ਸੁਪਰੀਮ ਕੋਰਟ ਨੇ ਸੱਜਣ ਕੁਮਾਰ ਵਿਰੁਧ ਸੁਣਵਾਈ ’ਤੇ ਰੋਕ ਲਗਾਈ


Sajjan Kumar

ਨਵੀਂ ਦਿੱਲੀ, 13 ਅਗੱਸਤ (ਏਜੰਸੀ) : ਸੁਪਰੀਮ ਕੋਰਟ ਨੇ ਅੱਜ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁਧ ਚਲ ਰਹੇ ਮੁਕੱਦਮੇ ਦੀ ਸੁਣਵਾਈ ’ਤੇ ਦੋ ਹਫ਼ਤਿਆਂ ਲਈ ਰੋਕ ਲਗਾ ਦਿਤੀ। ਜਸਟਿਸ ਪੀ. ਸਦਾਸ਼ਿਵਮ ਅਤੇ ਜਸਟਿਸ ਬੀ.ਐਸ. ਚੌਹਾਨ ਦੇ ਬੈਂਚ ਨੇ ਸੱਜਣ ਕੁਮਾਰ ਦੀ ਅਪਣੇ ਵਿਰੁਧ ਮੁਕੱਦਮੇ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੀ.ਬੀ.ਆਈ. ਨੂੰ ਨੋਟਿਸ ਵੀ ਜਾਰੀ ਕੀਤਾ। ਰੋਕ ਲਗਾਉਣ ਦਾ ਆਦੇਸ਼ ਜਾਰੀ ਕਰਦਿਆਂ ਸੁਪਰੀਮ ਕੋਰਟ ਨੇ ਮਹਿਸੂਸ ਕੀਤਾ ਕਿ ਹਾਈ ਕੋਰਟ ਨੇ ਹੱਦ ਤੋਂ ਬਾਹਰ ਜਾ ਕੇ ਟਿਪਣੀਆਂ ਕੀਤੀਆਂ ਹਨ। ਵਿਸ਼ੇਸ਼ ਲੀਵ ਪਟੀਸ਼ਨ ਵਿਚ ਸੱਜਣ ਕੁਮਾਰ ਨੇ ਦਲੀਲ ਦਿਤੀ ਕਿ ਉਸ ਵਿਰੁਧ ਪੇਸ਼ ਕੀਤੇ ਜਾ ਰਹੇ ਗਵਾਹ ਭਰੋਸੇਯੋਗ ਨਹੀਂ ਅਤੇ ਹਾਈ ਕੋਰਟ ਨੇ ਕਈ ਬੇਲੋੜੀਆਂ ਟਿਪਣੀਆਂ ਕੀਤੀਆਂ ਹਨ ਜੋ ਮੁਕੱਦਮੇ ਦੀ ਕਿਸਮਤ ਦਾ ਫ਼ੈਸਲਾ ਕਰ ਸਕਦੀਆਂ ਹਨ।

