ਰਿੰਸੀਪਲ ਏ ਕੇ ਚੁਗ ਨੇ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਕਾਲਜ ਦੇ ਚੇਅਰਮੈਨ ਜੇ ਜੇ ਲੂਥਰਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਨੰਦ ਸ਼ਰਮਾ, ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਮਾਨਵ ਤਨੇਜਾ ਆਦਿ ਮੌਜੂਦ ਸਨ। ਸਮਾਗਮ ਉਪਰੰਤ ਪ੍ਰੋ. ਚਾਵਲਾ ਨੇ ਸਕੰਦਰੀ ਗੇਟ ਵਾਲੀ ਸੜਕ ਦਾ ਨਾਮ ਸ਼ਹੀਦ ਮਦਨ ਲਾਲ ਢੀਂਗਰਾ ਦੇ ਨਾਮ ‘ਤੇ ਰੱਖਣ ਦਾ ਉਦਘਾਟਨ ਵੀ ਕੀਤਾ।


Like it? Share with your friends!

0

ਨੌਜਵਾਨਾਂ ‘ਚ ਦੇਸ਼ ਭਗਤੀ ਜਜ਼ਬੇ ਦੀ ਲੋੜ