ਦਹਿਸ਼ਤਵਾਦ ਖ਼ਿਲਾਫ਼ ਇਕਜੁੱਟ ਹੋਣ ਸਾਰਕ ਦੇਸ਼ : ਚਿਦੰਬਰਮ


ਦੱਖਣੀ ਏਸ਼ੀਆਈ ਖੇਤਰ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਅਜਿਹੇ ‘ਚ ਵਧੇਰੇ ਸੁਰੱਖਿਅਤ ਮਾਹੌਲ ਤਿਆਰ ਕਰਨ ਲਈ ਸਾਰਕ ਦੇਸ਼ਾਂ ਨੂੰ ਦਹਿਸ਼ਤਗਰਦਾਂ ਤੇ ਉਨ੍ਹਾਂ ਦੀਆਂ ਯੋਜਨਾਬੱਧ ਸਾਜ਼ਿਸ਼ਾਂ ਬਾਰੇ ਇਕ-ਦੂਜੇ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣੀ ਚਾਹੀਦੀ ਹੈ। ਇਹ ਅਹਿਮ ਸੰਦੇਸ਼ ਭਾਰਤ ਦੇ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਸਾਰਕ ਦੇਸ਼ਾਂ ਤੇ ਗ੍ਰਹਿ ਮੰਤਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਿੱਤਾ। ਸ੍ਰੀ ਚਿਦੰਬਰਮ ਨੇ ਕਿਹਾ ਕਿ ਦੱਖਣੀ ਏਸ਼ੀਆਈ ਦੇਸ਼ਾਂ ‘ਚ ਵਧਦਾ ਦਹਿਸ਼ਤਵਾਦ ਦਾ ਖ਼ਤਰਾ ਜਿੱਥੇ ਸ਼ਾਂਤੀ ਤੇ ਸੁਰੱਖਿਆ ਲਈ ਬਹੁਤ ਵੱਡੀ ਚੁਣੌਤੀ ਬਣ ਰਿਹਾ ਹੈ, ਉਥੇ ਸਾਡੇ ਖੇਤਰ ਦੇ ਆਰਥਿਕ ਵਿਕਾਸ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਤੁਸੀਂ ਸਭ ਇਸ ਗੱਲ ਨਾਲ ਬਿਲਕੁੱਲ ਸਹਿਮਤ ਹੋ ਸਕਦੇ ਹੋ ਕਿ ਦੱਖਣੀ ਏਸ਼ੀਆਈ ਦੇਸ਼ ਗੰਭੀਰ ਸੁਰੱਖਿਆ ਸਥਿਤੀ ਨਾਲ ਜੂਝ ਰਹੇ ਹਨ। ਅਜਿਹੇ ‘ਚ ਸਮੂਹ ਦੇਸ਼ਾਂ ਦਰਮਿਆਨ ਪੂਰਨ ਸਹਿਯੋਗ ਨਾਲ ਹੀ ਅਸੀਂ ਇਸ ਦਹਿਸ਼ਤਗਰਦ ਰੂਪੀ ਦੈਂਤ ਤੋਂ ਛੁਟਕਾਰਾ ਪਾ ਸਕਦੇ ਹਾਂ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਗੱਲ ਵਿਚਾਰਨੀ ਬੇਹੱਦ ਅਹਿਮ ਹੈ ਕਿ ਮੌਜੂਦਾ ਸਮਝੌਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਕਿਸ ਹੱਦ ਤੱਕ ਹੱਲ ਕਰਨ ‘ਚ ਕਾਮਯਾਬ ਹੋਣਗੇ। ਸ੍ਰੀ ਚਿਦੰਬਰਮ ਨੇ ਕਿਹਾ ਕਿ ਸਾਡੇ ਕੋਲ ਜੋ ਵੀ ਯੰਤਰ ਜਾਂ ਸਾਧਨ ਹਨ, ਉਨ੍ਹਾਂ ਦੀ ਦਹਿਸ਼ਤਵਾਦ ਖ਼ਿਲਾਫ਼ ਲੜਾਈ ‘ਚ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਸੰਮੇਲਨ ਦੌਰਾਨ ਸ੍ਰੀ ਚਿਦੰਬਰਮ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਰਹਿਮਾਨ ਮਲਿਕ ਦੀ ਇਸ ਗੱਲੋਂ ਵੀ ਸਰਾਹਨਾ ਕੀਤੀ ਕਿ ਉਨ੍ਹਾਂ ਆਪਣੇ ਭਾਸ਼ਨ ‘ਚ ਦਹਿਸ਼ਤਵਾਦ ਦੇ ਖ਼ਤਰੇ ਤੇ ਖ਼ਾਸ ਕਰਕੇ ਨਿਊਯਾਰਕ ਦੇ 9/11 ਤੇ ਮੁੰਬਈ ਦੇ 26/11 ਦੇ ਹਮਲੇ ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ।