ਸੱਜਣ ਕੁਮਾਰ ਦੇ ਵਕੀਲ ਅਮਿਤ ਆਨੰਦ ਤਿਵਾੜੀ ਨੇ ਕਿਹਾ ਕਿ ਗਵਾਹ ਬੀਬੀ ਜਗਦੀਸ਼ ਕੌਰ ਨੇ 7 ਸਤੰਬਰ 1995 ਨੂੰ ਰੰਗਨਾਥ ਮਿਸ਼ਰਾ ਕਮਿਸ਼ਨ ਸਾਹਮਣੇ ਹਲਫ਼ਨਾਮਾ ਦਾਖ਼ਲ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਕਈ ਕਾਂਗਰਸੀ ਆਗੂਆਂ ਦੇ ਨਾਮ ਲਏ ਸਨ ਪਰ ਕਿਤੇ ਵੀ ਸੱਜਣ ਕੁਮਾਰ ਦਾ ਨਾਂ ਨਹੀਂ ਸੀ ਲਿਆ ਪਰ ਹੁਣ ਉਹ ਸਿਰਫ਼ ਸੱਜਣ ਕੁਮਾਰ ਦਾ ਨਾਮ ਲੈ ਰਹੇ ਹਨ। ਮਈ 2000 ਵਿਚ ਬੀਬੀ ਜਗਦੀਸ਼ ਕੌਰ ਨੇ ਜੀ.ਟੀ. ਨਾਨਾਵਤੀ ਕਮਿਸ਼ਨ ਸਾਹਮਣੇ ਦਾਖ਼ਲ ਹਲਫ਼ਨਾਮੇ ਵਿਚ ਕਿਹਾ ਕਿ ਸੱਜਣ ਕੁਮਾਰ ਉਸ ਭੀੜ ਦੀ ਅਗਵਾਈ ਕਰ ਰਿਹਾ ਸੀ, ਜਿਸ ਨੇ ਉਸ ਦੇ ਪਤੀ ਅਤੇ ਪੁੱਤਰ ਨੂੰ ਮਾਰਿਆ। ਅਪੀਲ ਵਿਚ ਕਿਹਾ ਗਿਆ ਕਿ ਬੀਬੀ ਜਗਦੀਸ਼ ਕੌਰ ਨੇ ਕਮਿਸ਼ਨ ਸਾਹਮਣੇ ਪੇਸ਼ੀ ਦੌਰਾਨ ਕਿਤੇ ਵੀ ਸੱਜਣ ਕੁਮਾਰ ਦਾ ਨਾਮ ਨਹੀਂ ਲਿਆ ਪਰ 2006 ਵਿਚ ਉਨ੍ਹਾਂ ਨੇ ਸੀ.ਬੀ.ਆਈ. ਸਾਹਮਣੇ ਪੇਸ਼ ਹੋ ਕੇ ਸੱਜਣ ਕੁਮਾਰ ਉਪਰ ਭੀੜ ਨੂੰ ਭੜਕਾਉਣ ਦੇ ਦੋਸ਼ ਲਗਾਏ। ਇਸ ਲਈ ਬੀਬੀ ਜਗਦੀਸ਼ ਕੌਰ ਦੀ ਗਵਾਹੀ ਉਪਰ ਭਰੋਸਾ ਨਹੀਂ ਕੀਤਾ ਜਾ ਸਕਦਾ।

ਇਸ ਤੋਂ ਪਹਿਲਾਂ 19 ਜੁਲਾਈ ਨੂੰ ਹਾਈ ਕੋਰਟ ਨੇ ਸੱਜਣ ਕੁਮਾਰ ਵਿਰੁਧ ਕਤਲ ਅਤੇ ਹੋਰ ਦੋਸ਼ਾਂ ਨੂੰ ਰੱਦ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਮੁਕੱਦਮੇ ਵਿਚ ਦੇਰੀ ਨਾਲ ਸੱਜਣ ਕੁਮਾਰ ਨੂੰ ਫ਼ਾਇਦਾ ਹੋਵੇਗਾ। ਦੱਸਣਯੋਗ ਹੈ ਕਿ ਸਾਬਕਾ ਸੰਸਦ ਮੈਂਬਰ ਵਿਰੁਧ ਦੋ ਮਾਮਲਿਆਂ ਵਿਚ ਮੁਕੱਦਮਾ ਚਲ ਰਿਹਾ ਹੈ। ਉੁਸ ਵਿਰੁਧ ਦੋਸ਼ ਹੈ ਕਿ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਬਾਅਦ ਲੋਕਾਂ ਨੂੰ ਸਿੱਖਾਂ ਵਿਰੁਧ ਭੜਕਾਇਆ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਸੁਣਵਾਈ ਅਦਾਲਤ ਨੂੰ ਆਦੇਸ਼ ਦਿੰਦਿਆਂ ਕਿਹਾ ਸੀ ਕਿ ਉਹ ਸਿੱਖ ਕਤਲੇਆਮ ਦੇ ਮਾਮਲੇ ਵਿਚ ਸੱਜਣ ਕੁਮਾਰ ਵਿਰੁਧ ਛੇਤੀ ਤੋਂ ਛੇਤੀ ਸੁਣਵਾਈ ਕਰੇ। ਮਈ ਵਿਚ ਹੇਠਲੀ ਅਦਾਲਤ ਨੇ ਸੱਜਣ ਕੁਮਾਰ ਅਤੇ ਪੰਜ ਹੋਰਨਾਂ ਵਿਰੁਧ ਧਾਰਾ 302 (ਕਤਲ), 395 (ਡਕੈਤੀ), 427 (ਜਨਤਕ ਜਾਇਦਾ ਨੂੰ ਨੁਕਸਾਨ), 153-ਏ (ਦੋ ਫ਼ਿਰਕਿਆਂ ਦਰਮਿਆਨ ਦੁਸ਼ਮਣੀ ਭੜਕਾਉਣਾ) ਤਹਿਤ ਦੋਸ਼ ਆਇਦ ਕੀਤੇ ਸਨ।

