ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ


Govt frees petrol, diesel prices‎

ਆਪਣੀ ਵਿੱਤੀ ਸਥਿਤੀ ‘ਚ ਸੁਧਾਰ ਨੂੰ ਪਹਿਲ ਦੇਣ ਦੇ ਬਹਾਨੇ ਆਮ ਲੋਕਾਂ ਦੀ ਜੇਬ ਢਿੱਲੀ ਕਰਦਿਆਂ ਆਖ਼ਰਕਾਰ ਕੇਂਦਰ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀ ਕੀਮਤ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰਨ ਦਾ ਫੈਸਲਾ ਲੈ ਹੀ ਲਿਆ ਹੈ। ਇਸ ਸਬੰਧੀ ਕਿਰੀਤ ਪਾਰਿਖ਼ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰਦਿਆਂ ਸਰਕਾਰ ਨੇ ਪੈਟਰੋਲ ਨੂੰ ਪੂਰੀ ਤਰ੍ਹਾਂ ਤੇ ਡੀਜ਼ਲ ਨੂੰ ਵੀ ਕਰੀਬ-ਕਰੀਬ ਸਰਕਾਰੀ ਕੰਟਰੋਲ ਤੋਂ ਮੁਕਤ ਕਰ ਦਿੱਤਾ ਹੈ। ਇਨ੍ਹਾਂ ਵਸਤਾਂ ਨੂੰ ਕੰਟਰੋਲ ਮੁਕਤ ਕਰਨ ਤੋਂ ਇਲਾਵਾ ਪੈਟਰੋਲ ਦੀ ਕੀਮਤ ਵਿੱਚ ਕਰੀਬ 3.73, ਡੀਜ਼ਲ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਨਿਸ਼ਚਿਤ ਹੈ, ਜਦਕਿ ਮਿੱਟੀ ਦੇ ਤੇਲ (ਕੈਰੋਸੀਨ) ਦੀ ਕੀਮਤ ਨੂੰ ਸਰਕਾਰੀ ਕੰਟਰੋਲ ‘ਚ ਰੱਖਦਿਆਂ ਇਸ ਵਿੱਚ ਪ੍ਰਤੀ ਲੀਟਰ 3 ਰੁਪਏ ਦਾ ਵਾਧਾ ਕੀਤਾ ਗਿਆ ਹੈ।ਇਸ ਤੋਂ ਇਲਾਵਾ ਰਸੋਈ ਗੈਸ ਦੀ ਕੀਮਤ ‘ਚ 35 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਦੂਜੇ ਪਾਸੇ ਮਾਹਿਰਾਂ ਮੁਤਾਬਕ ਇਹ ਵਾਧਾ ਮੌਜੂਦਾ ਹਾਲਾਤ ਦੇ ਮੁਤਾਬਕ ਹੈ ਤੇ ਸਰਕਾਰੀ ਕੰਟਰੋਲ ਤੋਂ ਮੁਕਤ ਹੋਣ ਕਾਰਨ ਇਹ ਕੀਮਤਾਂ ਹੋਰ ਘੱਟ-ਵੱਧ ਹੋ ਸਕਦੀਆਂ ਹਨ।

ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੀ ਅਗਵਾਈ ਵਾਲੇ ਅਧਿਕਾਰ ਪ੍ਰਾਪਤ ਮੰਤਰੀਆਂ ਦੇ ਸਮੂਹ ਦੀ ਮੀਟਿੰਗ ਤੋਂ ਬਾਅਦ ਪੈਟਰੋਲੀਅਮ ਮੰਤਰੀ ਮੁਰਲੀ ਦਿਓੜਾ ਦੀ ਹਾਜ਼ਰੀ ਵਿੱਚ ਪੈਟਰੋਲੀਅਮ ਸਕੱਤਰ ਐਸ ਸੁਦਰਸ਼ਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਮੰਤਰੀ ਸਮੂਹ ਦੀ ਇਸ ਮੀਟਿੰਗ ਵਿੱਚ ਰੇਲ ਮੰਤਰੀ ਮਮਤਾ ਬੈਨਰਜੀ ਸ਼ਾਮਲ ਨਹੀਂ ਹੋਏ। ਸ੍ਰੀ ਸੁਦਰਸ਼ਨ ਨੇ ਮੀਟਿੰਗ ਵਿੱਚ ਲਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱØਸਿਆ ਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਨੂੰ ਵੇਖਦਿਆਂ ਇਹ ਵਾਧਾ ਕੀਤਾ ਗਿਆ ਹੈ। ਸ੍ਰੀ ਸੁਦਰਸ਼ਨ ਨੇ ਕਿਹਾ ਕਿ ਇਸ ਫੈਸਲੇ ਨਾਲ ਸਰਕਾਰ ਉੱਪਰ ਪੈਟਰੋਲੀਅਮ ਪਦਾਰਥਾਂ ‘ਤੇ ਦਿੱਤੀ ਜਾਣ ਵਾਲੀ ਭਾਰੀ ਸਬਸਿਡੀ ਦਾ ਬੋਝ ਘੱਟ ਹੋਵੇਗਾ। ਇਸ ਤੋਂ ਇਲਾਵਾ ਤੇਲ ਦੀ ਮਾਰਕੀਟਿੰਗ ਕਰਨ ਵਾਲੀਆਂ ਕੰਪਨੀਆਂ ਜੋ ਵੱਧ ਕੀਮਤ ‘ਤੇ ਪੈਟਰੋਲ ਖਰੀਦ ਰਹੀਆਂ ਹਨ, ਨੂੰ ਵੀ ਲਾਭ ਹੋਵੇਗਾ।

ਸ੍ਰੀ ਸੁਦਰਸ਼ਨ ਨੇ ਕਿਹਾ ਕਿ ਸਰਕਾਰ ਅਜੇ ਰਸੋਈ ਗੈਸ ਤੇ ਮਿੱਟੀ ਦੇ ਤੇਲ (ਕੈਰੋਸੀਨ) ‘ਤੇ ਸਬਸਿਡੀ ਦੇਣਾ ਜਾਰੀ ਰੱਖੇਗੀ। ਦੂਜੇ ਪਾਸੇ ਸਰਕਾਰ ਦੇ ਇਸ ਫੈਸਲੇ ਨਾਲ ਮਹਿੰਗਾਈ ਦਰ ਹੋਰ ਵੱਧ ਸਕਦੀ ਹੈ। ਦੱਸਣਾ ਬਣਦਾ ਹੈ ਕਿ ਇਸ ਸਮੇਂ ਖ਼ੁਰਾਕੀ ਵਸਤਾਂ ਦੀ ਮਹਿੰਗਾਈ ਦਰ ਕਰੀਬ 17 ਫੀਸਦੀ ਹੈ, ਜਦਕਿ ਆਮ ਮਹਿੰਗਾਈ ਦਰ ਵੀ 2 ਅੰਕੜਿਆਂ ਦੇ ਕਰੀਬ ਹੈ। ਕੇਂਦਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੌਮਾਂਤਰੀ ਲਾਗਤ ਤੋਂ ਘੱਟ ਕੀਮਤ ‘ਤੇ ਪੈਟਰੋਲੀਅਮ ਪਦਾਰਥਾਂ ਦੀ ਵਿਕਰੀ ਨਾਲ ਸਰਕਾਰੀ ਕੰਪਨੀਆਂ ਨੂੰ ਰੋਜ਼ਾਨਾ 215 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪੈਟਰੋਲ ਦੀ ਮੌਜੂਦਾ ਕੀਮਤ ‘ਤੇ ਕੰਪਨੀਆਂ 3.73 ਰੁਪਏ, ਡੀਜ਼ਲ ‘ਤੇ 3.80 ਤੇ ਰਸੋਈ ਗੈਸ ‘ਤੇ 261.90 ਰੁਪਏ ਦਾ ਨੁਕਸਾਨ ਸਹਿ ਰਹੀਆਂ ਹਨ। ਜਦਕਿ ਪ੍ਰਤੀ ਲੀਟਰ ਮਿੱਟੀ ਦੇ ਤੇਲ ਤੋਂ ਵੀ 18.82 ਰੁਪਏ ਘੱਟ ਪ੍ਰਾਪਤ ਹੋ ਰਹੇ ਹਨ।


Like it? Share with your friends!

0

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