ਸ੍ਰੀ ਚਿਦੰਬਰਮ ਨੇ ਕਿਹਾ ਕਿ ਸਾਰਕ ਦੇਸ਼ਾਂ ਦੇ ਗ੍ਰਹਿ ਮੰਤਰੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਨ੍ਹਾਂ ਦੇਸ਼ਾਂ ਅੰਦਰ ਦਹਿਸ਼ਤਵਾਦ, ਹਥਿਆਰਾਂ ਦੀ ਤਸਕਰੀ, ਜਾਅਲੀ ਨੋਟ, ਮਨੁੱਖੀ ਤਸਕਰੀ ਆਦਿ ਸਮੱਸਿਆਵਾਂ ਗੰਭੀਰ ਰੂਪ ਨਾ ਧਾਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਸਾਨੂੰ ਆਪਸ ‘ਚ ਪੂਰਾ ਰਾਬਤਾ ਰੱਖਣਾ ਹੋਵੇਗਾ। ਉਨ੍ਹਾਂ ਸੰਮੇਲਨ ‘ਚ ਮੌਜੂਦ ਸਮੂਹ ਗ੍ਰਹਿ ਮੰਤਰੀਆਂ ਨੂੰ ਅਗਸਤ 2008 ਦੇ ਸਾਰਕ ਸੰਮੇਲਨ ਦੌਰਾਨ ਅਪਰਾਧਿਕ ਮਾਮਲਿਆਂ ‘ਚ ਸਹਿਯੋਗ ਸਬੰਧੀ ਹੋਏ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਮੈਂਬਰ ਦੇਸ਼ਾਂ ਦਰਮਿਆਨ ਅਪਰਾਧਿਕ ਤੇ ਦਹਿਸ਼ਤਗਰਦ ਸਰਗਰਮੀਆਂ ਬਾਰੇ ‘ਚ ਸੂਚਨਾਵਾਂ ਵੰਡਣ ਤੇ ਉਨ੍ਹਾਂ ਦੇ ਧਨ ਨੂੰ ਜ਼ਬਤ ਕਰਨ ਬਾਰੇ ਇਕ ਰਾਏ ਬਣੇਗੀ।

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਨ੍ਹਾਂ ਸਮਝੌਤਿਆਂ ਨੂੰ ਲਾਗੂ ਕਰਨ ‘ਚ ਇਕਜੁੱਟ ਹੋ ਜਾਂਦੇ ਹਾਂ ਤਾਂ ਇਸ ਨਾਲ ਦਹਿਸ਼ਤਗਰਦਾਂ ਦੇ ਹੌਸਲੇ ਵੀ ਕਮਜ਼ੋਰ ਪੈ ਜਾਣਗੇ। ਮੀਟਿੰਗ ‘ਚ ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਸ੍ਰੀਲੰਕਾ, ਨੇਪਾਲ, ਬੰਗਲਾਦੇਸ਼, ਭੂਟਾਨ, ਅਫਗਾਨਿਸਤਾਨ ਤੇ ਮਾਲਦੀਵ ਦੇ ਗ੍ਰਹਿ ਮੰਤਰੀ ਹਿੱਸਾ ਲੈ ਰਹੇ ਹਨ।


Like it? Share with your friends!

0

ਦਹਿਸ਼ਤਵਾਦ ਖ਼ਿਲਾਫ਼ ਇਕਜੁੱਟ ਹੋਣ ਸਾਰਕ ਦੇਸ਼ : ਚਿਦੰਬਰਮ