ਸੀ.ਬੀ.ਆਈ. ਨੇ ਸੱਜਣ ਕੁਮਾਰ ਵਿਰੁਧ ਸਿੱਖ ਕਤਲੇਆਮ ਦੌਰਾਨ ਇਕ ਖ਼ਾਸ ਫ਼ਿਰਕੇ ਦੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਲਗਾਇਆ ਸੀ, ਜਿਸ ਕਾਰਨ ਦਿੱਲੀ ਛਾਉਣੀ ਇਲਾਕੇ ਵਿਚ ਪੰਜ ਵਿਅਕਤੀ ਮਾਰੇ ਗਏ। ਸੱਜਣ ਕੁਮਾਰ ਤੋਂ ਇਲਾਵਾ ਹੋਰਨਾਂ ਮੁਲਜ਼ਮਾਂ ਵਿਚ ਬਲਵਾਨ ਖੋਖਰ, ਕ੍ਰਿਸ਼ਨ ਖੋਖਰ, ਮਹਿੰਦਰ ਯਾਦਵ, ਕੈਪਟਨ ਭਾਗਮਲ ਅਤੇ ਗਿਰਧਾਰੀ ਲਾਲ ਮੁਕੱਦਮੇ ਦੇ ਮੁਲਜ਼ਮ ਹਨ। ਸੀ.ਬੀ.ਆਈ. ਨੇ ਸੱਜਣ ਕੁਮਾਰ ਅਤੇ ਹੋਰਨਾਂ ਵਿਰੁਧ 2005 ਵਿਚ ਦਰਜ ਕੀਤੇ ਕੇਸਾਂ ਦੇ ਅਧਾਰ ’ਤੇ ਇਸ ਸਾਲ 13 ਜਨਵਰੀ ਨੂੰ ਦੋ ਦੋਸ਼ ਪੱਤਰ ਦਾਇਰ ਕੀਤੇ ਸਨ। ਇਸੇ ਦੌਰਾਨ ਸਿੱਖ ਕਤਲੇਆਮ ਦੇ ਪੀੜਤਾਂ ਦੇ ਵਕੀਲ ਐਚ.ਐਸ. ਫੂਲਕਾ ਨੇ ਸੁਪਰੀਮ ਕੋਰਟ ਦੇ ਇਸ ਆਦੇਸ਼ ਨੂੰ ਮੰਦਭਾਗਾ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਇਸ ਨਾਲ ਪੀੜਤਾਂ ਦੇ ਮੁਕੱਦਮੇ ਉਪਰ ਲਾਜ਼ਮੀ ਤੌਰ ’ਤੇ ਅਸਰ ਪਵੇਗਾ।


Like it? Share with your friends!

0

ਸੁਪਰੀਮ ਕੋਰਟ ਨੇ ਸੱਜਣ ਕੁਮਾਰ ਵਿਰੁਧ ਸੁਣਵਾਈ ’ਤੇ ਰੋਕ ਲਗਾਈ